ਕੌਂਸਲਰ ਤੇ ਨਿਗਮ ਵਿਰੁੱਧ ਨਾਅਰੇਬਾਜ਼ੀ
Sunday, Jul 29, 2018 - 05:52 AM (IST)
ਅੰਮ੍ਰਿਤਸਰ, (ਅਗਨੀਹੋਤਰੀ)- ਵਾਰਡ-85 ਅਧੀਨ ਆਉਂਦੇ ਬਾਈਪਾਸ ਰੋਡ ਸਥਿਤ ਖੇਤਰ ਪਿੰਡ ਕਾਲੇ ਛੇਹਰਟਾ ਨੇਡ਼ੇ ਡੇਰਾ ਬਾਬਾ ਦਰਸ਼ਨ ਸਿੰਘ ਕੁੱਲੀ ਵਾਲੇ ਵਿਖੇ ਬਾਬਾ ਫਰੀਦ ਨਗਰ ਦੇ ਜਥੇ. ਬਲਵਿੰਦਰ ਸਿੰਘ ਫੌਜੀ ਦੀ ਅਗਵਾਈ ’ਚ ਇਲਾਕਾ ਨਿਵਾਸੀਆਂ ਨੇ ਅੱਜ ਵਾਰਡ ਕੌਂਸਲਰ ਤੇ ਕਾਰਪੋਰੇਸ਼ਨ ਖਿਲਾਫ ਨਾਅਰੇਬਾਜ਼ੀ ਕੀਤੀ। ਇਲਾਕਾ ਨਿਵਾਸੀਆਂ ਨੇ ਨਾਅਰੇਬਾਜ਼ੀ ਕਰਦਿਆਂ ਕਿਹਾ ਕਿ ਪਿਛਲੇ 15 ਸਾਲ ਤੋਂ ਵੱਧ ਦੇ ਸਮੇਂ ਦੌਰਾਨ ਮੇਅਰ ਸੁਨੀਲ ਦੱਤੀ ਦੇ ਕਾਰਜਕਾਲ ’ਚ ਉਕਤ ਇਲਾਕੇ ਦੀਆਂ ਗਲੀਆਂ ’ਚ ਕਾਰਪੋਰੇਸ਼ਨ ਵੱਲੋਂ ਸੀਵਰੇਜ ਪਾਏ ਗਏ ਤੇ ਇੱਟਾਂ ਦੀਆਂ ਗਲੀਆਂ ਬਣਾਈਆਂ ਗਈਆਂ ਸਨ। ਉਨ੍ਹਾਂ ਕਿਹਾ ਕਿ ਪਿਛਲੇ 10 ਸਾਲਾਂ ਤੋਂ ਪੰਜਾਬ ’ਚ ਅਕਾਲੀ-ਭਾਜਪਾ ਗਠਜੋਡ਼ ਸਰਕਾਰ ਸੱਤਾ ’ਚ ਰਹੀ, ਇਸੇ ਦੇ ਬਾਵਜੂਦ ਉਕਤ ਇਲਾਕੇ ਦੇ ਕੌਂਸਲਰਾਂ ਵੱਲੋਂ ਭੇਦਭਾਵ ਦੀ ਨੀਤੀ ਨਾਲ ਵਿਕਾਸ ਕਾਰਜ ਕਰਵਾਏ ਗਏ ਹਨ।
ਬਲਵਿੰਦਰ ਫੌਜੀ ਨੇ ਦੱਸਿਆ ਕਿ ਆਰ. ਟੀ. ਆਈ. ਐਕਟ 2005 ਤਹਿਤ ਮਿਲੀ ਜਾਣਕਾਰੀ ਅਨੁਸਾਰ ਖੁਲਾਸਾ ਹੋਇਆ ਕਿ ਅਕਾਲੀ-ਭਾਜਪਾ ਗਠਜੋਡ਼ ਸਰਕਾਰ ਦੇ ਕਾਰਜਕਾਲ ’ਚ ਉਪਰੋਕਤ ਗਲੀਆਂ ਨੂੰ ਬਣਾਉਣ ਲਈ ਟੈਂਡਰ ਪਾਸ ਹੋਏ ਸਨ ਤੇ ਇਨ੍ਹਾਂ ਗਲੀਆਂ ਨੂੰ ਨਜ਼ਰ-ਅੰਦਾਜ਼ ਕਰ ਕੇ ਕੌਂਸਲਰਾਂ ਅਤੇ ਨਿਗਮ ਅਧਿਕਾਰੀਆਂ ਦੀ ਮਿਲੀਭੁਗਤ ਨਾਲ ਆਪਣੇ ਚਹੇਤਿਆਂ ਨੂੰ ਖੁਸ਼ ਕਰਨ ਲਈ ਜਿਸ ’ਚ ਥਾਂ-ਥਾਂ ’ਤੇ ਟੋਏ ਪਏ ਹੋਏ ਹਨ, ਨੂੰ ਛੱਡ ਹੋਰਨਾਂ ਗਲੀਆਂ ਨੂੰ ਬਣਾ ਦਿੱਤਾ ਗਿਆ ਹੈ। ਇਲਾਕਾ ਨਿਵਾਸੀਆਂ ਨੇ ਨਿਗਮ ਵਿਭਾਗ ਅਤੇ ਹਲਕਾ ਵਿਧਾਇਕ ਨੂੰ ਅਪੀਲ ਕੀਤੀ ਕਿ ਥਾਂ-ਥਾਂ ਤੋਂ ਟੁੱਟੀਆਂ ਉਕਤ ਗਲੀਆਂ ਨੂੰ ਬਣਾ ਕੇ ਲੋਕਾਂ ਨੂੰ ਸਮੱਸਿਆਵਾਂ ਤੋਂ ਨਿਜਾਤ ਦਿਵਾਈ ਜਾਵੇ। ਅਖੀਰ ’ਚ ਉਨ੍ਹਾਂ ਪ੍ਰਸ਼ਾਸਨ ਨੂੰ ਚਿਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਉਕਤ ਗਲੀਆਂ ਨੂੰ 10 ਦਿਨਾਂ ਤੱਕ ਬਣਾਉਣ ਦੀ ਸ਼ੁਰੂਆਤ ਨਾ ਕੀਤੀ ਗਈ ਤਾਂ ਉਹ ਸਮੂਹ ਇਲਾਕੇ ਦੇ ਲੋਕਾਂ ਨੂੰ ਨਾਲ ਲੈ ਕੇ ਜੀ. ਟੀ. ਰੋਡ ਛੇਹਰਟਾ-ਅੰਮ੍ਰਿਤਸਰ ’ਤੇ ਧਰਨਾ ਦੇਣਗੇ, ਜਿਸ ਦੀ ਸਾਰੀ ਜ਼ਿੰਮੇਵਾਰੀ ਜ਼ਿਲਾ ਪ੍ਰਸ਼ਾਸਨ ਦੀ ਹੋਵੇਗੀ।
ਇਸ ਮੌਕੇ ਕਸ਼ਮੀਰ ਸਿੰਘ, ਦਲਬੀਰ ਕੌਰ, ਮਨਜੀਤ ਕੌਰ, ਕਮਲੇਸ਼ ਰਾਣੀ, ਹਰਵੰਤ, ਵਿਕਾਸ ਹੈਪੀ, ਬਲਵਿੰਦਰ ਸਿੰਘ, ਜੋਗਿੰਦਰ ਸਿੰਘ ਕੈਪਟਨ, ਜਸਪਾਲ ਸਿੰਘ, ਵਿਸ਼ਾਲ ਮਨੂ, ਪਵਨ ਕੁਮਾਰੀ, ਪੰਮੀ, ਸੋਮਾ, ਮਨਦੀਪ ਸਿੰਘ ਆਦਿ ਹਾਜ਼ਰ ਸਨ।
