ਫਾਜ਼ਿਲਕਾ ਸਿਵਲ ਹਸਪਤਾਲ ਦੇ ਅਕਾਊਂਟੈਂਟ ਨੂੰ ਅਦਾਲਤ ਨੇ ਦਿੱਤੀ ਸਖ਼ਤ ਸਜ਼ਾ, ਪੜ੍ਹੋ ਕੀ ਹੈ ਪੂਰਾ ਮਾਮਲਾ

Saturday, Feb 15, 2025 - 10:30 AM (IST)

ਫਾਜ਼ਿਲਕਾ ਸਿਵਲ ਹਸਪਤਾਲ ਦੇ ਅਕਾਊਂਟੈਂਟ ਨੂੰ ਅਦਾਲਤ ਨੇ ਦਿੱਤੀ ਸਖ਼ਤ ਸਜ਼ਾ, ਪੜ੍ਹੋ ਕੀ ਹੈ ਪੂਰਾ ਮਾਮਲਾ

ਫਾਜ਼ਿਲਕਾ (ਨਾਗਪਾਲ, ਕੇ. ਸਿੰਘ) : ਸਿਵਲ ਹਸਪਤਾਲ ਫਾਜ਼ਿਲਕਾ ਦੇ ਲੇਖਾਕਾਰ (ਅਕਾਊਂਟੈਂਟ) ਨੂੰ ਕਰੀਬ 3 ਸਾਲ ਪੁਰਾਣੇ ਰਿਸ਼ਵਤਖੋਰੀ ਦੇ ਮਾਮਲੇ ’ਚ ਮੁਲਜ਼ਮ ਠਹਿਰਾਇਆ ਗਿਆ ਹੈ। ਐਡੀਸ਼ਨਲ ਸੈਸ਼ਨ ਜੱਜ ਫਾਜ਼ਿਲਕਾ ਅਜੀਤ ਪਾਲ ਸਿੰਘ ਦੀ ਅਦਾਲਤ ਨੇ ਉਸ ਨੂੰ 5 ਸਾਲ ਦੀ ਕੈਦ ਅਤੇ 25,000 ਰੁਪਏ ਜੁਰਮਾਨੇ ਦੀ ਸਜ਼ਾ ਸੁਣਾਈ ਹੈ। ਦੱਸਣਯੋਗ ਹੈ ਕਿ ਸਿਵਲ ਹਸਪਤਾਲ ਫਾਜ਼ਿਲਕਾ ਦੇ ਸਾਬਕਾ ਲੇਖਾਕਾਰ ਧਰਮਵੀਰ ਖ਼ਿਲਾਫ਼ 29 ਅਪ੍ਰੈਲ 2022 ਨੂੰ ਪੁਲਸ ਥਾਣਾ ਵਿਜੀਲੈਂਸ ਬਿਊਰੋ, ਫਿਰੋਜ਼ਪੁਰ ਵਿਖੇ ਮਾਮਲਾ ਦਰਜ ਕੀਤਾ ਗਿਆ ਸੀ।

ਇਹ ਵੀ ਪੜ੍ਹੋ : ਪੰਜਾਬ ਦੇ ਵੱਡੇ ਅਫ਼ਸਰਾਂ ਲਈ ਖ਼ਤਰੇ ਦੀ ਘੰਟੀ! ਟਰਾਂਸਫਰ ਨੂੰ ਲੈ ਕੇ ਆ ਰਹੀ ਵੱਡੀ ਖ਼ਬਰ

ਦਰਜ ਕੀਤੇ ਗਏ ਮਾਮਲੇ ਦੇ ਅਨੁਸਾਰ ਸ਼ਿਕਾਇਤਕਰਤਾ ਸਿਵਲ ਹਸਪਤਾਲ ਫਾਜ਼ਿਲਕਾ ’ਚ ਕੰਟੀਨ ਚਲਾਉਂਦਾ ਸੀ। ਸਰਕਾਰ ਦੇ ਨੈਸ਼ਨਲ ਹੈਲਥ ਮਿਸ਼ਨ ਤਹਿਤ ਸਿਵਲ ਹਸਪਤਾਲ ਫਾਜ਼ਿਲਕਾ ਵਿਖੇ ਜਣੇਪੇ ਲਈ ਆਉਣ ਵਾਲੀਆਂ ਗਰਭਵਤੀ ਔਰਤਾਂ ਨੂੰ ਮੁਫ਼ਤ ਖ਼ੁਰਾਕ ਦਿੱਤੀ ਜਾਂਦੀ ਹੈ। ਜਣਨੀ ਸੁਰੱਖਿਆ ਸੇਵਾ ਪ੍ਰੋਗਰਾਮ ਯੋਜਨਾ ਦੇ ਤਹਿਤ ਸ਼ਿਕਾਇਤਕਰਤਾ ਦੀ ਕੰਟੀਨ ਤੋਂ ਸਿਵਲ ਹਸਪਤਾਲ ਫਾਜ਼ਿਲਕਾ ਵਿਖੇ ਜਣੇਪੇ ਲਈ ਆਉਣ ਵਾਲੀਆਂ ਗਰਭਵਤੀ ਔੌਰਤਾਂ ਨੂੰ ਮੁਫ਼ਤ ਭੋਜਨ ਮੁਹੱਈਆ ਕਰਵਾਇਆ ਜਾਂਦਾ ਸੀ। ਮੁਲਜ਼ਮ ਲੇਖਾਕਾਰ ਨੇ ਸ਼ਿਕਾਇਤਕਰਤਾ ਕੰਟੀਨ ਸੰਚਾਲਕ ਤੋਂ ਖ਼ੁਰਾਕ ਨਾਲ ਸਬੰਧਿਤ ਬਿੱਲਾਂ ਨੂੰ ਮਨਜ਼ੂਰੀ ਦੇਣ ਲਈ ਰਿਸ਼ਵਤ ਦੀ ਮੰਗ ਕੀਤੀ।

ਇਹ ਵੀ ਪੜ੍ਹੋ : ਪੰਜਾਬ ਦੇ ਲੱਖਾਂ ਡਰਾਈਵਿੰਗ ਲਾਇਸੈਂਸ ਧਾਰਕਾਂ ਲਈ ਬੁਰੀ ਖ਼ਬਰ! ਘਰੋਂ ਨਿਕਲਣ ਤੋਂ ਡਰਨ ਲੱਗੇ

ਇਸ ’ਤੇ ਸ਼ਿਕਾਇਤਕਰਤਾ ਨੇ ਇਸ ਸਬੰਧੀ ਵਿਜੀਲੈਂਸ ਬਿਊਰੋ ਨਾਲ ਸੰਪਰਕ ਕੀਤਾ। ਇਸ ਤੋਂ ਬਾਅਦ ਵਿਜੀਲੈਂਸ ਨੇ ਦੋਸ਼ੀ ਲੇਖਾਕਾਰ ਨੂੰ ਫੜ੍ਹਨ ਦੀ ਯੋਜਨਾ ਬਣਾਈ ਅਤੇ ਉਸਨੂੰ ਰਿਸ਼ਵਤ ਲੈਂਦੇ ਹੋਏ ਰੰਗੇ ਹੱਥੀਂ ਫੜ੍ਹ ਲਿਆ ਗਿਆ। ਸਰਕਾਰੀ ਅਤੇ ਬਚਾਅ ਪੱਖ ਦੀਆਂ ਦਲੀਲਾਂ ਸੁਣਨ ਤੋਂ ਬਾਅਦ ਅਦਾਲਤ ਨੇ ਮੁਲਜ਼ਮ ਖ਼ਿਲਾਫ਼ ਦੋਸ਼ਾਂ ਨੂੰ ਸਹੀ ਪਾਇਆ ਅਤੇ ਉਸ ਨੂੰ ਮੁਲਜ਼ਮ ਠਹਿਰਾਉਂਦੇ ਹੋਏ 5 ਸਾਲ ਦੀ ਕੈਦ ਅਤੇ 25,000 ਰੁਪਏ ਜੁਰਮਾਨੇ ਦੀ ਸਜ਼ਾ ਸੁਣਾਈ। ਅਦਾਲਤ ਨੇ ਇਹ ਵੀ ਕਿਹਾ ਕਿ ਜੁਰਮਾਨਾ ਨਾ ਭਰਨ ਦੀ ਸੂਰਤ ’ਚ ਮੁਲਜ਼ਮ ਨੂੰ 6 ਮਹੀਨੇ ਦੀ ਵਾਧੂ ਕੈਦ ਕੱਟਣੀ ਪਵੇਗੀ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
For Android:-  https://play.google.com/store/apps/details?id=com.jagbani&hl=en 
For IOS:-  https://itunes.apple.com/in/app/id538323711?mt=8
 


author

Babita

Content Editor

Related News