ਅਦਾਲਤ ਵੱਲੋਂ ਕਤਲ ਦੇ ਮਾਮਲੇ ’ਚ ਦੋਸ਼ੀਆਂ ਨੂੰ ਉਮਰਕੈਦ ਦੀ ਸਜ਼ਾ

Thursday, Jul 31, 2025 - 10:41 AM (IST)

ਅਦਾਲਤ ਵੱਲੋਂ ਕਤਲ ਦੇ ਮਾਮਲੇ ’ਚ ਦੋਸ਼ੀਆਂ ਨੂੰ ਉਮਰਕੈਦ ਦੀ ਸਜ਼ਾ

ਫਾਜ਼ਿਲਕਾ (ਨਾਗਪਾਲ) : ਵਧੀਕ ਜ਼ਿਲ੍ਹਾ ਅਤੇ ਸ਼ੈਸਨ ਜੱਜ ਅਜੀਤਪਾਲ ਸਿੰਘ ਦੀ ਅਦਾਲਤ ਨੇ ਇਕ ਕਤਲ ਦੇ ਮਾਮਲੇ ’ਚ ਦੋਸ਼ੀਆਂ ਨੂੰ ਉਮਰਕੈਦ ਦੀ ਸਜ਼ਾ ਸੁਣਾਈ ਹੈ। ਜਾਣਕਾਰੀ ਅਨੁਸਾਰ 17 ਅਪ੍ਰੈਲ 2022 ਦੀ ਇਕ ਘਟਨਾ ’ਚ ਪਰਮਜੀਤ ਸਿੰਘ ਨਾਂ ਦੇ ਵਿਅਕਤੀ ਦਾ ਤੇਜ਼ਧਾਰ ਹਥਿਆਰਾਂ ਨਾਲ ਕਤਲ ਕਰ ਦਿੱਤਾ ਸੀ ਅਤੇ ਹੋਰਾਂ ਨੂੰ ਸ਼ਿੰਦਾ ਸਿੰਘ, ਜਸਪ੍ਰੀਤ ਸਿੰਘ, ਜਸਵਿੰਦਰ ਸਿੰਘ ਅਤੇ ਸਰੋਜ ਰਾਣੀ ਨੂੰ ਵੀ ਜ਼ਖਮੀ ਕਰ ਦਿੱਤਾ ਸੀ। ਇਸ ਕੇਸ ’ਚ ਦੋਸ਼ੀ ਸੁਖਚੈਨ ਸਿੰਘ, ਬਲਜਿੰਦਰ ਸਿੰਘ, ਕਮਲਜੀਤ ਸਿੰਘ ਉਰਫ਼ ਕਮਲ, ਹੈਪੀ ਸਿੰਘ ਦੇ ਖ਼ਿਲਾਫ਼ ਪੁਲਸ ਨੇ 17 ਅਪ੍ਰੈਲ 2022 ਨੂੰ ਥਾਣਾ ਸਦਰ ਫਾਜ਼ਿਲਕਾ ਵਿਖੇ ਐੱਫ. ਆਈ. ਆਰ. ਦਰਜ ਕੀਤੀ ਸੀ।

ਇਸ ਦੀ ਕਾਰਵਾਈ ਅਮਲ ’ਚ ਲਿਆਉਂਦਿਆ ਵਧੀਕ ਜ਼ਿਲ੍ਹਾ ਸੈਸ਼ਨ ਜੱਜ ਅਜੀਤ ਪਾਲ ਸਿੰਘ ਦੀ ਅਦਾਲਤ ਨੇ ਵਿਅਕਤੀਆਂ ਨੂੰ ਦੋਸ਼ੀ ਠਹਿਰਾਉਂਦੇ ਹੋਏ ਉਮਰਕੈਦ ਦੀ ਸਜ਼ਾ ਦੇ ਨਾਲ-ਨਾਲ ਜੁਰਮਾਨਾ ਵੀ ਲਾਇਆ ਹੈ। ਤੱਥਾਂ ਅਨੁਸਾਰ ਸ਼ਿੰਦਾ ਸਿੰਘ ਵੱਲੋਂ ਇਕ ਚਿਕਨ ਸੈਂਟਰ ਚਲਾਇਆ ਜਾ ਰਿਹਾ ਸੀ, ਜਿੱਥੇ ਦੋਸ਼ੀ ਰਾਤ ਦੇ ਸਮੇਂ ਗਏ ਅਤੇ ਸ਼ਿੰਦਾ ਸਿੰਘ ਨੂੰ ਚਿਕਨ ਮੁਹੱਈਆ ਕਰਵਾਉਣ ਲਈ ਕਿਹਾ। ਸ਼ਿੰਦਾ ਸਿੰਘ ਇਸ ਸਮੇਂ ਚਿਕਨ ਸੈਂਟਰ ਬੰਦ ਕਰ ਰਿਹਾ ਸੀ।

ਇਸ ਲਈ ਉਸ ਨੇ ਦੋਸ਼ੀਆਂ ਨੂੰ ਚਿਕਨ ਅਤੇ ਅੰਡੇ ਆਦਿ ਸਪਲਾਈ ਕਰਨ ਤੋਂ ਇਨਕਾਰ ਕਰ ਦਿੱਤਾ। ਦੋਸ਼ੀਆਂ ਨੇ ਗੁੱਸੇ ’ਚ ਆ ਕੇ ਸ਼ਿੰਦਾ ਸਿੰਘ, ਪਰਮਜੀਤ ਸਿੰਘ, ਜਸਪ੍ਰੀਤ ਸਿੰਘ, ਜਸਵਿੰਦਰ ਸਿੰਘ ਅਤੇ ਸਰੋਜ ਰਾਣੀ ’ਤੇ ਹਮਲਾ ਕਰ ਦਿੱਤਾ। ਜਿਸ ਤੋਂ ਬਾਅਦ ਪਰਮਜੀਤ ਸਿੰਘ ਗੰਭੀਰ ਰੂਪ ’ਚ ਜ਼ਖਮੀ ਹੋ ਗਿਆ ਅਤੇ ਉਸ ਨੂੰ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ (ਹਸਪਤਾਲ) ਫਰੀਦਕੋਟ ਰੈਫ਼ਰ ਕਰ ਦਿੱਤਾ ਗਿਆ, ਜਿੱਥੇ ਉਸ ਦੀ ਮੌਤ ਹੋ ਗਈ ਸੀ।
 


author

Babita

Content Editor

Related News