ਨਵਾਂਸ਼ਹਿਰ ਤੋਂ ਰਾਹਤ ਭਰੀ ਖਬਰ, ਬੂਥਗੜ੍ਹ ਦੇ ਪਹਿਲੇ ਕੋਰੋਨਾ ਪਾਜ਼ੇਟਿਵ ਮਰੀਜ਼ ਨੇ ਜਿੱਤੀ ਜੰਗ
Tuesday, May 12, 2020 - 07:28 PM (IST)
ਨਵਾਂਸ਼ਹਿਰ (ਤ੍ਰਿਪਾਠੀ,ਜੋਬਨਪ੍ਰੀਤ)— ਕੋਰੋਨਾ ਦੇ ਵੱਧਦੇ ਕਹਿਰ ਦਰਮਿਆਨ ਨਵਾਂਸ਼ਹਿਰ ਤੋਂ ਰਾਹਤ ਖਬਰ ਮਿਲੀ ਹੈ। ਨਵਾਂਸ਼ਹਿਰ 'ਚ ਅੱਜ ਇਕ ਕੋਰੋਨਾ ਪੀੜਤ ਨੇ ਕੋਰੋਨਾ 'ਤੇ ਫਤਿਹ ਹਾਸਲ ਕਰ ਲਈ ਹੈ। ਦਰਅਸਲ ਬੀਤੀ 25 ਅਪ੍ਰੈਲ ਨੂੰ ਕੋਰੋਨਾ ਵਾਇਰਸ ਟੈਸਟ ਦੇ ਪਾਜ਼ੇਟਿਵ ਪਾਏ ਜਾਣ ਬਾਅਦ ਬਲਾਚੌਰ ਦੇ ਬੂਥਗੜ੍ਹ ਤੋਂ ਆਈਸੋਲੇਸ਼ਨ ਵਾਰਡ ਨਵਾਂਸ਼ਹਿਰ ਲਿਆਂਦੇ ਗਏ ਮਰੀਜ਼ ਜਤਿੰਦਰ ਕੁਮਾਰ ਨੂੰ ਅੱਜ ਕੋਰੋਨਾ 'ਤੇ ਫਤਿਹ ਪਾਉਣ ਬਾਅਦ ਘਰ ਭੇਜ ਦਿੱਤਾ ਗਿਅੀ ਹੈ।
ਜਤਿੰਦਰ ਕੁਮਾਰ ਨੇ ਇਸ ਮੌਕੇ ਜ਼ਿਲਾ ਹਸਪਤਾਲ ਦੇ ਡਾਕਟਰਾਂ ਵੱਲੋਂ ਉਸ ਨੂੰ ਸਿਹਤਯਾਬ ਰੱਖਣ ਲਈ ਕੀਤੀ ਗਈ ਤੀਮਾਰਦਾਰੀ ਲਈ ਵਿਸ਼ੇਸ਼ ਤੌਰ 'ਤੇ ਧੰਨਵਾਦ ਕੀਤਾ ਗਿਆ। ਮੈਡੀਕਲ ਅਫਸਰ ਡਾ. ਸਤਿੰਦਰਪਾਲ ਸਿੰਘ ਵੱਲੋਂ ਇਸ ਮੌਕੇ ਜਤਿੰਦਰ ਨੂੰ ਘਰ 'ਚ 14 ਦਿਨ ਦੀ ਅਲਹਿਦਗੀ ਰੱਖਣ ਅਤੇ ਆਪਣੇ ਆਪ ਨੂੰ ਪੂਰੀਆਂ ਸਾਵਧਾਨੀਆਂ 'ਚ ਰੱਖਣ ਦੀ ਤਾਕੀਦ ਕੀਤੀ ਗਈ।
ਇਹ ਵੀ ਪੜ੍ਹੋ: ਜਲੰਧਰ 'ਚ 5 ਮਹੀਨੇ ਦੇ ਬੱਚੇ ਸਣੇ 9 ਨਵੇਂ ਕੋਰੋਨਾ ਦੇ ਪਾਜ਼ੇਟਿਵ ਕੇਸ ਆਏ ਸਾਹਮਣੇ
ਮਰੀਜ਼ ਦੇ ਮਿਹਤਯਾਬ ਹੋਣ ਦਾ ਸਿਹਰਾ ਐੱਸ. ਐੱਮ. ਓ. ਨੇ ਨਰਸਿੰਗ ਸਟਾਫ ਨੂੰ ਦਿੱਤਾ
ਐੱਸ. ਐੱਮ. ਓ. ਡਾ. ਹਰਵਿੰਦਰ ਸਿੰਘ ਨੇ ਅੱਜ 'ਕੌਮਾਂਤਰੀ ਨਰਸਿਜ਼ ਦਿਵਸ' ਦੇ ਮੁਬਾਰਕ ਦਿਹਾੜੇ 'ਤੇ ਜਤਿੰਦਰ ਕੁਮਾਰ ਦੇ ਸਿਹਤਯਾਬ ਹੋ ਕੇ ਘਰ ਜਾਣ ਦਾ ਸਿਹਰਾ ਆਈਸੋਲੇਸ਼ਨ ਵਾਰਡ 'ਚ ਸੇਵਾ ਨਿਭਾਅ ਰਹੇ ਨਰਸਿੰਗ ਸਟਾਫ ਨੂੰ ਦਿੱਤਾ। ਉਨ੍ਹਾਂ ਦੱਸਿਆ ਕਿ ਹੁਣ ਜਤਿੰਦਰ ਦੇ ਦੋ ਸਾਥੀ ਅਤੇ ਉਸ ਦੀ ਮਾਤਾ ਬੂਥਗੜ੍ਹ ਨਾਲ ਸਬੰਧਤ ਕੋਵਿਡ ਮਰੀਜ਼ਾਂ 'ਚੋਂ ਇਥੇ ਰਹਿ ਗਏ ਹਨ, ਜਿਨ੍ਹਾਂ ਦਾ ਆਈਸੋਲੇਸ਼ਨ ਸਮਾਂ ਪੂਰਾ ਹੋਣ 'ਤੇ ਟੈਸਟ ਕਰਵਾਇਆ ਜਾਵੇਗਾ।
ਉਨ੍ਹਾਂ ਦੱਸਿਆ ਕਿ ਜਤਿੰਦਰ ਦੇ ਸਿਹਤਯਾਬ ਹੋਣ ਤੋਂ ਬਾਅਦ ਆਈਸੋਲੇਸ਼ਨ ਨਵਾਂਸ਼ਹਿਰ 'ਚ 68 ਮਰੀਜ਼ ਰਹਿ ਗਏ ਹਨ ਜਦਕਿ 16 ਮਰੀਜ਼ ਆਈਸੋਲੇਸ਼ਨ ਢਾਹਾਂ ਕਲੇਰਾਂ 'ਚ ਹਨ। ਡਾ. ਹਰਵਿੰਦਰ ਅਨੁਸਾਰ ਨਵਾਂਸ਼ਹਿਰ ਆਈਸੋਲੇਸ਼ਨ 'ਚ ਮੌਜੂਦ 68 ਮਰੀਜ਼ ਬਿਲਕੁਲ ਠੀਕ ਹਨ ਅਤੇ ਹਾਲੇ ਤੱਕ ਉਨ੍ਹਾਂ ਨੂੰ ਕੋਈ ਸਮੱਸਿਆ ਨਹੀਂ। ਉਨ੍ਹਾਂ ਨੂੰ ਰੋਜ਼ਾਨਾ ਪੌਸ਼ਟਿਕ ਖੁਰਾਕ ਦੇਣ ਤੋਂ ਇਲਾਵਾ ਉਨ੍ਹਾਂ ਦੀ ਕੌਂਸਲਿੰਗ ਕੀਤੀ ਜਾ ਰਹੀ ਹੈ ਤਾਂ ਜੋ ਉਹ ਬੀਮਾਰੀ 'ਤੇ ਹੌਂਸਲੇ ਨਾਲ ਕਾਬੂ ਪਾ ਸਕਣ। ਇਸ ਮੌਕੇ ਜ਼ਿਲਾ ਹਸਪਤਾਲ ਦਾ ਸਟਾਫ ਵੀ ਮੌਜੂਦ ਸੀ।
ਇਹ ਵੀ ਪੜ੍ਹੋ: ਡੇਢ ਮਹੀਨੇ ਬਾਅਦ ਖੁੱਲ੍ਹੀ ਫਗਵਾੜਾ ਗੇਟ ਦੀ ਮਾਰਕਿਟ, ਹਾਲਾਤ ਬੇਕਾਬੂ ਦੇਖ ਪੁਲਸ ਨੇ ਲਿਆ ਸਖਤ ਐਕਸ਼ਨ