ਬਠਿੰਡਾ ਲਈ ਰਾਹਤ ਭਰੀ ਖਬਰ, 21 ਮਰੀਜ਼ 'ਕੋਰੋਨਾ' ਨੂੰ ਹਰਾ ਕੇ ਘਰਾਂ ਨੂੰ ਪਰਤੇ
Friday, May 15, 2020 - 08:06 PM (IST)
ਬਠਿੰਡਾ (ਕੁਨਾਲ)— ਬਠਿੰਡਾ ਜ਼ਿਲੇ ਤੋਂ ਸ਼ੁੱਕਰਵਾਰ ਨੂੰ ਰਾਹਤ ਭਰੀ ਖਬਰ ਮਿਲੀ। ਅੱਜ ਸਰਕਾਰੀ ਹਸਪਤਾਲ 'ਚ ਇਲਾਜ ਅਧੀਨ 21 ਲੋਕਾਂ ਨੇ ਕੋਰੋਨਾ 'ਤੇ ਫਤਿਹ ਹਾਸਲ ਕੀਤੀ, ਜਿਨ੍ਹਾਂ ਨੂੰ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ। ਇਸ ਮੌਕੇ ਜ਼ਿਲੇ ਦੇ ਡਿਪਟੀ ਕਮਿਸ਼ਨਰ ਬੀ. ਸ੍ਰੀ ਨਿਵਾਸਨ, ਆਈ. ਜੀ. ਏ. ਕੇ. ਮਿੱਤਲ, ਐੱਸ. ਐੱਸ. ਪੀ. ਡਾ. ਨਾਨਕ ਸਿੰਘ ਅਤੇ ਸਿਵਲ ਸਰਜਨ ਡਾ. ਅਮਰੀਕ ਸਿੰਘ ਨੇ ਇੰਨਾਂ ਮਰੀਜਾਂ ਨੂੰ ਫੁੱਲਾਂ ਦੇ ਗੁਲਦਸਤੇ ਦੇ ਕੇ ਘਰਾਂ ਨੂੰ ਭੇਜਿਆ।
ਇਹ ਵੀ ਪੜ੍ਹੋ: ਸੁਖਬੀਰ ਤੇ ਹਰਸਿਮਰਤ ਬਾਦਲ ਵੱਲੋਂ ਗੁਰਦਾਸ ਸਿੰਘ ਬਾਦਲ ਜੀ ਦੇ ਦਿਹਾਂਤ 'ਤੇ ਦੁੱਖ ਦਾ ਪ੍ਰਗਟਾਵਾ (ਵੀਡੀਓ)
ਇਸ ਮੌਕੇ ਜਾਣਕਾਰੀ ਦਿੰਦੇ ਜ਼ਿਲੇ ਦੇ ਡਿਪਟੀ ਕਮਿਸ਼ਨਰ ਬੀ ਸ੍ਰੀ. ਨਿਵਾਸਨ ਨੇ ਦੱਸਿਆ ਕਿ ਜ਼ਿਲੇ 'ਚ ਕੁੱਲ 43 ਲੋਕਾਂ 'ਚ ਕੋਰੋਨਾ ਦੀ ਪੁਸ਼ਟੀ ਹੋਈ ਸੀ, ਜਿੰਨਾਂ 'ਚੋਂ 41 ਜ਼ਿਲਾ ਬਠਿੰਡਾ ਦੇ ਵਸਨੀਕ ਸਨ ਅਤੇ 2 ਕ੍ਰਮਵਾਰ ਮੋਗਾ ਅਤੇ ਲੁਧਿਆਣਾ ਨਾਲ ਸਬੰਧਤ ਸਨ। ਇਨ੍ਹਾਂ 'ਚੋਂ ਮੁੜ ਜਾਂਚ ਲਈ ਭੇਜੇ ਗਏ 21 ਲੋਕਾਂ ਦੇ ਨਮੂਨਿਆਂ ਦੀ ਰਿਪੋਰਟ ਨੈਗੇਟਿਵ ਆਈ ਹੈ। ਹੁਣ ਇਨਾਂ ਨੂੰ ਅੱਜ ਘਰਾਂ 'ਚ ਭੇਜ ਦਿੱਤਾ ਗਿਆ ਹੈ, ਜਿੱਥੇ ਇਹ 14 ਦਿਨ ਲਈ ਇਕਾਂਤਵਾਸ 'ਚ ਰਹਿਣਗੇ। ਉਨ੍ਹਾਂ ਨੇ ਘਰ ਪਰਤ ਰਹੇ ਕੋਰੋਨਾ ਯੋਧਿਆਂ ਨੂੰ ਸ਼ੁੱਭਕਾਮਨਾਵਾਂ ਦੇਣ ਦੇ ਨਾਲ-ਨਾਲ ਇਨ੍ਹਾਂਦੀ ਦੇਖਭਾਲ ਕਰਨ ਵਾਲੇ ਡਾਕਟਰੀ ਅਮਲੇ ਦੀ ਭੂਮਿਕਾ ਦੀ ਵੀ ਸ਼ਲਾਘਾ ਕੀਤੀ। ਉਨਾਂ ਨੇ ਦੱਸਿਆ ਕਿ ਜ਼ਿਲੇ 'ਚ ਹੁਣ ਕੋਰੋਨਾ ਐਕਟਿਵ ਕੇਸਾਂ ਦੀ ਗਿਣਤੀ 22 ਰਹਿ ਗਈ ਹੈ। ਇਸ ਮੌਕੇ ਆਈ. ਜੀ. ਮਿੱਤਲ ਨੇ ਤੰਦਰੁਸਤ ਹੋ ਕੇ ਪਰਤ ਰਹੇ ਇੰਨਾਂ ਲੋਕਾਂ ਨੂੰ ਸ਼ੁੱਭਕਾਮਨਾਵਾਂ ਦਿੰਦੇ ਕਿਹਾ ਕਿ ਮਨੁੱਖ ਆਪਣੇ ਦ੍ਰਿੜ ਮਨੋਬਲ ਨਾਲ ਹਰ ਮੁਸ਼ਕਿਲ 'ਤੇ ਜਿੱਤ ਦਰਜ ਕਰ ਲੈਂਦਾ ਹੈ। ਉਨ੍ਹਾਂ ਨੇ ਇਸ ਮੌਕੇ ਡਾਟਕਰੀ ਅਮਲੇ ਵੱਲੋਂ ਇਨ੍ਹਾਂ ਦਾ ਮਨੋਬਲ ਉੱਚਾ ਬਣਾਈ ਰੱਖਣ ਲਈ ਉਨਾਂ ਦੀ ਸਲਾਘਾ ਵੀ ਕੀਤੀ।
ਇਹ ਵੀ ਪੜ੍ਹੋ: ਫਗਵਾੜਾ ''ਚ ਵੱਡੀ ਵਾਰਦਾਤ, ਬਜ਼ੁਰਗ ਦੇ ਸਿਰ ''ਚ ਰਾਡ ਮਾਰ ਕੇ ਕੀਤਾ ਕਤਲ
ਐੱਸ. ਐੱਸ. ਪੀ. ਡਾ. ਨਾਨਕ ਸਿੰਘ ਨੇ ਇਨ੍ਹਾਂ ਦੇ ਤੰਦਰੁਸਤ ਜੀਵਨ ਦੀ ਕਾਮਨਾ ਕਰਦਿਆਂ ਆਸ ਪ੍ਰਗਟਾਈ ਕਿ ਬਾਕੀ ਲੋਕ ਵੀ ਜਲਦ ਸਿਹਤਯਾਬ ਹੋ ਕੇ ਘਰ ਪਰਤਣਗੇ। ਇਸ ਮੌਕੇ ਸਿਵਲ ਸਰਜਨ ਡਾ. ਅਮਰੀਕ ਸਿੰਘ ਨੇ ਕਿਹਾ ਕਿ ਇਨ੍ਹਾਂ ਨੂੰ ਅਗਲੇ ਦੋ ਹਫਤੇ ਰੱਖੀਆਂ ਜਾਣ ਵਾਲੀਆਂ ਸਾਵਧਾਨੀਆਂ ਬਾਰੇ ਦੱਸਿਆ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਅੱਜ ਘਰ ਪਰਤ ਰਹੇ ਲੋਕਾਂ 'ਚ ਇਕ ਲੁਧਿਆਣਾ ਅਤੇ 1 ਮੋਗਾ ਜ਼ਿਲੇ ਨਾਲ ਸਬੰਧਤ ਹੈ ਜਦ ਕਿ ਬਾਕੀ ਸਾਰੇ ਬਠਿੰਡਾ ਜ਼ਿਲੇ ਦੇ ਵਸਨੀਕ ਹਨ। ਉਨ੍ਹਾਂ ਨੇ ਦੱਸਿਆ ਕਿ ਤੰਦਰੁਸਤ ਹੋ ਕੇ ਘਰ ਪਰਤੇ ਲੋਕਾਂ 'ਚ 9 ਪੁਰਸ਼ ਅਤੇ 12 ਔਰਤਾਂ ਹਨ ਅਤੇ ਇਹ ਤਖਤ ਸ੍ਰੀ ਹਜ਼ੂਰ ਸਾਹਿਬ, ਨਾਂਦੇੜ ਤੋਂ ਪਰਤੇ ਸਨ। ਇਸ ਮੌਕੇ ਠੀਕ ਹੋ ਕੇ ਘਰ ਪਰਤ ਰਹੇ ਲੋਕਾਂ ਨੇ ਪੰਜਾਬ ਸਰਕਾਰ, ਜ਼ਿਲਾ ਪ੍ਰਸ਼ਾਸਨ ਅਤੇ ਡਾਕਟਰੀ ਅਮਲੇ ਦਾ ਵਧੀਆ ਦੇਖਭਾਲ ਲਈ ਸ਼ੁੱਕਰਾਨਾ ਕੀਤਾ।
ਇਹ ਵੀ ਪੜ੍ਹੋ: ਇਕੱਠੇ ਬਲੀਆਂ ਪਤੀ-ਪਤਨੀ ਦੀਆਂ ਮ੍ਰਿਤਕ ਦੇਹਾਂ, ਰੋਂਦੀਆਂ ਮਾਸੂਮ ਬੱਚੀਆਂ ਨੂੰ ਦੇਖ ਪਸੀਜਿਆ ਹਰ ਇਕ ਦਾ ਦਿਲ