ਰੇਤ ਦੀ ਖੇਡ 'ਚ ਸਭ ਗੋਲ-ਮਾਲ, ਸਖਤੀ ਦੇ ਬਾਵਜੂਦ ਜਲੰਧਰ 'ਚ ਨਾਜਾਇਜ਼ ਮਾਇਨਿੰਗ ਜ਼ੋਰਾਂ 'ਤੇ

Saturday, May 16, 2020 - 10:41 AM (IST)

ਨਕੋਦਰ (ਪਾਲੀ)— ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸਤਲੁਜ ਦਰਿਆ ਵਿਚ ਹੋ ਰਹੀ ਨਾਜਾਇਜ਼ ਰੇਤ ਦੀ ਸਮੱਗਲਿੰਗ ਰੋਕਣ ਲਈ ਅਧਿਕਾਰੀਆਂ ਨੂੰ ਸਖਤ ਕਾਰਵਾਈ ਕਰਨ ਦੇ ਹੁਕਮ ਦਿੱਤੇ ਸਨ ਪਰ ਫਿਰ ਵੀ ਰੇਤ ਮਾਫੀਆ ਸ਼ਰੇਆਮ ਨਾਜਾਇਜ਼ ਕਾਰੋਬਾਰ ਚਲਾ ਰਿਹਾ ਹੈ। ਇਸ ਦੀ ਮਿਸਾਲ ਜਲੰਧਰ ਦੇ ਅਧੀਨ ਆਉਂਦੇ ਮਹਿਤਪੁਰ ਦੇ ਪਿੰਡਾਂ ਵਿਚ ਦੇਖੀ ਜਾ ਰਹੀ ਹੈ। ਉਕਤ ਇਲਾਕੇ 'ਚ ਹੋ ਰਹੀ ਸ਼ਰੇਆਮ ਮਾਈਨਿੰਗ ਦੀ ਸ਼ਿਕਾਇਤ ਇਕ ਵਿਅਕਤੀ ਨੇ ਮੁੱਖ ਮੰਤਰੀ ਸਮੇਤ ਹੋਰ ਸੰਬੰਧਤ ਅਧਿਕਾਰੀ ਨੂੰ ਕੀਤੀ, ਜਿਸ 'ਤੇ ਤੁਰੰਤ ਮਾਈਨਿੰਗ ਵਿਭਾਗ ਅਤੇ ਪ੍ਰਸ਼ਾਸਨ ਨੇ ਤੁਰੰਤ ਕਾਰਵਾਈ ਕਰਦੇ ਹੋਏ ਇਲਾਕੇ 'ਚ ਚੱਲ ਰਹੀ ਨਾਜਾਇਜ਼ ਮਾਈਨਿੰਗ ਨੂੰ ਬੰਦ ਕਰਵਾ ਕੇ ਕਈ ਵਾਹਨ ਕਬਜ਼ੇ ਲਏ।

ਜ਼ਿਲਾ ਪ੍ਰਸ਼ਾਸਨ ਵੱਲੋਂ ਕੋਵਿਡ-19 ਦੌਰਾਨ ਪੰਜਾਬ 'ਚ ਲੱਗੇ ਕਰਫਿਊ ਦੌਰਾਨ 'ਰੇਤ ਦੀ ਖੇਡ' ਲਗਾਤਾਰ ਜਾਰੀ ਹੈ। ਜਗ ਬਾਣੀ ਨੂੰ ਜਾਣਕਾਰੀ ਦਿੰਦਿਆਂ ਮੇਜਰ ਸਿੰਘ ਪੁੱਤਰ ਕਿਰਪਾਲ ਸਿੰਘ ਵਾਸੀ ਪਿੰਡ ਤੰਦਓਰਾ (ਨਕੋਦਰ) ਨੇ ਮੁੱਖ ਮੰਤਰੀ ਪੰਜਾਬ, ਚੀਫ ਸੈਕਟਰੀ ਪੰਜਾਬ, ਡਾਇਰੈਕਟਰ ਮਾਈਨਿੰਗ ਪੰਜਾਬ, ਡਿਪਟੀ ਕਮਿਸ਼ਨਰ, ਐੱਸ. ਐੱਸ. ਪੀ. ਜਲੰਧਰ ਅਤੇ ਲੁਧਿਆਣਾ ਸਮੇਤ ਸਬੰਧਤ ਮਾਈਨਿੰਗ ਅਧਿਕਾਰੀਆਂ ਨੂੰ ਕੀਤੀ ਲਿਖਤੀ ਸ਼ਿਕਾਇਤ 'ਚ ਦੱਸਿਆ ਕਿ ਪਿੰਡ ਵੇਹਰਾ 'ਚ ਕੁਝ ਵਿਅਕਤੀਆਂ ਵੱਲੋਂ ਸਿਆਸੀ ਆਗੂਆਂ ਦੀ ਸ਼ਹਿ ਅਤੇ ਕੁਝ ਅਫਸਰਾਂ ਦੀ ਮਿਲੀਭੁਗਤ ਨਾਲ ਵੱਡੇ ਪੱਧਰ 'ਤੇ ਕਰਫਿਊ 'ਚ ਨਾਜਾਇਜ਼ ਮਾਈਨਿੰਗ ਕੀਤੀ ਜਾ ਰਹੀ ਹੈ। ਸ਼ਿਕਾਇਤਕਰਤਾ ਨੇ ਕਿਹਾ ਕਿ ਇਥੇ ਸੈਂਕੜੇ ਟਿੱਪਰ ਅਤੇ ਟਰਾਲੀਆਂ ਵੱਖ-ਵੱਖ ਥਾਵਾਂ ਤੋਂ ਆਉਂਦੇ ਹਨ, ਜਿਸ ਨਾਲ ਲਾਕ ਡਾਊਨ ਦੇ ਨਿਯਮਾਂ ਦੀਆਂ ਧੱਜੀਆਂ ਉੱਡ ਰਹੀਆਂ ਹਨ। ਇਸ ਨਾਲ ਜ਼ਿਲੇ ਵਿਚ ਕੋਰੋਨਾ ਵਾਇਰਸ ਦੀ ਮਾਹਾਮਾਰੀ ਫੈਲਣ ਦਾ ਡਰ ਹੈ।

PunjabKesari

ਉਕਤ ਸ਼ਿਕਾਇਤ 'ਤੇ ਅਧਿਕਾਰੀਆਂ ਵੱਲੋਂ ਕੀਤੀ ਗਈ ਜਾਂਚ ਪੜਤਾਲ ਤੋਂ ਬਾਅਦ ਨਾਜਾਇਜ਼ ਮਾਈਨਿੰਗ ਦੀਆਂ ਖੱਡਾਂ ਦੇ ਕੀਤੇ ਗਏ ਦੌਰੇ ਤੋਂ ਇਹ ਗੱਲ ਸਾਹਮਣੇ ਆਈ ਹੈ ਕਿ ਅਸਲੀਅਤ ਵਿਚ ਗੈਰ ਕਾਨੂੰਨੀ ਮਾਈਨਿੰਗ ਦੀ 'ਕਾਲੀ ਖੇਡ' ਬੰਦ ਨਹੀਂ ਹੋ ਸਕੀ। ਹਾਲਾਂਕਿ ਪੰਜਾਬ ਸਰਕਾਰ ਅਤੇ ਜ਼ਿਲਾ ਪ੍ਰਸ਼ਾਸਨ ਦੇ ਗੈਰ ਕਾਨੂੰਨੀ ਮਾਈਨਿੰਗ ਨੂੰ ਰੋਕਣ ਦੇ ਦਾਅਵੇ ਖੋਖਲੇ ਦਿਖਾਈ ਦੇ ਰਹੇ ਹਨ। ਉਥੇ ਹੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਦਾਅਵੇ ਵੀ ਫੋਕੇ ਸਾਬਤ ਹੋ ਰਹੇ ਹਨ। ਜਲੰਧਰ ਜ਼ਿਲੇ ਦੀ ਸਬ-ਡਵੀਜ਼ਨ ਨਕੋਦਰ ਅਤੇ ਸ਼ਾਹਕੋਟ ਦੇ ਕਈ ਪਿੰਡਾਂ ਤੋਂ ਇਲਾਵਾ ਸਤਲੁਜ ਦਰਿਆ ਦੇ ਆਸ-ਪਾਸ ਦੇ ਇਲਾਕੇ 'ਚ ਰੇਤਾ ਦੀ ਨਾਜਾਇਜ਼ ਮਾਈਨਿੰਗ ਵੱਡੇ 'ਤੇ ਕੀਤੀ ਜਾ ਰਹੀ ਹੈ। ਪ੍ਰਸ਼ਾਸਨ ਅਤੇ ਸਰਕਾਰਾਂ ਕੁੰਭਕਰਨੀ ਨੀਂਦ ਸੁੱਤੇ ਪਏ ਹਨ।

ਨਿਸ਼ਾਨਦੇਹੀ ਤੋਂ ਬਾਅਦ ਬਣਦੀ ਕਾਰਵਾਈ ਕੀਤੀ ਜਾਵੇਗੀ : ਐਕਸੀਅਨ ਵਿਜੇ ਗਰਗ
ਜਦੋਂ ਵੇਹਰਾ ਪਿੰਡ 'ਚ ਹੋ ਰਹੀ ਵੱਡੇ ਪੱਧਰ 'ਤੇ ਰੇਤ ਮਾਈਨਿੰਗ ਸਬੰਧੀ ਜ਼ਿਲਾ ਐਕਸੀਅਨ ਮਾਈਨਿੰਗ ਵਿਜੇ ਗਰਗ ਨਾਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਵਿਭਾਗ ਵੱਲੋਂ ਸਮੇਂ- ਸਮੇਂ 'ਤੇ ਰੇਤ ਮਾਫੀਆ ਖਿਲਾਫ ਸਖਤੀ ਨਾਲ ਕਾਰਵਾਈ ਕੀਤੀ ਜਾਂਦੀ ਹੈ। ਇਸ ਪਿੰਡ ਤੋਂ ਇਲਾਵਾ ਹੋਰ ਇਲਾਕਿਆਂ ਵਿਚ ਜੋ ਮਾਈਨਿੰਗ ਹੋ ਰਹੀ ਹੈ, ਉਹ ਨਾਜਾਇਜ਼ ਹੈ ਪਰ ਫਿਰ ਵੀ ਇਸ ਦੀ ਸਵੇਰੇ ਮਾਲ ਮਹਿਕਮੇ ਵੱਲੋਂ ਨਿਸ਼ਾਨਦੇਹੀ ਕੀਤੀ ਜਾਵੇਗੀ ਕਿ ਨਾਜਾਇਜ਼ ਮਾਈਨਿੰਗ ਵਾਲੀ ਜਗ੍ਹਾ ਕਿਸ ਜ਼ਿਲੇ ਵਿਚ ਪੈਂਦੀ ਹੈ। ਇਸ ਤੋਂ ਬਾਅਦ ਬਣਦੀ ਕਾਰਵਾਈ ਕੀਤੀ ਜਾਵੇਗੀ।

ਮਾਈਨਿੰਗ ਅਤੇ ਮਾਲ ਵਿਭਾਗ ਦੇ ਅਧਿਕਾਰੀਆਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ : ਐੱਸ. ਡੀ. ਐੱਮ. ਅਮਿਤ ਪੰਚਾਲ
ਇਸ ਸਬੰਧੀ ਜਦੋ ਐੱਸ. ਡੀ. ਐੱਮ. ਨਕੋਦਰ ਅਮਿਤ ਕੁਮਾਰ ਪੰਚਾਲ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਸ਼ਿਕਾਇਤ ਮਿਲਣ 'ਤੇ ਮੈਂ ਮੌਕੇ 'ਤੇ ਪਹੁੰਚਿਆ ਅਤੇ ਇਸ ਮਾਮਲੇ ਸਬੰਧੀ ਮਾਈਨਿੰਗ ਅਤੇ ਮਾਲ ਵਿਭਾਗ ਦੇ ਅਧਿਕਾਰੀਆਂ ਤੋਂ ਪੁੱਛਗਿੱਛ ਕੀਤੀ ਜਾ ਰਹੀ। ਕਾਨੂੰਨ ਅਨੁਸਾਰ ਬਣਦੀ ਕਾਰਵਾਈ ਕੀਤੀ ਜਾਵੇਗੀ। ਨਾਜਾਇਜ਼ ਮਾਈਨਿੰਗ ਸਬੰਧੀ ਉਨ੍ਹਾਂ ਕਿਹਾ ਕਿ ਕੁਝ ਵਾਹਨ ਵਗੈਰਾ ਪੁਲਸ ਨੇ ਕਬਜ਼ੇ 'ਚ ਲਏ ਹਨ।

ਨਾਜਾਇਜ਼ ਮਾਈਨਿੰਗ ਕਰਨ ਵਾਲੇ ਮਾਫੀਆ ਨੂੰ ਕਿਸੇ ਕੀਮਤ 'ਤੇ ਬਖਸ਼ਿਆ ਨਹੀਂ ਜਾਵੇਗਾ : ਡੀ. ਐੱਸ. ਪੀ. ਸ਼ਾਹਕੋਟ
ਇਸ ਸਬੰਧੀ ਜਦੋਂ ਡੀ. ਐੱਸ. ਪੀ. ਸ਼ਾਹਕੋਟ ਨਾਲ ਗੱਲ ਕੀਤੀ ਤਾਂ ਉਨ੍ਹਾਂ ਨੇ ਪਹਿਲਾਂ ਤਾਂ ਕਿਹਾ ਕਿ ਉਕਤ ਮਾਮਲਾ ਉਨ੍ਹਾਂ ਦੇ ਧਿਆਨ ਵਿਚ ਨਹੀਂ ਹੈ ਪਰ ਕੁਝ ਸਮੇਂ ਬਾਅਦ ਗੱਲ ਕਰਨ 'ਤੇ ਕਿਹਾ ਕਿ ਉਹ ਮੌਕੇ 'ਤੇ ਹਨ ਅਤੇ ਜਾਂਚ ਉਪਰੰਤ ਜੋ ਵੀ ਦੋਸ਼ੀ ਪਾਇਆ ਜਾਂਦਾ ਹੈ ਤਾਂ ਉਸ ਨੂੰ ਕਿਸੇ ਕੀਮਤ 'ਤੇ ਬਖਸ਼ਿਆ ਨਹੀ ਜਾਵੇਗਾ।


shivani attri

Content Editor

Related News