ਕੁਆਰੰਟਾਈਨ ਕੀਤੇ ਦਰਜਨਾਂ NRIs ਦੀ ਕੋਰੋਨਾ ਰਿਪੋਰਟ ਨੈਗੇਟਿਵ ਆਉਣ ''ਤੇ ਘਰਾਂ ਨੂੰ ਪਰਤੇ
Saturday, Aug 01, 2020 - 02:33 PM (IST)
ਜਲੰਧਰ (ਪੁਨੀਤ)— ਕੈਨੇਡਾ, ਲੰਡਨ ਸਮੇਤ ਅਰਬ ਦੇਸ਼ਾਂ ਤੋਂ ਆਏ ਜਲੰਧਰ ਨਾਲ ਸਬੰਧਤ ਐੱਨ. ਆਰ. ਆਈਜ਼. ਨੂੰ ਅੰਮ੍ਰਿਤਸਰ ਏਅਰਪੋਰਟ 'ਤੇ ਲੈਂਡ ਹੋਣ ਤੋਂ ਬਾਅਦ ਬੱਸਾਂ ਰਾਹੀਂ ਜਲੰਧਰ ਲਿਆਂਦਾ ਗਿਆ। ਇਥੇ ਵੱਖ-ਵੱਖ ਸਥਾਨਾਂ 'ਚ ਬਣਾਏ ਗਏ ਸੈਂਟਰਾਂ 'ਚ ਉਨ੍ਹਾਂ ਨੂੰ ਕੁਆਰੰਟਾਈਨ ਕੀਤਾ ਗਿਆ ਸੀ। ਕੁਆਰੰਟਾਈਨ ਕਰਨ ਦੇ ਉਪਰੰਤ ਉਨ੍ਹਾਂ ਦੇ ਕੋਰੋਨਾ ਟੈਸਟ ਲਈ ਨਮੂਨੇ ਲਏ ਗਏ, ਇਨ੍ਹਾਂ ਦੀ ਰਿਪੋਰਟ ਪਾਜ਼ੇਟਿਵ ਆਈ ਹੈ, ਜਿਨ੍ਹਾਂ 'ਤੇ ਸਿਹਤ ਮਹਿਕਮੇ ਦੀ ਗਾਈਡ ਲਾਈਨ ਮੁਤਾਬਕ ਪ੍ਰਕਿਰਿਆ ਨੂੰ ਅੱਗੇ ਵਧਾਇਆ ਗਿਆ।
ਅਧਿਕਾਰੀਆਂ ਨੇ ਕਿਹਾ ਕਿ ਜਿਨ੍ਹਾਂ ਦੀ ਰਿਪੋਰਟ ਨੈਗੇਟਿਵ ਆਈ ਹੈ ਉਨ੍ਹਾਂ ਨੂੰ ਸਾਰੀ ਪ੍ਰਕਿਰਿਆ ਪੂਰੀ ਕਰਨ ਤੋਂ ਬਾਅਦ ਘਰਾਂ 'ਚ ਜਾਣ ਦੀ ਇਜਾਜ਼ਤ ਦਿੱਤੀ ਜਾ ਰਹੀ ਹੈ। ਇਸ ਲਈ ਇਸ ਹਫਤੇ ਕਈ ਦਰਜਨ ਐੱਨ. ਆਰ. ਆਈਜ਼ ਦੇ ਘਰਾਂ ਨੂੰ ਪਰਤਣ ਕਾਰਣ ਪਰਿਵਾਰਕ ਮੈਂਬਰਾਂ 'ਚ ਖੁਸ਼ੀ ਦੀ ਲਹਿਰ ਹੈ। ਜੋ ਕੋਰੋਨਾ ਵਾਇਰਸ ਪੀੜਤ ਪਾਏ ਗਏ ਹਨ ਉਨ੍ਹਾਂ ਦੇ ਰਿਸ਼ਤੇਦਾਰ ਆਪਣੇ ਪਰਿਵਾਰਕ ਮੈਂਬਰਾਂ ਦੇ ਜਲਦੀ ਠੀਕ ਹੋਣ ਦੀ ਕਾਮਨਾ ਕਰ ਰਹੇ ਹਨ। ਸ਼ੁੱਕਰਵਾਰ ਆਬੂਧਾਬੀ ਤੋਂ ਆਈ ਫਲਾਈਟ ਨੰ. ਐੱਲ. ਐਕਸ-1112 ਅੰਮ੍ਰਿਤਸਰ ਏਅਰਪੋਰਟ 'ਤੇ ਲੈਂਡ ਹੋਈ, ਇਸ ਦੇ ਜਲੰਧਰ ਅਤੇ ਆਸ-ਪਾਸ ਦੇ ਇਲਾਕਿਆਂ ਨਾਲ ਸਬੰਧਿਤ ਯਾਤਰੀਆਂ ਨੂੰ ਬੱਸਾਂ ਰਾਹੀਂ ਇਥੇ ਲਿਆ ਕੇ ਕੁਆਰੰਟਾਈਨ ਕਰ ਦਿੱਤਾ ਗਿਆ ਹੈ।
ਦੂਜੇ ਡਿਪੋਆਂ ਦੀਆਂ ਪਠਾਨਕੋਟ, ਬਟਾਲਾ ਲਈ 13-13, ਤਰਨਤਾਰਨ ਲਈ ਚੱਲੀਆਂ 11 ਬੱਸਾਂ
ਜਲੰਧਰ ਬੱਸ ਅੱਡੇ ਤੋਂ ਹੋ ਕੇ ਰਵਾਨਾ ਹੋਈਆਂ ਦੂਜੇ ਡਿਪੋਆਂ ਦੀਆਂ ਬੱਸਾਂ ਦੀ ਗੱਲ ਕੀਤੀ ਜਾਵੇ ਤਾਂ ਪਠਾਨਕੋਟ ਅਤੇ ਬਟਾਲਾ ਸਟੇਸ਼ਨ ਲਈ 13-13 ਬੱਸਾਂ ਰਵਾਨਾ ਹੋਇਆ। ਸਭ ਤੋਂ ਵਧ 225 ਸਵਾਰੀਆਂ ਬਟਾਲਾ ਲਈ ਬੈਠੀਆਂ ਜਦਕਿ ਪਠਾਨਕੋਟ ਲਈ 127 ਸਵਾਰੀਆਂ ਨੇ ਸਫਰ ਕੀਤਾ। ਇੰਝ ਹੀ ਤਰਨਤਾਰਨ ਲਈ ਚੱਲੀਆਂ 11 ਬੱਸਾਂ 'ਚ 117, ਨਵਾਂਸ਼ਹਿਰ ਦੀਆਂ 9 ਬੱਸਾਂ 'ਚ 139 ਸਵਾਰੀਆਂ ਬੈਠੀਆਂ। ਜਲੰਧਰ ਡਿਪੋ-1 ਵੱਲੋਂ ਸ਼ੁੱਕਰਵਾਰ 28 ਜਦਕਿ ਡਿਪੋ-2 ਰਾਹੀਂ 24 ਬੱਸਾਂ ਵੱਖ-ਵੱਖ ਰੂਟਾਂ ਲਈ ਰਵਾਨਾ ਕੀਤੀਆਂ ਗਈਆਂ।
ਮੋਗਾ ਲਈ ਸਿਰਫ 1 ਬੱਸ ਚੱਲੀ, ਜਿਸ 'ਚ 14 ਸਵਾਰੀਆਂ ਬੈਠੀਆਂ। ਰੋਡਵੇਜ ਦੀਆਂ ਚੱਲੀਆਂ ਕੁੱਲ 127 ਬੱਸਾਂ 'ਚ 1812 ਸਵਾਰੀਆਂ ਨੇ ਸਫਰ ਕੀਤਾ, ਜਿਸ ਨਾਲ ਮਹਿਕਮੇ ਨੂੰ 1,92,256 ਰੁਪਏ ਦੀ ਕਲੈਕਸ਼ਨ ਹੋਈ। ਪੀ. ਆਰ. ਟੀ. ਸੀ. ਦੀਆਂ ਅੱਜ 22 ਬੱਸਾਂ ਚੱਲੀਆਂ ਜਦਕਿ ਪ੍ਰਾਈਵੇਟ ਟ੍ਰਾਂਸਪੋਰਟਜ਼ ਵੱਲੋਂ 45 ਬੱਸਾਂ ਚਲਾਈਆਂ ਗਈਆਂ। ਉਥੇ ਹੀ ਵੇਖਣ 'ਚ ਆਇਆ ਕਿ ਜਿਥੇ ਕਈ ਲੋਕਾਂ ਵੱਲੋਂ ਮਾਸਕ ਨਹੀਂ ਪਹਿਨਿਆ ਸੀ। ਬੱਸਾਂ ਦਾ ਕੁਝ ਸਟਾਫ ਵੀ ਬਿਨ੍ਹਾਂ ਮਾਸਕ ਦੇ ਨਜ਼ਰ ਆਇਆ।