ਅੱਜ ਸਿੰਗਾਪੁਰ, ਆਬੂਧਾਬੀ, ਕੁਵੈਤ ਤੋਂ ਆਉਣ ਵਾਲੇ ਯਾਤਰੀਆਂ ਲਈ ਬੱਸਾਂ ਤਿਆਰ

05/27/2020 10:30:48 AM

ਜਲੰਧਰ (ਪੁਨੀਤ)— ਸਿੰਗਾਪੁਰ, ਆਬੂਧਾਬੀ, ਕੁਵੈਤ ਤੋਂ ਯਾਤਰੀ ਬੁੱਧਵਾਰ ਨੂੰ ਪੰਜਾਬ ਪਹੁੰਚਣਗੇ, ਜਿਨ੍ਹਾਂ ਨੂੰ ਅੰਮ੍ਰਿਤਸਰ ਤੋਂ ਲਿਆਉਣ ਲਈ ਸੈਨੇਟਾਈਜ਼ ਕਰਕੇ ਬੱਸਾਂ ਨੂੰ ਤਿਆਰ ਕਰ ਲਿਆ ਗਿਆ ਹੈ। ਇਨ੍ਹਾਂ 'ਚੋਂ ਸਿੰਗਾਪੁਰ ਦਾ ਜਹਾਜ਼ ਸਵੇਰੇ ਆਵੇਗਾ, ਜਿਸ ਲਈ ਬੱਸਾਂ ਰਵਾਨਾ ਕਰ ਦਿੱਤੀਆਂ ਗਈਆਂ ਹਨ, ਜਦਕਿ ਆਬੂਧਾਬੀ ਦਾ ਜਹਾਜ਼ ਸ਼ਾਮ 4 ਵਜੇ ਅਤੇ ਕੁਵੈਤ ਦਾ ਜਹਾਜ਼ ਰਾਤ 11 ਵਜੇ ਅੰਮ੍ਰਿਤਸਰ ਪਹੁੰਚੇਗਾ। ਇਸ ਲਈ ਬੁੱਧਵਾਰ ਨੂੰ ਵੱਖ-ਵੱਖ ਸਮੇਂ ਬੱਸਾਂ ਰਵਾਨਾ ਕੀਤੀਆਂ ਜਾਣਗੀਆਂ ।

ਯਾਤਰੀਆਂ ਨੂੰ ਲਿਆਉਣ ਲਈ ਸੀਨੀਅਰ ਡਰਾਈਵਰਾਂ/ਕੰਡਕਟਰਾਂ ਦੀਆਂ ਡਿਊਟੀਆਂ ਲਾਈਆਂ ਗਈਆਂ ਹਨ ਤਾਂ ਜੋ ਯਾਤਰੀਆਂ ਨੂੰ ਕੋਈ ਮੁਸ਼ਕਿਲ ਪੇਸ਼ ਨਾ ਆਵੇ। ਉਥੇ ਹੀ ਯੂ. ਕੇ. (ਬਰਮਿੰਘਮ ਤੋਂ) ਦੇ ਜਹਾਜ਼ ਤੋਂ ਆਏ ਯਾਤਰੀ ਬੀਤੇ ਦਿਨ ਅੰਮ੍ਰਿਤਸਰ ਪਹੁੰਚੇ, ਇਨ੍ਹਾਂ 50 ਦੇ ਲਗਭਗ ਯਾਤਰੀਆਂ ਨੂੰ ਲੈ ਕੇ 2 ਬੱਸਾਂ ਜਲੰਧਰ ਲਈ ਰਵਾਨਾ ਹੋਈਆਂ। ਅੰਮ੍ਰਿਤਸਰ ਹਵਾਈ ਅੱਡੇ 'ਤੇ ਆਉਣ ਵਾਲੇ ਜਹਾਜ਼ ਦੇ ਯਾਤਰੀਆਂ 'ਚ ਜਲੰਧਰ ਤੋਂ ਯਾਤਰੀਆਂ ਦੀ ਗਿਣਤੀ ਜ਼ਿਆਦਾ ਦੱਸੀ ਜਾ ਰਹੀ ਹੈ। ਇਸ ਦੇ ਲਈ ਜਲੰਧਰ ਡਿਪੂ-1 'ਚ ਬੱਸਾਂ ਨੂੰ ਪੂਰੀ ਤਿਆਰੀ ਰੱਖਣ ਦੀਆਂ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ ।

ਦੋਹਾ, ਲਾਹੌਰ ਦੇ ਜਹਾਜ਼ਾਂ ਦਾ ਸ਼ਡਿਊਲ ਵੀ ਹੋਇਆ ਜਾਰੀ
ਉਥੇ ਹੀ ਯਾਤਰੀਆਂ ਨੂੰ ਲਿਆਉਣ ਲਈ ਬੱਸਾਂ ਤਿਆਰ ਕਰਨ 'ਚ ਕੋਈ ਮੁਸ਼ਕਿਲ ਨਹੀਂ ਆਈ, ਇਸ ਦੇ ਲਈ ਦੋਹਾ ਅਤੇ ਲਾਹੌਰ ਤੋਂ ਆਉਣ ਵਾਲੀਆਂ ਬੱਸਾਂ ਦਾ ਸ਼ਡਿਊਲ ਵੀ ਜਾਰੀ ਕਰ ਦਿੱਤਾ ਗਿਆ ਹੈ । 31 ਮਈ ਨੂੰ ਦੋਹਾ ਤੋਂ ਜਹਾਜ਼ ਸ਼ਾਮ 8.25 ਵਜੇ ਉਤਰੇਗਾ, ਜਦਕਿ ਆਬੂਧਾਬੀ ਤੋਂ ਜਹਾਜ਼ 3 ਜੂਨ ਨੂੰ ਸ਼ਾਮ 4 ਵਜੇ ਪਹੁੰਚੇਗਾ। ਇਸੇ ਤਰ੍ਹਾਂ 11 ਜੂਨ ਨੂੰ ਲਾਹੌਰ ਤੋਂ ਜਹਾਜ਼ ਆਵੇਗਾ । ਉਪਰੋਕਤ ਜਹਾਜ਼ਾਂ ਦੇ ਯਾਤਰੀਆਂ ਨੂੰ ਜਲੰਧਰ ਡਿਪੂ ਦੀਆਂ ਬੱਸਾਂ ਲੈ ਕੇ ਆਉਣਗੀਆਂ ।

PunjabKesari

37 ਬੱਸਾਂ ਨਾਲ ਹੋਈ 86 ਹਜ਼ਾਰ ਦੀ ਕਲੈਕਸ਼ਨ
ਮੰਗਲਵਾਰ ਛੁੱਟੀ ਹੋਣ ਦੇ ਬਾਵਜੂਦ ਵੱਖ-ਵੱਖ ਸ਼ਹਿਰਾਂ 'ਚ ਜਾਣ ਵਾਲੇ ਯਾਤਰੀਆਂ ਦੀ ਗਿਣਤੀ 846 ਰਹੀ ।ਇਨ੍ਹਾਂ ਯਾਤਰੀਆਂ ਨੂੰ ਲੈ ਕੇ 37 ਬੱਸਾਂ ਰਵਾਨਾ ਕੀਤੀਆਂ ਗਈਆਂ। ਇਸ ਨਾਲ ਮਹਿਕਮੇ ਨੂੰ 86 ਹਜ਼ਾਰ ਰੁਪਏ ਦੀ ਕੁਲੈਕਸ਼ਨ ਹੋਈ। ਮਹਿਕਮੇ ਵੱਲੋਂ 4 ਮਾਰਗ ਚਲਾਏ ਗਏ, ਜਿਨ੍ਹਾਂ 'ਚ ਚੰਡੀਗੜ੍ਹ, ਅੰਮ੍ਰਿਤਸਰ, ਲੁਧਿਆਣਾ ਅਤੇ ਪਠਾਨਕੋਟ ਸ਼ਾਮਲ ਹਨ। ਚੰਡੀਗੜ੍ਹ ਮਾਰਗ ਲਈ ਯਾਤਰੀਆਂ ਦੀ ਗਿਣਤੀ ਬਹੁਤ ਘੱਟ ਸੀ ।

ਮੰਗਲਵਾਰ ਕੋਈ ਬੱਸ ਮਜ਼ਦੂਰਾਂ ਨੂੰ ਲੈਣ ਨਹੀਂ ਗਈ
ਉਥੇ ਹੀ ਮਹਿਕਮੇ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਦੂਜੇ ਸੂਬਿਆਂ 'ਚ ਜਾਣ ਵਾਲੇ ਮਜ਼ਦੂਰਾਂ ਲਈ ਹਰ ਰੋਜ਼ 30 ਤੋਂ 40 ਬੱਸਾਂ ਭੇਜੀਆਂ ਜਾਂਦੀਆਂ ਹਨ। ਉਕਤ ਬੱਸਾਂ ਵੱਖ-ਵੱਖ ਥਾਵਾਂ ਤੋਂ ਮਜ਼ਦੂਰਾਂ ਨੂੰ ਰੇਲਵੇ ਸਟੇਸ਼ਨ 'ਤੇ ਛੱਡਦੀਆਂ ਹਨ ਪਰ ਮੰਗਲਵਾਰ ਪ੍ਰਸ਼ਾਸਨ ਵੱਲੋਂ ਕੋਈ ਮੰਗ ਨਹੀਂ ਰੱਖੀ ਗਈ, ਜਿਸ ਕਾਰਨ ਕੋਈ ਬੱਸ ਨਹੀਂ ਰਵਾਨਾ ਕੀਤੀ ਗਈ ।ਦੇਖਣ 'ਚ ਆਇਆ ਹੈ ਕਿ ਕੁਝ ਮਜ਼ਦੂਰ ਖੁਦ ਹੀ ਬੱਸ ਅੱਡੇ 'ਤੇ ਪਹੁੰਚ ਗਏ ਪਰ ਜਦ ਉਨ੍ਹਾਂ ਨੂੰ ਪਤਾ ਲੱਗਾ ਕਿ ਟਰੇਨ ਨਾ ਜਾਣ ਕਾਰਨ ਬੱਸਾਂ ਨਹੀਂ ਚੱਲਣਗੀਆਂ ਤਾਂ ਉਹ ਨਿਰਾਸ਼ ਹੋ ਕੇ ਪਰਤ ਗਏ।


shivani attri

Content Editor

Related News