ਬੁਲੇਟ ''ਤੇ ਵਿਆਹ ਕੇ ਲਿਆਇਆ ਲਾੜੀ, ਪੁਲਸ ਨੇ ਇੰਝ ਕੀਤਾ ਸੁਆਗਤ
Thursday, May 21, 2020 - 10:47 AM (IST)
ਗੋਰਾਇਆ (ਮੁਨੀਸ਼, ਹੇਮੰਤ)— ਗੋਰਾਇਆ ਦੇ ਮੁੱਖ ਚੌਕ 'ਚ ਉਸ ਸਮੇਂ ਵੱਖਰਾ ਹੀ ਨਜ਼ਾਰਾ ਦੇਖਣ ਨੂੰ ਮਿਲਿਆ ਜਦੋਂ ਗੋਰਾਇਆ ਪੁਲਸ ਵੱਲੋਂ ਬੁਲੇਟ ਮੋਟਰਸਾਈਕਲ 'ਤੇ ਵਿਆਹ ਕੇ ਆ ਰਹੇ ਇਕ ਨਵ ਵਿਆਹੇ ਜੋੜੇ ਦਾ ਸਵਾਗਤ ਕੀਤਾ ਗਿਆ। ਇਸ ਮੌਕੇ ਨਵੇਂ ਵਿਆਹੇ ਜੋੜੇ ਨੇ ਦੱਸਿਆ ਕਿ ਮੁੰਡਾ, ਬਲਾਚੌਰ ਦੇ ਪਿੰਡ ਚਲਾਂਗ ਨੇੜੇ ਤੋਂ ਬੁਲੇਟ 'ਤੇ ਨਕੋਦਰ ਲਾਗੇ ਬਾਰਾਤ ਲੈ ਕੇ ਗਿਆ ਸੀ।
ਉਸ ਨੇ ਦੱਸਿਆ ਕਿ ਸਰਕਾਰ ਵੱਲੋਂ ਭਾਵੇਂ 50 ਲੋਕਾਂ ਦੀ ਮਨਜ਼ੂਰੀ ਦੇ ਦਿੱਤੀ ਗਈ ਹੈ ਪਰ ਉਹ 6-7 ਪਰਿਵਾਰ ਦੇ ਮੈਂਬਰ ਹੀ ਗਏ ਸਨ। ਉਨ੍ਹਾਂ ਕਿਹਾ ਕਿ ਘੱਟ ਬਾਰਾਤ ਲੈ ਜਾਣ ਨਾਲ ਜਿੱਥੇ ਲੜਕੀ ਪਰਿਵਾਰ ਦਾ ਖਰਚਾ ਘੱਟ ਹੁੰਦਾ ਹੈ ਉਥੇ ਹੀ ਕੋਰੋਨਾ ਮਹਾਮਾਰੀ ਤੋਂ ਵੀ ਆਪਾਂ ਬੱਚ ਸਕਦੇ ਹਾਂ।
ਉਨ੍ਹਾਂ ਕਿਹਾ ਕਿ ਗੋਰਾਇਆ ਪੁਲਸ ਵੱਲੋਂ ਉਨ੍ਹਾਂ ਦਾ ਕੇਕ ਕਟਵਾਇਆ ਗਿਆ ਅਤੇ ਨਾਲ ਹੀ ਉਨ੍ਹਾਂ ਨੂੰ ਸ਼ਗਨ ਦਿੱਤਾ ਗਿਆ। ਇਸ ਮੌਕੇ ਸਬ ਇੰਸਪੈਕਟਰ ਰੰਜਨਾ ਦੇਵੀ ਨੇ ਕਿਹਾ ਕਿ ਭਾਵੇਂ ਸਰਕਾਰ ਵੱਲੋਂ 50 ਲੋਕਾਂ ਨੂੰ ਵਿਆਹ 'ਚ ਸ਼ਾਮਲ ਹੋਣ ਦੀ ਪਰਮਿਸ਼ਨ ਦੇ ਦਿੱਤੀ ਹੈ ਪਰ ਸਾਰਿਆਂ ਦਾ ਫਰਜ਼ ਬਣਦਾ ਹੈ ਕਿ ਉਹ ਖੁਦ ਹੀ ਘੱਟ ਤੋਂ ਘੱਟ ਭੀੜ ਪਾਉਣ ਤਾਂ ਜੋ ਇਸ ਵਾਇਰਸ ਦੀ ਚੇਨ ਨੂੰ ਤੋੜਿਆ ਜਾ ਸਕੇ। ਇਸ ਮੌਕੇ ਏ. ਐੱਸ. ਆਈ. ਕੁਲਦੀਪ ਸਿੰਘ, ਏ. ਐੱਸ. ਆਈ. ਚਰਨਜੀਤ ਸਿੰਘ ਹਾਜ਼ਰ ਸਨ।
ਇਹ ਵੀ ਪੜ੍ਹੋ: ਪ੍ਰਤਾਪ ਬਾਜਵਾ ਦਾ ਫਿਰ ਤੋਂ ਸਰਕਾਰ 'ਤੇ ਹਮਲਾ, 3 ਸਾਲਾਂ 'ਚ 2700 ਕਰੋੜ ਦਾ ਹੋਇਆ ਨੁਕਸਾਨ