ਜਲੰਧਰ ਦੇ ਡੀ. ਸੀ. ਨੇ ਕੋਵਿਡ ਮਰੀਜ਼ਾਂ ਨੂੰ ਲੈ ਕੇ ਲਿਆ ਅਹਿਮ ਫ਼ੈਸਲਾ, ਪ੍ਰਾਈਵੇਟ ਐਂਬੂਲੈਂਸਾਂ ਦੀ ਸਰਵਿਸ ਦੇ ਰੇਟ ਕੀਤੇ ਨਿਰਧਾਰਿਤ
Sunday, May 02, 2021 - 11:16 AM (IST)
ਜਲੰਧਰ (ਚੋਪੜਾ)– ਕੋਵਿਡ-19 ਦੌਰਾਨ ਪ੍ਰਾਈਵੇਟ ਐਂਬੂਲੈਂਸ ਸੰਚਾਲਕਾਂ ਵੱਲੋਂ ਮਰੀਜ਼ਾਂ ਦੇ ਪਰਿਵਾਰਾਂ ਕੋਲੋਂ ਕੀਤੀ ਜਾ ਰਹੀ ਜ਼ਿਆਦਾ ਵਸੂਲੀ ਦੀਆਂ ਸ਼ਿਕਾਇਤਾਂ ਦਾ ਸਖ਼ਤ ਨੋਟਿਸ ਲੈਂਦਿਆਂ ਡਿਪਟੀ ਕਮਿਸ਼ਨਰ ਘਨਸ਼ਾਮ ਥੋਰੀ ਨੇ ਪ੍ਰਾਈਵੇਟ ਐਂਬੂਲੈਂਸਾਂ ਦੀ ਸਰਵਿਸ ਦੇ ਰੇਟ ਤੈਅ ਕਰ ਦਿੱਤੇ ਹਨ। ਡਿਪਟੀ ਕਮਿਸ਼ਨਰ ਨੇ ਇਸ ਦੇ ਨਾਲ ਹੀ ਸਾਰੇ ਸੰਚਾਲਕਾਂ ਨੂੰ ਚਿਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਜ਼ਿਆਦਾ ਵਸੂਲੀ ਸਬੰਧੀ ਪ੍ਰਾਈਵੇਟ ਐਂਬੂਲੈਂਸ ਸੰਚਾਲਕ ਖ਼ਿਲਾਫ਼ ਕੋਈ ਸ਼ਿਕਾਇਤ ਆਉਂਦੀ ਹੈ ਤਾਂ ਉਸਦੇ ਮਾਲਕ ਖ਼ਿਲਾਫ਼ ਐੱਫ. ਆਈ. ਆਰ. ਦਰਜ ਕੀਤੀ ਜਾਵੇਗੀ।
ਇਹ ਵੀ ਪੜ੍ਹੋ : ਆਕਸੀਜਨ ਤੇ ਬੈੱਡ ਦੀ ਕਿੱਲਤ ਕਾਰਨ ਮਰੀਜ਼ ਪੰਜਾਬ ਵੱਲ ਕਰ ਰਹੇ ਕੂਚ, ਕਈ ਹਸਪਤਾਲਾਂ ’ਚ ਚੱਲ ਰਿਹੈ ਇਲਾਜ
ਸ਼ਨੀਵਾਰ ਪ੍ਰਸ਼ਾਸਕੀ ਕੰਪਲੈਕਸ ਵਿਚ ਸਹਾਇਕ ਕਮਿਸ਼ਨਰ ਹਰਦੀਪ ਸਿੰਘ ਨੇ ਪ੍ਰਾਈਵੇਟ ਐਂਬੂਲੈਂਸ ਸੰਚਾਲਕਾਂ ਨਾਲ ਮੀਟਿੰਗ ਦੌਰਾਨ ਦੱਸਿਆ ਕਿ ਡਿਪਟੀ ਕਮਿਸ਼ਨਰ ਨੇ ਜਨਤਾ ਦੀ ਸਹੂਲਤ ਲਈ ਕੰਟਰੋਲ ਰੂਮ ਦੇ 2 ਨੰਬਰ 0181-2224417, 5073123 ਜਨਤਕ ਕੀਤੇ ਹਨ ਤਾਂ ਕਿ ਜੇਕਰ ਕੋਈ ਐਂਬੂਲੈਂਸ ਸੰਚਾਲਕ ਤੈਅ ਰੇਟਾਂ ਤੋਂ ਵੱਧ ਕਿਰਾਇਆ ਵਸੂਲਦਾ ਹੈ ਤਾਂ ਉਸ ਦੀ ਸ਼ਿਕਾਇਤ ਇਨ੍ਹਾਂ ਨੰਬਰਾਂ ’ਤੇ ਕੀਤੀ ਜਾਵੇ।
ਇਹ ਵੀ ਪੜ੍ਹੋ : ਸ਼ਨੀਵਾਰ ਤੇ ਐਤਵਾਰ ਨੂੰ ਜਲੰਧਰ ਜ਼ਿਲ੍ਹੇ ’ਚ ਨਹੀਂ ਹੋ ਸਕਣਗੇ ਵਿਆਹ, ਡੀ. ਸੀ. ਨੇ ਲਾਈਆਂ ਇਹ ਪਾਬੰਦੀਆਂ
ਉਨ੍ਹਾਂ ਕਿਹਾ ਕਿ ਡਿਪਟੀ ਕਮਿਸ਼ਨਰ ਨੇ ਹੁਕਮ ਜਾਰੀ ਕੀਤੇ ਹਨ ਕਿ ਸਾਰੀਆਂ ਤਰ੍ਹਾਂ ਦੀਆਂ ਐਂਬੂਲੈਂਸਾਂ ਲਈ ਸ਼ਹਿਰ ਦੇ ਅੰਦਰ 12 ਕਿਲੋਮੀਟਰ ਲਈ 1200 ਰੁਪਏ ਕਿਰਾਇਆ ਨਿਰਧਾਰਿਤ ਕੀਤਾ ਗਿਆ ਹੈ। ਇਸ ਤੋਂ ਬਾਅਦ ਬੇਸਿਕ ਲਾਈਫ ਸਪੋਰਟ ਵਾਲੀ 2000 ਸੀ. ਸੀ. ਤੱਕ ਦੀ ਐਂਬੂਲੈਂਸ ਮਰੀਜ਼ ਤੋਂ 12 ਰੁਪਏ ਪ੍ਰਤੀ ਕਿਲੋਮੀਟਰ ਦੀ ਦਰ ਨਾਲ ਕਿਰਾਇਆ ਵਸੂਲ ਸਕੇਗੀ। 2000 ਸੀ. ਸੀ. ਤੋਂ ਉਪਰ ਦੀ ਐਂਬੂਲੈਂਸ ਪਹਿਲੇ 15 ਕਿਲੋਮੀਟਰ ਤੱਕ ਲਈ 1500 ਰੁਪਏ ਅਤੇ ਉਸ ਤੋਂ ਬਾਅਦ ਦੇ ਸਫ਼ਰ ਲਈ 15 ਰੁਪਏ ਪ੍ਰਤੀ ਕਿਲੋਮੀਟਰ ਹੀ ਕਿਰਾਇਆ ਲੈ ਸਕੇਗੀ।
ਇਹ ਵੀ ਪੜ੍ਹੋ : ਹੁਸ਼ਿਆਰਪੁਰ ਦੇ ਨੌਜਵਾਨ ਨੇ ਜਲੰਧਰ ਵਿਖੇ ਰੇਲਵੇ ਟ੍ਰੈਕ ’ਤੇ ਖੜ੍ਹ ਕੇ ਲਾਈ ਖ਼ੁਦ ਨੂੰ ਅੱਗ, DMC ’ਚ ਤੋੜਿਆ ਦਮ
ਉਨ੍ਹਾਂ ਕਿਹਾ ਕਿ ਜੇਕਰ ਐਂਬੂਲੈਂਸ ਐਡਵਾਂਸ ਕਾਰਡੀਅਕ ਲਾਈਫ ਸਪੋਰਟ ਵਾਲੀ ਹੈ ਤਾਂ ਐਂਬੂਲੈਂਸ ਸੰਚਾਲਕ ਪਹਿਲੇ 15 ਕਿਲੋਮੀਟਰ ਲਈ 2000 ਰੁਪਏ ਵਸੂਲ ਸਕਦਾ ਹੈ, ਜਦੋਂ ਕਿ ਉਸ ਤੋਂ ਬਾਅਦ ਦੇ ਸਫ਼ਰ ਲਈ 20 ਰੁਪਏ ਪ੍ਰਤੀ ਕਿਲੋਮੀਟਰ ਦੀ ਦਰ ਨਾਲ ਹੀ ਕਿਰਾਇਆ ਵਸੂਲਿਆ ਜਾ ਸਕੇਗਾ। ਸਹਾਇਕ ਕਮਿਸ਼ਨਰ ਨੇ ਕਿਹਾ ਕਿ ਜੇਕਰ ਕੋਈ ਐਂਬੂਲੈਂਸ ਕੋਰੋਨਾ ਮਰੀਜ਼ ਨੂੰ 10 ਕਿਲੋਮੀਟਰ ਤੱਕ ਸ਼ਹਿਰ ਦੇ ਅੰਦਰ ਕਿਸੇ ਜਗ੍ਹਾ ਛੱਡਦੀ ਹੈ ਤਾਂ ਕਾਰਡੀਅਕ ਸਿਸਟਮ ਵਾਲੀ 1000 ਅਤੇ 2000 ਸੀ. ਸੀ. ਤੱਕ ਵਾਲੀ ਐਂਬੂਲੈਂਸ ਕ੍ਰਮਵਾਰ 600 ਅਤੇ 800 ਰੁਪਏ ਵਸੂਲ ਸਕੇਗੀ। ਕੋਵਿਡ ਮਰੀਜ਼ ਨੂੰ ਲਿਜਾਣ ਸਮੇਂ ਉਸ ਨਾਲ ਜਾ ਰਹੇ ਲੋਕਾਂ ਕੋਲ ਫੇਸ ਮਾਸਕ, ਦਸਤਾਨੇ ਅਤੇ ਪੀ. ਪੀ. ਈ. ਕਿੱਟ ਹੋਣੀ ਜ਼ਰੂਰੀ ਹੈ।
ਇਹ ਵੀ ਪੜ੍ਹੋ : ਜਲੰਧਰ: PAP ਦੇ ਹੈੱਡ ਕਾਂਸਟੇਬਲ ਨੇ ਜ਼ਹਿਰੀਲਾ ਪਦਾਰਥ ਨਿਗਲ ਕੇ ਕੀਤੀ ਖ਼ੁਦਕੁਸ਼ੀ, ਸੁਸਾਈਡ ਨੋਟ ’ਚ ਦੱਸਿਆ ਕਾਰਨ
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?