ਸੂਬੇ ਅੰਦਰ ਕਿਸੇ ਵੀ ਖੇਤਰ ’ਚ ਭ੍ਰਿਸ਼ਟਾਚਾਰ ਬਿਲਕੁਲ ਵੀ ਨਹੀਂ ਕਰਾਂਗੇ ਬਰਦਾਸ਼ਤ : ਹਰਪਾਲ ਚੀਮਾ

03/24/2022 7:49:47 PM

ਦਿੜ੍ਹਬਾ ਮੰਡੀ (ਅਜੈ, ਸਿੰਗਲਾ)-ਪੰਜਾਬ ਦੇ ਖਜ਼ਾਨਾ ਮੰਤਰੀ ਐਡਵੋਕੇਟ ਹਰਪਾਲ ਸਿੰਘ ਚੀਮਾ ਨੇ ਅੱਜ ਦਿੜ੍ਹਬਾ ਵਿਖੇ ਭਰਵੇਂ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਸੂਬਾ ਸਰਕਾਰ ਪੂਰੀ ਈਮਾਨਦਾਰੀ ਤੇ ਤਨਦੇਹੀ ਨਾਲ ਸੂਬੇ ਦਾ ਵਿਕਾਸ ਕਰਵਾਉਣ ਲਈ ਵਚਨਬੱਧ ਹੈ ਅਤੇ ਕਿਸੇ ਵੀ ਖੇਤਰ ’ਚ ਭ੍ਰਿਸ਼ਟਾਚਾਰ ਬਿਲਕੁਲ ਵੀ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਕੈਬਨਿਟ ਮੰਤਰੀ ਵਜੋਂ ਅਹੁਦਾ ਸੰਭਾਲਣ ਮਗਰੋਂ ਅੱਜ ਪਹਿਲੀ ਵਾਰ ਆਪਣੇ ਵਿਧਾਨ ਸਭਾ ਹਲਕਾ ਦਿੜ੍ਹਬਾ ਵਿਖੇ ਨਿਵਾਸੀਆਂ ਦਾ ਧੰਨਵਾਦ ਕਰਨ ਲਈ ਪੁੱਜੇ ਚੀਮਾ ਨੇ ਲੋਕਾਂ ਨੂੰ ਵਿਸ਼ਵਾਸ ਦਿਵਾਇਆ ਕਿ ਉਹ ਹਲਕੇ ਤੇ ਸੂਬੇ ਦੀ ਬਿਹਤਰੀ ਲਈ ਦਿਨ-ਰਾਤ ਇਕ ਕਰਕੇ ਮਿਹਨਤ ਕਰਨਗੇ ਅਤੇ ਲੋਕਾਂ ਵੱਲੋਂ ਆਮ ਆਦਮੀ ਪਾਰਟੀ ਪ੍ਰਤੀ ਦਿਖਾਏ ਗਏ ਜ਼ਬਰਦਸਤ ਸਾਕਾਰਾਤਮਕ ਜਜ਼ਬੇ ਲਈ ਹਮੇਸ਼ਾ ਰਿਣੀ ਰਹਿਣਗੇ। ਮਹਿਲਾਂ ਚੌਕ ਤੋਂ ਸ਼ੁਰੂ ਹੋ ਕੇ ਦਿੜ੍ਹਬੇ ਤੱਕ ਵੱਖ-ਵੱਖ ਧੰਨਵਾਦੀ ਸਮਾਗਮਾਂ ਨੂੰ ਸੰਬੋਧਨ ਕਰਦਿਆਂ ਚੀਮਾ ਨੇ ਕਿਹਾ ਕਿ ਪਾਰਟੀ ਵਿਚ, ਪਰਿਵਾਰਾਂ ਵਿਚ ਜਾਂ ਅਧਿਕਾਰੀਆਂ ਦੇ ਪੱਧਰ ’ਤੇ ਕਿਸੇ ਵੀ ਕਿਸਮ ਦੇ ਭ੍ਰਿਸ਼ਟਾਚਾਰ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਅਤੇ ਦੋਸ਼ੀ ਪਾਏ ਜਾਣ ਵਾਲੇ ਵਿਅਕਤੀਆਂ ਖਿਲਾਫ਼ ਸਖ਼ਤ ਐਕਸ਼ਨ ਲਿਆ ਜਾਵੇਗਾ। ਉਨ੍ਹਾਂ ਕਿਹਾ ਕਿ ਪੁਲਸ ਉੱਤੇ ਵੀ ਕੋਈ ਸਿਆਸੀ ਦਬਾਅ ਨਹੀਂ ਹੋਵੇਗਾ।

ਇਹ ਵੀ ਪੜ੍ਹੋ : ਆਲੀਸ਼ਾਨ ਕੋਠੀਆਂ ਵਾਲੇ ਮੰਤਰੀਆਂ ਦੀ ਥਾਂ ਵੇਖੋ ਨਵੇਂ ਬਿਜਲੀ ਮੰਤਰੀ ਦਾ ਘਰ, ਹੋ ਜਾਓਗੇ ਹੈਰਾਨ (ਵੀਡੀਓ)

  ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਸੂਬੇ ਦੇ ਖਜ਼ਾਨੇ ਨੂੰ ਭਰਨ ਲਈ ਸਾਰਥਕ ਉਪਰਾਲੇ ਸ਼ੁਰੂ ਕਰ ਦਿੱਤੇ ਗਏ ਹਨ ਅਤੇ ਜਲਦ ਹੀ ਇਸ ਦੇ ਵਧੀਆ ਨਤੀਜੇ ਸਾਹਮਣੇ ਆਉਣਗੇ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਸੂਬੇ ’ਚੋਂ ਨਸ਼ੇ ਦਾ ਮੁਕੰਮਲ ਸਫਾਇਆ ਕਰਨ ਲਈ ਵੀ ਵਚਨਬੱਧ ਹੈ। ਇਸ ਮੌਕੇ ਵਰਕਰਾਂ ਨੇ ਭਾਰੀ ਉਤਸ਼ਾਹ ਦਿਖਾਇਆ ਅਤੇ ਵੱਖ-ਵੱਖ ਆਗੂਆਂ ਤੇ ਸੰਗਠਨਾਂ ਵੱਲੋਂ ਚੀਮਾ ਨੂੰ ਗੁਲਦਸਤੇ ਭੇਟ ਕਰਕੇ ਸਨਮਾਨਿਤ ਕੀਤਾ ਗਿਆ। ਸਮਾਗਮ ਦੌਰਾਨ ਐੱਸ. ਡੀ. ਐੱਮ. ਰਾਜੇਸ਼ ਸ਼ਰਮਾ, ਡੀ. ਐੱਸ. ਪੀ. ਦਿੜ੍ਹਬਾ, ਦਰਸ਼ਨ ਸਿੰਘ ਸਾਬਕਾ ਪ੍ਰਧਾਨ, ਜਗਦੀਸ਼ ਸਿੰਗਲਾ, ਪੀਤੂ ਸਰਪੰਚ, ਅਜੈ ਸਿੰਗਲਾ, ਮਨਿੰਦਰ ਘੁਮਾਣ, ਸੁਨੀਲ ਬਾਂਸਲ, ਗੁਰਿੰਦਰ ਕਾਕਾ, ਰੂਪ ਚੰਦ ਸਿੰਗਲਾ, ਨਿਰਭੈ ਝਿੰਜਰ ਖਨਾਲ, ਧਰਮਪਾਲ ਗਰਗ, ਇੰਦਰਜੀਤ ਸਰਮਾਂ, ਲਖਵਿੰਦਰ ਕੈਂਪਰ, ਰਣਜੀਤ ਖੇਤਲਾ ਤੋਂ ਇਲਾਵਾ ਵੱਡੀ ਗਿਣਤੀ ਵਰਕਰ ਹਾਜ਼ਰ ਸਨ।  

ਇਹ ਵੀ ਪੜ੍ਹੋ : ਅਮਰੀਕਾ ਦੇ ਥਮਿੰਦਰ ਅਨੰਦ ਵੱਲੋਂ ਬਿਨਾਂ ਆਗਿਆ ਪਾਵਨ ਸਰੂਪ ਛਾਪਣਾ ਸੋਚੀ-ਸਮਝੀ ਸਾਜ਼ਿਸ਼ : ਗਿਆਨੀ ਹਰਪ੍ਰੀਤ ਸਿੰਘ


Manoj

Content Editor

Related News