ਕੋਰਟ ਮੈਰਿਜ ਤੋਂ ਨਾਰਾਜ਼ ਕੁੜੀ ਨੂੰ ਘਰੋਂ ਚੁੱਕ ਕੇ ਲੈ ਗਿਆ ਪਰਿਵਾਰ, ਮੁੰਡੇ ਦੀ ਮਾਂ ਵੀ ਨਾ ਬਖਸ਼ਿਆ

Tuesday, Aug 22, 2017 - 06:31 PM (IST)

ਜਲਾਲਾਬਾਦ (ਸੇਤੀਆ) : ਸਥਾਨਕ ਮੁਹੱਲਾ ਰਠੋੜਾਂ ਵਾਲਾ 'ਚ ਕਰੀਬ ਦੋ ਮਹੀਨੇ ਪਹਿਲਾਂ ਪਰਿਵਾਰ ਦੀ ਮਰਜ਼ੀ ਤੋਂ ਬਿਨਾਂ ਵਿਆਹ ਕਰਵਾਉਣ ਵਾਲੀ ਲੜਕੀ ਨੂੰ ਜ਼ਬਰਨ ਉਸਦੇ ਪਤੀ ਦੇ ਘਰੋਂ ਲੈ ਕੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਸੰਬੰਧੀ ਨਿਰੰਜਨ ਸਿੰਘ ਪੁੱਤਰ ਹਰਬੰਸ ਸਿੰਘ ਵਾਸੀ ਮੁਹੱਲਾ ਰਾਜਪੂਤਾ ਨੇ ਥਾਣਾ ਸਿਟੀ 'ਚ ਸ਼ਿਕਾਇਤ ਦੇ ਕੇ ਦਲੀਪ ਸਿੰਘ ਪੁੱਤਰ ਜਗਤਾਰ ਸਿੰਘ, ਜਗਤਾਰ ਸਿੰਘ ਪੁੱਤਰ ਸ਼ੇਰ ਸਿੰਘ, ਗੁਰਮੁੱਖ ਸਿੰਘ, ਰਣਜੀਤ ਸਿੰਘ ਪੁੱਤਰ ਦਲੀਪ ਸਿੰਘ, ਸੰਤੋ ਬਾਈ ਪਤਨੀ ਦਲੀਪ ਸਿੰਘ, ਪਰਮਜੀਤ ਕੌਰ ਪਤਨੀ ਗੁਰਮੁੱਖ ਸਿੰਘ, ਰੇਸ਼ਮ ਸਿੰਘ ਪੁੱਤਰ ਸੁੱਚਾ ਸਿੰਘ, ਬਲਵਿੰਦਰ ਸਿੰਘ ਪੁੱਤਰ ਮਿਲਖਾ ਸਿੰਘ ਅਤੇ ਹੋਰ ਅਣਪਛਾਤਿਆਂ ਖਿਲਾਫ ਕਾਰਵਾਈ ਦੀ ਮੰਗ ਕੀਤੀ ਹੈ।
ਆਪਣੇ ਸ਼ਿਕਾਇਤ ਪੱਤਰ ਵਿਚ ਨਿਰੰਜਨ ਸਿੰਘ ਨੇ ਦੱਸਿਆ ਕਿ ਉਸਦੀ ਸ਼ਾਦੀ ਕਰੀਬ 2 ਮਹੀਨੇ ਪਹਿਲਾਂ ਮਾਨਯੋਗ ਅਦਾਲਤ ਰਾਹੀਂ ਹੋਈ ਸੀ ਅਤੇ ਉਹ ਮੁਹੱਲਾ ਰਾਜਪੂਤਾ 'ਚ ਆਪਣੀ ਪਤਨੀ ਨਾਲ ਰਹਿ ਰਿਹਾ ਸੀ ਅਤੇ ਉਸਦਾ ਬਾਕੀ ਪਰਿਵਾਰ ਪੁੰਨਾ ਵਾਲਾ 'ਚ ਰਹਿ ਰਿਹਾ ਹੈ। ਉਸਨੇ ਦੱਸਿਆ ਕਿ ਬੀਤੀ 2 ਮਈ ਨੂੰ ਸੁਨੀਤਾ ਰਾਣੀ ਨੇ ਵੀ ਮਾਨਯੋਗ ਲੋਕਲ ਅਦਾਲਤ ਵਿਚ ਸ਼ਿਕਾਇਤ ਦਿੱਤੀ ਸੀ ਕਿ ਉਸਨੂੰ ਪਰਿਵਾਰਕ ਮੈਂਬਰਾਂ ਵਲੋਂ ਤੰਗ ਕੀਤਾ ਜਾ ਰਿਹਾ ਹੈ ਅਤੇ ਇਸ ਤੋਂ ਬਾਅਦ ਉਨ੍ਹਾਂ ਨੇ ਦਿੱਲੀ ਵਿਚ 8 ਮਈ 2017 ਨੂੰ ਵਿਆਹ ਕਰਵਾ ਲਿਆ ਅਤੇ ਵਿਆਹ ਤੋਂ ਬਾਅਦ ਉਹ ਇਥੇ ਰਠੋੜਾਂ ਵਾਲਾ ਮੁਹੱਲਾ ਵਿਖੇ ਰਹਿ ਰਹੇ ਸਨ।
ਨਿਰੰਜਣ ਸਿੰਘ ਨੇ ਦੱਸਿਆ ਕਿ ਉਹ ਆਪਣੇ ਕੰਮ 'ਤੇ ਗਿਆ ਹੋਇਆ ਤਾਂ ਉਸਦੇ ਪਿੱਛੋਂ ਉਪਰੋਕਤ ਦੋਸ਼ੀ ਮੇਰੇ ਘਰ ਆਏ ਅਤੇ ਮੇਰੀ ਪਤਨੀ ਨੂੰ ਮਾਰਕੁੱਟ ਕੇ ਲੈ ਗਏ। ਉਸ ਨੇ ਦੱਸਿਆ ਕਿ ਮੇਰੀ ਮਾਤਾ ਜੋਗਿਦੰਰ ਕੌਰ ਮੈਨੂੰ ਮਿਲਣ ਲਈ ਆ ਰਹੀ ਸੀ ਤਾਂ ਰਸਤੇ ਵਿਚ ਪਿੰਡ ਬਾਹਮਣੀ ਵਾਲਾ ਦੇ ਨਜ਼ਦੀਕ ਦੋਸ਼ੀਆਂ ਨੇ ਉਸ ਦੀ ਕੁੱਟਮਾਰ ਕੀਤੀ ਅਤੇ ਉਸ ਪਾਸੋਂ ਮੋਬਾਇਲ ਅਤੇ ਪੈਸਿਆਂ ਵਾਲਾ ਪਰਸ ਵੀ ਖੋਹ ਲਿਆ। ਇਸ ਸੰਬੰਧੀ ਜਾਂਚ ਅਧਿਕਾਰੀ ਸਬ ਇੰਸਪੈਕਟਰ ਪਰਮਿਲਾ ਨਾਲ ਗੱਲਬਾਤ ਕੀਤੀ ਗਈ ਤਾਂ ਉਸਨੇ ਦੱਸਿਆ ਕਿ ਨਿਰੰਜਨ ਸਿੰਘ ਵਲੋਂ ਸ਼ਿਕਾਇਤ ਦਿੱਤੀ ਗਈ ਹੈ ਕਿ ਉਸਦੀ ਪਤਨੀ ਨੂੰ ਜ਼ਬਰਨ ਲੈ ਕੇ ਚਲੇ ਗਏ ਹਨ ਅਤੇ ਇਸ ਸੰਬੰਧੀ ਜੋ ਵੀ ਦੋਸ਼ੀ ਪਾਏ ਜਾਣਗੇ ਉਨ੍ਹਾਂ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ।


Related News