ਨੈਗੇਟਿਵ ਆਈ ਬਰਨਾਲਾ ''ਚ ਕੋਰੋਨਾਵਾਇਰਸ ਦੇ ਸ਼ੱਕੀ ਮਰੀਜ਼ਾਂ ਦੀ ਰਿਪੋਰਟ
Wednesday, Mar 04, 2020 - 08:28 PM (IST)
ਬਰਨਾਲਾ,(ਵਿਵੇਕ ਸਿੰਧਵਾਨੀ, ਰਵੀ): ਪੂਰੇ ਸੰਸਾਰ 'ਚ ਜਿਥੇ ਕੋਰੋਨਾਵਾਇਰਸ ਦਾ ਖੌਫ ਫੈਲ ਚੁਕਿਆ ਹੈ, ਉਥੇ ਹੀ ਪੰਜਾਬ ਦੇ ਕਈ ਇਲਾਕਿਆਂ 'ਚ ਵੀ ਇਹ ਖੌਫ ਪੈਦਾ ਹੋ ਗਿਆ ਹੈ। ਪੰਜਾਬ ਦੇ ਜ਼ਿਲਾ ਬਰਨਾਲਾ 'ਚ ਕੁੱਲ 149 ਵਿਅਕਤੀ ਦੂਜੇ ਦੇਸ਼ਾਂ ਦਾ ਦੌਰਾ ਕਰਕੇ ਬਰਨਾਲਾ ਆਏ ਸਨ, ਜਿਨ੍ਹਾਂ 'ਚੋਂ 2 ਮਰੀਜ਼ਾਂ ਨੂੰ ਸ਼ੱਕੀ ਪਾਇਆ ਗਿਆ। ਜਿਸ ਤੋਂ ਬਾਅਦ ਉਕਤ ਸ਼ੱਕੀ ਮਹਿਲਾ ਤੇ ਛੋਟੇ ਬੱਚੇ ਨੂੰ ਹਸਪਤਾਲ 'ਚ ਦਾਖਲ ਕਰਵਾ ਕੇ ਦੋਵਾਂ ਦੇ ਸੈਂਪਲ ਟੈਸਟ ਲਈ ਲੈਬੋਰਟਰੀ 'ਚ ਭੇਜੇ ਗਏ। ਜਿਥੋਂ ਉਕਤ ਦੋਵੇ ਸ਼ੱਕੀਆਂ ਦੀ ਰਿਪੋਰਟ ਨੈਗੇਟਿਵ ਆਈ ਹੈ। 149 ਵਿਅਕਤੀਆਂ ਨੂੰ ਡਾਕਟਰਾਂ ਨੇ ਆਪਣੀ ਨਿਗਰਾਨੀ ਹੇਠ ਰੱਖਿਆ ਤੇ 28 ਦਿਨ ਤੱਕ ਉਕਤ ਵਿਅਕਤੀਆਂ ਦੀ ਨਿਗਰਾਨੀ ਰੱਖੀ ਗਈ ਸੀ। ਜਿਨ੍ਹਾਂ 'ਚੋਂ 133 ਵਿਅਕਤੀਆਂ ਦਾ ਸਮਾਂ ਬੀਤ ਚੁੱਕਿਆ ਹੈ ਤੇ ਹੁਣ ਸਿਰਫ 18 ਵਿਅਕਤੀ ਹੀ ਡਾਕਟਰਾਂ ਦੀ ਨਿਗਰਾਨੀ ਹੇਠਾਂ ਹਨ।
ਕਰੋਨਾ ਵਾਇਰਸ ਨਾਲ ਨਿਪਟਣ ਲਈ ਕੀਤੇ ਖਾਸ ਪ੍ਰਬੰਧ
ਸਿਵਲ ਹਸਪਤਾਲ ਦੇ ਐਸ. ਐਮ. ਓ. ਡਾ. ਜੋਤੀ ਕੌਸ਼ਲ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਬਰਨਾਲਾ ਜ਼ਿਲੇ ਦੀ ਕੁੱਲ ਆਬਾਦੀ ਸਾਢੇ ਛੇ ਲੱਖ ਦੇ ਕਰੀਬ ਹੈ। ਉਨ੍ਹਾਂ ਦੱਸਿਆ ਕਿ ਕੋਰੋਨਾ ਵਾਇਰਸ ਦੀ ਬਿਮਾਰੀ ਨਾਲ ਨਿਪਟਣ ਲਈ ਖਾਸ ਪ੍ਰਬੰਧ ਕੀਤੇ ਗਏ ਹਨ ਤੇ ਕੁੱਲ ਦਸ ਸਪੈਸ਼ਲ ਬੈੱਡ ਜ਼ਿਲਾ ਬਰਨਾਲਾ 'ਚ ਰਿਜ਼ਰਵ ਰੱਖੇ ਗਏ ਹਨ। ਜਿਸ ਵਿਚ 4 ਬੈੱਡ ਸਿਵਲ ਹਸਪਤਾਲ ਬਰਨਾਲਾ ਵਿਚ, 2 ਬੈੱਡ ਤਪਾ ਵਿਚ, 2 ਬੈੱਡ ਮਹਿਲ ਕਲਾਂ ਵਿਚ ਅਤੇ ਦੋ ਬੈੱਡ ਧਨੌਲਾ ਵਿਖੇ ਰੱਖੇ ਗਏ ਹਨ, ਇਹ ਬੈੱਡ ਸਪੈਸ਼ਲ ਵਾਰਡ ਵਿਚ ਰੱਖੇ ਗਏ ਹਨ। ਜਿਸ 'ਚ ਆਕਸੀਜ਼ਨ, ਮਾਸਕ, ਨੈਵਲੋਲਾਇਜਰ ਵੀ ਇਨ੍ਹਾਂ ਵਾਰਡਾਂ 'ਚ ਰੱਖੇ ਗਏ ਹਨ। ਨੈਵਲੋਲਾਇਜਰ ਨਾਲ ਮਰੀਜ਼ ਨੂੰ ਭਾਪ ਦਿੱਤੀ ਜਾਂਦੀ ਹੈ। ਇਸ ਬਿਮਾਰੀ ਨਾਲ ਨਜਿੱਠਣ ਲਈ ਵਿਸ਼ੇਸ਼ ਟੀਮ ਦਾ ਵੀ ਗਠਨ ਕੀਤਾ ਗਿਆ ਹੈ। ਇਸ ਵਿਚ ਮੈਡੀਕਲ ਸਪੈਸਲਿਸਟ ਡਾਕਟਰ ਏ. ਐਨ. ਟੀ. ਸਰਜਨ, ਫਰਮਾਸਿਸ ਸਟਾਫ ਨਰਸ ਅਤੇ ਹੋਰ ਸਟਾਫ ਦੀ ਵੀ ਨਿਯੁਕਤੀ ਕੀਤੀ ਗਈ ਹੈ।
ਜਨਤਕ ਥਾਂਵਾ 'ਤੇ ਜਾਣ ਸਮੇਂ ਪਾ ਕੇ ਜਾਓ ਮੂੰਹ 'ਤੇ ਮਾਸਕ
ਸਿਵਲ ਹਸਪਤਾਲ ਦੇ ਡਾਕਟਰ ਮਨਪ੍ਰੀਤ ਸਿੰਘ ਸਿੱਧੂ ਨੇ ਦੱਸਿਆ ਕਿ ਕੋਰੋਨਾ ਵਾਇਰਸ ਦੀ ਬੀਮਾਰੀ ਵਾਇਰਸ ਨਾਲ ਫੈਲਦੀ ਹੈ। ਇਹ ਬੀਮਾਰੀ ਇਕ ਦੂਜੇ ਤੋਂ ਬੜੀ ਤੇਜ਼ੀ ਨਾਲ ਫੈਲਦੀ ਹੈ। ਇਸ ਲਈ ਜਨਤਕ ਥਾਂਵਾ 'ਤੇ ਜਾਣ ਸਮੇਂ ਸਾਨੂੰ ਮਾਸਕ ਪਾ ਕੇ ਜਾਣਾ ਚਾਹੀਦਾ ਹੈ। ਜੇਕਰ ਖੰਘ, ਜੁਕਾਮ ਜਾਂ ਬੁਖਾਰ ਦੀ ਸ਼ਿਕਾਇਤ ਹੋਵੇ ਤਾਂ ਫੌਰੀ ਤੌਰ 'ਤੇ ਆਪਣਾ ਚੈਕਅਪ ਡਾਕਟਰਾਂ ਤੋਂ ਕਰਾਉਣਾ ਚਾਹੀਦਾ ਹੈ। ਸਿਵਲ ਹਸਪਤਾਲ ਵਿਚ ਇਨ੍ਹਾਂ ਮਰੀਜ਼ਾਂ ਲਈ ਫੀਵਰ ਫਲੂ ਕਾਰਨਰ ਬਣਾਇਆ ਗਿਆ ਹੈ। ਉਕਤ ਮਰੀਜ਼ਾਂ ਨੂੰ ਪਹਿਲ ਦੇ ਆਧਾਰ 'ਤੇ ਚੈਕ ਕੀਤਾ ਜਾਂਦਾ ਹੈ।