ਟਰੱਕਾਂ ਪਿੱਛੇ ਲਿਖੇ ਮਿਲਣਗੇ 'ਫਿਜ਼ੀਕਲ ਡਿਸਟੈਂਸ ਪਲੀਜ਼' ਵਰਗੇ ਨਵੇਂ ਨਾਹਰੇ
Monday, Jun 08, 2020 - 05:59 PM (IST)

ਜਲੰਧਰ— ਪੰਜਾਬ 'ਚ ਕੋਰੋਨਾ ਵਾਇਰਸ ਦਾ ਕਹਿਰ ਲਗਾਤਾਰ ਜਾਰੀ ਹੈ। ਕੋਰੋਨਾ ਤੋਂ ਬਚਣ ਲਈ ਕੇਂਦਰ ਅਤੇ ਸੂਬਾ ਸਰਕਾਰਾਂ ਵੱਲੋਂ ਸਮਾਜਿਕ ਦੂਰੀ ਸਮੇਤ ਕਈ ਤਰ੍ਹਾਂ ਦੀਆਂ ਹਦਾਇਤਾਂ ਦਿੱਤੀਆਂ ਗਈਆਂ ਹਨ। ਇਥੇ ਦੱਸ ਦੇਈਏ ਕੇਂਦਰ ਸਰਕਾਰ ਵੱਲੋਂ ਆਉਣ ਵਾਲੇ ਦਿਨਾਂ 'ਚ ਕੋਰੋਨਾ ਨੂੰ ਹਰਾਉਣ ਲਈ ਜਾਗਰੂਕਤਾ ਸਬੰਧੀ ਨਿਯਮਾਂ ਦੀ ਪਾਲਣਾਂ ਲਈ ਨਾਹਰੇ ਲਿਖਵਾਉਣ ਸਮੇਤ ਹੋਰ ਬਦਲਾਂ 'ਤੇ ਤੇਜ਼ੀ ਨਾਲ ਵਿਚਾਰ ਕੀਤਾ ਜਾ ਰਿਹਾ ਹੈ।
ਆਉਣ ਵਾਲੇ ਸਮੇਂ 'ਚ ਤੁਹਾਨੂੰ ਟਰੱਕ, ਬੱਸਾਂ ਜਾਂ ਫਿਰ ਸਾਮਾਨ ਦੀ ਢੋਆ ਢੁਆਈ ਵਾਲੇ ਵਾਹਨਾਂ 'ਤੇ 'ਹਸੀਨਾ ਮਾਨ ਜਾਏਗੀ', 'ਮੁੜ-ਮੁੜ ਕੇ ਨਾ ਦੇਖ', 'ਬੁਰੀ ਨਜ਼ਰ ਵਾਲੇ ਤੇਰਾ ਮੂੰਹ ਕਾਲਾ' ਵਰਗੇ ਨਾਹਰੇ ਲਿਖੇ ਨਹੀਂ ਦਿਖਾਈ ਦੇਣਗੇ। ਕੇਂਦਰ ਸਰਕਾਰ ਦਾ ਮੰਨਣਾ ਹੈ ਕਿ ਕੋਵਿਡ-19 ਤੋਂ ਬਚਣ ਲਈ ਸਮਾਜਿਕ ਦੂਰੀ ਅਤੇ ਆਮ ਲੋਕਾਂ 'ਚ ਜਾਗਰੂਕਤਾ ਹੀ ਇਕ ਮਧਿਅਮ ਹੈ। ਭਾਰਤ ਸਰਕਾਰ ਸਾਰੇ ਤਰ੍ਹਾਂ ਦੇ ਛੋਟੇ-ਵੱਡੇ ਸਾਮਾਨ ਦੀ ਢੋਆ ਢੁਆਈ ਵਾਲੇ ਵਾਹਨਾਂ ਦੇ ਪਿੱਛੇ ਕੋਰੋਨਾ ਵਾਇਰਸ ਤੋਂ ਬਚਣ ਲਈ ਦਿਲਚਸਪ ਨਾਹਰੇ ਲਿਖਵਾਉਣ ਦਾ ਖਾਕਾ ਤਿਆਰ ਕਰ ਰਹੀ ਹੈ। ਸਰਕਾਰ ਨੇ ਇਸ ਲਈ ਸੂਬਿਆਂ ਤੋਂ ਸੁਝਾਅ ਮੰਗੇ ਹਨ। ਖਾਸ ਗੱਲ ਇਹ ਹੈ ਕਿ ਸੂਬਾ ਆਪਣੀਆਂ-ਆਪਣੀਆਂ ਭਾਸ਼ਾਵਾਂ 'ਚ ਸੌਖੇ ਤਰੀਕੇ ਨਾਲ ਨਾਹਰੇ ਲਿਖਵਾ ਸਕਣਗੇ। ਸਰਕਾਰ ਦੀਆਂ ਕਈ ਕੋਸ਼ਿਸ਼ਾਂ ਦੇ ਤਹਿਤ ਲੋਕ ਘਰਾਂ 'ਚ ਰੁਕ ਨਹੀਂ ਰਹੇ ਹਨ। ਅਨਲਾਕ-1 'ਚ ਚੌਂਕ ਚੁਰਾਹਿਆਂ, ਬੱਸ ਅੱਡੇ ਅਤੇ ਭੀੜ ਵਾਲੇ ਖੇਤਰਾਂ 'ਚ ਲੋਕਾਂ ਦੀ ਭੀੜ ਲੱਗਣੀ ਸ਼ੁਰੂ ਹੋ ਗਈ ਹੈ।
ਮਹਾਮਾਰੀ ਬਣ ਚੁੱਕੇ ਕੋਵਿਡ-19 ਨਾਲ ਸਾਰੇ ਦੇਸ਼ ਚਿੰਤਾ 'ਚ ਹਨ। ਭਾਰਤ ਲਈ ਕੋਰੋਨਾ ਵਾਇਰਸ ਵੱਡੀ ਚੁਣੌਤੀ ਬਣਦਾ ਜਾ ਰਿਹਾ ਹੈ, ਜਿਸ ਨੂੰ ਜਾਗਰੂਕਤਾ ਅਤੇ ਸਮਾਜਿਕ ਦੂਰੀ ਨਾਲ ਹੀ ਹਰਾਇਆ ਜਾ ਸਕਦਾ ਹੈ। ਆਰ. ਟੀ. ਏ. ਸੈਕਟਰੀ ਬਰਜਿੰਦਰ ਸਿੰਘ ਦਾ ਕਹਿਣਾ ਹੈ ਕਿ ਸਰਕਾਰ ਵੱਲੋਂ ਕਈ ਮਹੱਤਵਪੂਰਨ ਸੁਝਾਅ ਹਨ, ਜਿਨ੍ਹਾਂ 'ਤੇ ਅਮਲ ਕੀਤਾ ਜਾ ਰਿਹਾ ਹੈ।