ਹੋਲੇ-ਮਹੱਲੇ ਤੋਂ ਪਰਤੇ ਵਿਅਕਤੀ ਦੀ ਸ਼ੱਕੀ ਹਾਲਾਤ 'ਚ ਮੌਤ, ਲਾਸ਼ ਨੂੰ ਹੱਥ ਲਾਉਣ ਤੋਂ ਵੀ ਕਤਰਾਉਣ ਲੱਗਾ ਪਰਿਵਾਰ
Sunday, Mar 29, 2020 - 06:40 PM (IST)
ਮਾਛੀਵਾੜਾ ਸਾਹਿਬ (ਟੱਕਰ)— ਕੋਰੋਨਾ ਵਾਇਰਸ ਦੇ ਖੌਫ ਕਾਰਨ ਅੱਜ ਹਾਲਾਤ ਇਹ ਹੋ ਗਏ ਹਨ ਕਿ ਲੋਕਾਂ 'ਚ ਖੂਨ ਦੇ ਰਿਸ਼ਤੇ ਵੀ ਮਿਟਦੇ ਜਾ ਰਹੇ ਹਨ, ਜਿਸ ਦੀ ਤਾਜ਼ਾ ਮਿਸਾਲ ਮਾਛੀਵਾੜਾ ਨੇੜਲੇ ਪਿੰਡ ਚੱਕੀ ਵਿਖੇ ਦੇਖਣ ਨੂੰ ਮਿਲੀ। ਇਥੇ ਹੋਲੇ-ਮਹੱਲੇ ਤੋਂ ਪਰਤੇ ਇਕ ਵਿਅਕਤੀ ਜਗਦੀਸ਼ ਕੁਮਾਰ (45) ਦੀ ਮੌਤ ਹੋ ਗਈ ਅਤੇ ਉਸ ਦੀ ਲਾਸ਼ ਦਾ ਅੰਤਿਮ ਸਸਕਾਰ ਕਰਨ ਲਈ ਪਿੰਡ ਦਾ ਵਿਅਕਤੀ ਤਾਂ ਦੂਰ ਕੋਈ ਪਰਿਵਾਰਕ ਮੈਂਬਰ ਵੀ ਨੇੜ੍ਹੇ ਨਹੀਂ ਆਇਆ।
ਇਹ ਵੀ ਪੜ੍ਹੋ : ਪੰਜਾਬ ਦੇ ਪਹਿਲੇ ਕੋਰੋਨਾ ਪਾਜ਼ੇਟਿਵ ਮਰੀਜ਼ ਨੂੰ ਠੀਕ ਹੋਣ ''ਤੇ ਹਸਪਤਾਲ ''ਚੋਂ ਛੁੱਟੀ ਦੇਣ ''ਤੇ ਵਿਵਾਦ
ਹੋਲੇ-ਮਹੱਲੇ ਤੋਂ ਵਾਪਸ ਆਉਣ ਤੋਂ ਬਾਅਦ ਬੀਮਾਰ ਰਹਿਣ ਲੱਗਾ ਸੀ ਜਗਦੀਸ਼
ਪ੍ਰਾਪਤ ਜਾਣਕਾਰੀ ਅਨੁਸਾਰ ਜਗਦੀਸ਼ ਕੁਮਾਰ ਜੋ ਕਿ ਕੁਝ ਦਿਨ ਪਹਿਲਾਂ ਹੋਲੇ-ਮਹੱਲੇ 'ਤੇ ਅਨੰਦਪੁਰ ਸਾਹਿਬ ਗਿਆ ਸੀ ਅਤੇ ਉਥੋਂ ਵਾਪਸ ਆਉਣ ਉਪਰੰਤ ਉਹ ਬੀਮਾਰ ਰਹਿਣ ਲੱਗ ਪਿਆ ਸੀ। ਪਰਿਵਾਰਕ ਮੈਂਬਰਾਂ ਅਨੁਸਾਰ ਪਿਛਲੇ ਕੁਝ ਦਿਨਾਂ ਤੋਂ ਉਸ ਨੂੰ ਖਾਂਸੀ, ਜ਼ੁਕਾਮ ਅਤੇ ਸਾਹ ਲੈਣ ਦੀ ਸਮੱਸਿਆ ਸੀ, ਜਿਸ ਸਬੰਧੀ ਉਹ ਨੇੜਲੇ ਹੀ ਡਾਕਟਰ ਤੋਂ ਦਵਾਈ ਲੈਂਦਾ ਰਿਹਾ। ਮ੍ਰਿਤਕ ਜਗਦੀਸ਼ ਕੁਮਾਰ ਆਪਣੇ ਪਰਿਵਾਰਕ ਮੈਂਬਰ ਤੋਂ ਵੱਖ ਨੇੜੇ ਹੀ ਵੱਖਰੇ ਘਰ 'ਚ ਰਹਿੰਦਾ ਸੀ ਅਤੇ ਅੱਜ ਜਦੋਂ ਸਵੇਰੇ ਨਾ ਉੱਠਿਆ ਤਾਂ ਦੇਖਿਆ ਕਿ ਉਸ ਦੀ ਮੌਤ ਹੋ ਚੁੱਕੀ ਸੀ। ਜਗਦੀਸ਼ ਕੁਮਾਰ ਦੀ ਮੌਤ ਤੋਂ ਬਾਅਦ ਪਿੰਡ ਵਾਸੀ ਸਹਿਮ ਗਏ ਕਿ ਉਹ ਕੁਝ ਦਿਨ ਪਹਿਲਾਂ ਹੀ ਹੋਲੇ-ਮਹੱਲੇ ਤੋਂ ਵਾਪਸ ਪਰਤਿਆ ਸੀ ਅਤੇ ਸਿਹਤ ਵਿਭਾਗ ਵੱਲੋਂ ਵੀ ਸ਼ੰਕਾ ਕੀਤੀ ਜਾ ਰਹੀ ਸੀ ਕਿ ਇਸ ਧਾਰਮਿਕ ਸਮਾਗਮ ਤੋਂ ਪਰਤੇ ਲੋਕਾਂ 'ਚ ਕਰੋਨਾ ਵਾਇਰਸ ਦੇ ਲੱਛਣ ਹੋ ਸਕਦੇ ਹਨ।
ਇਹ ਵੀ ਪੜ੍ਹੋ : ਬਰਨਾਲਾ 'ਚ ਕੋਰੋਨਾ ਵਾਇਰਸ ਦੀ ਸ਼ੱਕੀ ਮਰੀਜ਼ ਔਰਤ ਦੀ ਸੈਂਪਲ ਲੈਣ ਤੋਂ ਬਾਅਦ ਮੌਤ
ਮ੍ਰਿਤਕ ਜਗਦੀਸ਼ ਕੁਮਾਰ ਦੀ ਮੌਤ ਵੀ ਕੋਰੋਨਾ ਵਾਇਰਸ ਦੇ ਲੱਛਣਾਂ ਕਾਰਨ ਹੋਈ, ਜਿਸ ਕਾਰਨ ਉਸ ਦੀ ਲਾਸ਼ ਨੂੰ ਹੱਥ ਲਗਾਉਣ ਲਈ ਪਿੰਡ ਵਾਸੀ ਅਤੇ ਪਰਿਵਾਰਕ ਮੈਂਬਰ ਵੀ ਕਤਰਾਉਣ ਲੱਗ ਪਏ ਸਨ। ਜਿਸ 'ਤੇ ਉਨ੍ਹਾਂ ਨੇ ਤੁਰੰਤ ਸਿਹਤ ਵਿਭਾਗ ਨੂੰ ਸੂਚਿਤ ਕੀਤਾ ਤਾਂ ਜੋ ਪਤਾ ਲੱਗ ਸਕੇ ਕਿ ਉਸ ਦੀ ਮੌਤ ਦਾ ਕਾਰਨ ਕੀ ਹੈ।
ਪਿੰਡ ਚੱਕੀ 'ਚ ਖੌਫ ਦਾ ਮਾਹੌਲ, ਸਿਹਤ ਵਿਭਾਗ ਦੀ ਟੀਮ ਮੌਕੇ 'ਤੇ ਪੁੱਜੀ
ਜਗਦੀਸ਼ ਕੁਮਾਰ ਦੀ ਮੌਤ ਦੀ ਸੂਚਨਾ ਪਿੰਡ ਦੀ ਪੰਚਾਇਤ ਨੇ ਸਿਹਤ ਵਿਭਾਗ ਅਤੇ ਪ੍ਰਸਾਸ਼ਨ ਨੂੰ ਦਿੱਤੀ। ਜਿਸ 'ਤੇ ਟੀਮ ਨੇ ਦੂਰ ਤੋਂ ਹੀ ਲਾਸ਼ ਦਾ ਮੁਆਇਨਾ ਕਰ ਪਿੰਡ ਵਾਸੀਆਂ ਨੂੰ ਕਿਹਾ ਕਿ ਉਸ ਦੀ ਮੌਤ ਦਾ ਕਾਰਨ ਕੋਰੋਨਾ ਵਾਇਰਸ ਨਹੀਂ, ਜਿਸ ਲਈ ਉਸ ਦਾ ਅੰਤਿਮ ਸਸਕਾਰ ਕਰ ਦਿੱਤਾ ਜਾਵੇ। ਪਿੰਡ ਚੱਕੀ ਦੇ ਵਾਸੀਆਂ 'ਚ ਜਗਦੀਸ਼ ਕੁਮਾਰ ਦੀ ਮੌਤ ਤੋਂ ਬਾਅਦ ਇੰਨਾ ਖੌਫ ਸੀ ਕਿ ਉਹ ਫਿਰ ਵੀ ਲਾਸ਼ ਨੇੜੇ ਜਾਣ ਤੋਂ ਡਰਨ ਲੱਗ ਪਏ। ਕੁਝ ਸਮੇਂ ਬਾਅਦ ਪੰਚਾਇਤ ਨੇ ਫਿਰ ਫੈਸਲਾ ਕੀਤਾ ਕਿ ਜਦੋਂ ਤੱਕ ਜਗਦੀਸ਼ ਕੁਮਾਰ ਦਾ ਕੋਰੋਨਾ ਵਾਇਰਸ ਦਾ ਟੈਸਟ ਨਹੀਂ ਹੋ ਜਾਂਦਾ, ਉਹ ਲਾਸ਼ ਨੂੰ ਹੱਥ ਨਹੀਂ ਲਗਾਉਣਗੇ ਕਿਉਂਕਿ ਜੇਕਰ ਉਸ 'ਚ ਵਾਇਰਸ ਦੇ ਲੱਛਣ ਹੋਏ ਤਾਂ ਉਸ ਤੋਂ ਬਾਅਦ ਸਾਰਾ ਪਿੰਡ ਇਸ ਬੀਮਾਰੀ ਦੀ ਚਪੇਟ 'ਚ ਆ ਜਾਵੇਗਾ।
ਇਹ ਵੀ ਪੜ੍ਹੋ : ਕਰਫਿਊ ਦੌਰਾਨ ਲੁਧਿਆਣਾ 'ਚ ਵੱਡੀ ਵਾਰਦਾਤ, ਸਿਰ 'ਤੇ ਪਾਵੇ ਮਾਰ ਕੇ ਪਤੀ ਨੇ ਕੀਤਾ ਪਤਨੀ ਦਾ ਕਤਲ
ਪਿੰਡ ਨਿਵਾਸੀਆਂ ਨੇ ਫਿਰ ਪੁਲਸ ਅਤੇ ਸਿਹਤ ਵਿਭਾਗ ਨੂੰ ਸੂਚਿਤ ਕੀਤਾ ਕਿ ਜਦੋਂ ਤੱਕ ਮ੍ਰਿਤਕ ਅਤੇ ਉਸ ਦੇ ਪਰਿਵਾਰਕ ਮੈਂਬਰਾਂ ਦਾ ਟੈਸਟ ਨਹੀਂ ਲਿਆ ਜਾਂਦਾ ਉਹ ਲਾਸ਼ ਦਾ ਅੰਤਿਮ ਸਸਕਾਰ ਨਹੀਂ ਕਰਨਗੇ, ਜਿਸ 'ਤੇ ਫਿਰ ਸਿਹਤ ਵਿਭਾਗ ਦੀ ਟੀਮ ਦੋਬਾਰਾ ਪਿੰਡ ਚੱਕੀ ਪੁੱਜੀ ਅਤੇ ਲਾਸ਼ ਦਾ ਮੁਆਇਨਾ ਕਰਨ 'ਚ ਜੁਟ ਗਈ। ਸਿਹਤ ਵਿਭਾਗ ਦੀ ਟੀਮ ਵੱਲੋਂ ਪਿੰਡ ਵਾਸੀਆਂ ਨੂੰ ਭਰੋਸਾ ਦਿਵਾਇਆ ਕਿ ਇਹ ਮੌਤ ਕੋਰੋਨਾ ਵਾਇਰਸ ਨਾਲ ਨਹੀਂ ਹੋਈ, ਜਿਸ 'ਤੇ ਪੂਰੀ ਸਾਵਧਾਨੀ ਨਾਲ ਟੀਮ ਦੀ ਨਿਗਰਾਨੀ ਹੇਠ ਜਗਦੀਸ਼ ਕੁਮਾਰ ਦਾ ਅੰਤਿਮ ਸਸਕਾਰ ਹੋਇਆ।
ਇਹ ਵੀ ਪੜ੍ਹੋ : ਜਲੰਧਰ: ਕੋਰੋਨਾ ਵਾਇਰਸ ਦੇ ਸ਼ੱਕੀ 10 ਮਰੀਜ਼ਾਂ ਦੇ ਟੈਸਟ ਨੈਗੇਟਿਵ ਆਏ, 17 ਨਵੇਂ ਸੈਂਪਲ ਭੇਜੇ
ਮ੍ਰਿਤਕ ਦੇ ਪਰਿਵਾਰਕ ਮੈਂਬਰ 14 ਦਿਨ ਏਕਾਂਤਵਾਸ ਕੀਤੇ
ਇਸ ਸਬੰਧੀ ਮਾਛੀਵਾੜਾ ਹਸਪਤਾਲ ਦੇ ਡਾ. ਜਸਪ੍ਰੀਤ ਕੌਰ ਨੇ ਦੱਸਿਆ ਕਿ ਮ੍ਰਿਤਕ ਜਗਦੀਸ਼ ਕੁਮਾਰ, ਜਿਸ ਦੀ ਦਿਮਾਗੀ ਹਾਲਤ ਵੀ ਠੀਕ ਨਹੀਂ ਸੀ ਅਤੇ ਉਹ ਪਰਿਵਾਰਕ ਮੈਂਬਰਾਂ ਤੋਂ ਵੱਖ ਰਹਿੰਦਾ ਸੀ। ਉਨ੍ਹਾਂ ਕਿਹਾ ਕਿ ਸਿਹਤ ਵਿਭਾਗ ਦੀ ਟੀਮ ਵੱਲੋਂ ਮੁੱਢਲੀ ਜਾਂਚ ਦੌਰਾਨ ਪਾਇਆ ਗਿਆ ਕਿ ਉਸ ਦੀ ਮੌਤ ਦਾ ਕਾਰਨ ਕੋਰੋਨਾ ਵਾਇਰਸ ਨਹੀਂ ਹੈ, ਫਿਰ ਵੀ ਉਸ ਦੇ ਪਰਿਵਾਰਕ ਮੈਂਬਰ ਜਿਸ 'ਚ ਉਸ ਦੀ ਪਤਨੀ, ਬੱਚੇ ਅਤੇ ਭਰਾ ਨੂੰ 14 ਦਿਨਾਂ ਲਈ ਏਕਾਂਤਵਾਸ ਰਹਿਣ ਦੇ ਨਿਰਦੇਸ਼ ਦਿੱਤੇ ਹਨ। ਉਨ੍ਹਾਂ ਦੱਸਿਆ ਕਿ ਜੇਕਰ ਫਿਰ ਵੀ ਪਰਿਵਾਰਕ ਮੈਂਬਰਾਂ 'ਚ ਕੋਈ ਲੱਛਣ ਪਾਏ ਗਏ ਤਾਂ ਉਨ੍ਹਾਂ ਦੇ ਸੈਂਪਲ ਲਏ ਜਾਣਗੇ।
ਇਹ ਵੀ ਪੜ੍ਹੋ : ਪੰਜਾਬ 'ਚ ਕਰਫਿਊ ਦਰਮਿਆਨ ਸਰਕਾਰ ਨੇ ਲਾਂਚ ਕੀਤੀ 'ਕੋਵਾ ਐਪ', ਮਿਲਣਗੀਆਂ ਇਹ ਸਲਹੂਤਾਂ
ਇਹ ਵੀ ਪੜ੍ਹੋ : ਕਰਫਿਊ 'ਚ ਸ਼ਰਾਬੀ ਹੋਏ ਔਖੇ, ਸਬਰ ਦਾ ਬੰਨ੍ਹ ਟੁੱਟਣ ਤੋਂ ਬਾਅਦ ਲੁੱਟਿਆ ਸ਼ਰਾਬ ਦਾ ਠੇਕਾ (ਤਸਵੀਰਾਂ)