ਬਜ਼ੁਰਗ ਔਰਤ ਨੇ ਨਹਿਰ ’ਚ ਛਾਲ ਮਾਰ ਕੀਤੀ ਖ਼ੁਦਕੁਸ਼ੀ
Sunday, Jul 27, 2025 - 03:41 PM (IST)

ਜ਼ੀਰਾ (ਰਾਜੇਸ਼ ਢੰਡ) : ਇੱਥੇ ਮੱਖੂ ਨੇੜੇ ਲਗਾਤਾਰ ਤੰਗ-ਪਰੇਸ਼ਾਨ ਕੀਤੇ ਜਾਣ ਤੋਂ ਬਾਅਦ ਇਕ ਬਜ਼ੁਰਗ ਔਰਤ ਨੇ ਹਰੀਕੇ ਹੈੱਡ ਸਥਿਤ ਰਾਜਸਥਾਨ ਫੀਡਰ ਨਹਿਰ 'ਚ ਛਾਲ ਮਾਰ ਕੇ ਆਪਣੀ ਜੀਵਨ ਲੀਲਾ ਖ਼ਤਮ ਕਰ ਲਈ। ਪੁਲਸ ਨੇ ਮ੍ਰਿਤਕ ਔਰਤ ਦੇ ਪਰਿਵਾਰਕ ਮੈਂਬਰਾਂ ਦੇ ਬਿਆਨਾਂ ’ਤੇ ਕਾਰਵਾਈ ਕਰਦਿਆਂ ਮ੍ਰਿਤਕ ਦੇ ਚਾਰ ਰਿਸ਼ੇਤਦਾਰ ਮੈਂਬਰਾਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ। ਮ੍ਰਿਤਕ ਔਰਤ ਦੀ ਪਛਾਣ ਬਲਵੀਰ ਕੌਰ ਪਤਨੀ ਨਰਿੰਦਰਪਾਲ ਸਿੰਘ ਵਾਸੀ ਭਾਈ ਲੱਧੂ ਵਜੋਂ ਹੋਈ ਹੈ। ਪੁਲਸ ਨੂੰ ਦਿੱਤੇ ਬਿਆਨਾਂ 'ਚ ਮ੍ਰਿਤਕਾ ਦੇ ਭਤੀਜੇ ਗੁਰਵੇਲ ਸਿੰਘ ਪੁੱਤਰ ਜੋਗਿੰਦਰ ਸਿੰਘ ਵਾਸੀ ਮੰਦਿਰ ਮਥਰਾ ਭਾਂਗੀ, ਤਹਿਸੀਲ ਪੱਟੀ, ਜ਼ਿਲ੍ਹਾ ਤਰਨਤਾਰਨ ਨੇ ਦੱਸਿਆ ਕਿ ਉਸਦੀ ਭੂਆ ਬਲਵੀਰ ਕੌਰ ਨੂੰ ਉਸਦੀਆਂ ਨੂੰਹਾਂ ਰਣਦੀਪ ਕੌਰ ਪਤਨੀ ਚੰਦਬੀਰ ਸਿੰਘ ਅਤੇ ਜਗਰੂਪ ਕੌਰ ਪਤਨੀ ਜੱਜਬੀਰ ਸਿੰਘ, ਦੋਵੇਂ ਵਾਸੀ ਭਾਈ ਲੱਧੂ ਅਤੇ 2 ਰਿਸ਼ਤੇਦਾਰ, ਸ਼ਿੰਦਾ ਸਿੰਘ ਪੁੱਤਰ ਸੂਰਤਾ ਸਿੰਘ ਵਾਸੀ ਰਣ ਸਿੰਘ ਪੰਡੋਰੀ ਤੇ ਗੋਲਡੀ ਪੁੱਤਰ ਸਰਦੂਲ ਸਿੰਘ ਵਾਸੀ ਨੇੜੇ ਪੁਲਸ ਸਟੇਸ਼ਨ ਖੇਮਕਰਨ ਜ਼ਿਲ੍ਹਾ ਤਰਨਤਾਰਨ ਲਗਾਤਾਰ ਤੰਗ-ਪਰੇਸ਼ਾਨ ਕਰਦੇ ਸਨ।
ਉਨ੍ਹਾਂ ਵੱਲੋਂ ਮਰ ਜਾਣ ਦੇ ਤਾਅਨੇ-ਮਿਹਣੇ ਮਾਰੇ ਜਾਂਦੇ ਸਨ, ਜਿਸ ਤੋਂ ਪਰੇਸ਼ਾਨ ਹੋ ਕੇ ਬਲਵੀਰ ਕੌਰ ਨੇ ਆਖ਼ਰਕਾਰ ਇਹ ਖ਼ੌਫ਼ਨਾਕ ਕਦਮ ਚੁੱਕਿਆ। ਗੁਰਵੇਲ ਸਿੰਘ ਅਨੁਸਾਰ ਇਹ ਘਟਨਾ 21 ਜੁਲਾਈ, 2025 ਨੂੰ ਵਾਪਰੀ ਜਦੋਂ ਬਲਵੀਰ ਕੌਰ ਨੇ ਹਰੀਕੇ ਹੈੱਡ ਰਾਜਸਥਾਨ ਫੀਡਰ ਨਹਿਰ ਵਿੱਚ ਛਾਲ ਮਾਰ ਦਿੱਤੀ। ਪੁਲਸ ਨੂੰ ਸੂਚਨਾ ਮਿਲਣ ’ਤੇ ਮੌਕੇ ’ਤੇ ਪਹੁੰਚੀ ਅਤੇ ਲਾਸ਼ ਨੂੰ ਬਰਾਮਦ ਕੀਤਾ ਗਿਆ। ਇਸ ਮਾਮਲੇ ਦੀ ਜਾਂਚ ਕਰ ਰਹੇ ਸਹਾਇਕ ਥਾਣੇਦਾਰ ਸੁਖਬੀਰ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸ਼ਿਕਾਇਤਕਰਤਾ ਗੁਰਵੇਲ ਸਿੰਘ ਦੇ ਬਿਆਨਾਂ ਦੇ ਆਧਾਰ ’ਤੇ ਉਕਤ ਚਾਰੇ ਦੋਸ਼ੀਅਨ ਖਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ। ਪੁਲਸ ਵੱਲੋਂ ਇਸ ਮਾਮਲੇ ਦੀ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ ਅਤੇ ਜਲਦ ਹੀ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰਕੇ ਅਦਾਲਤ ਵਿਚ ਪੇਸ਼ ਕੀਤਾ ਜਾਵੇਗਾ।