ਰੂਪਨਗਰ ਦੀਆਂ ਸੜਕਾਂ ''ਤੇ ਛਾਇਆ ਸੰਨਾਟਾ, ਨਾਕਿਆਂ ''ਤੇ ਡਟੀ ਪੁਲਸ
Wednesday, Mar 25, 2020 - 03:51 PM (IST)
ਨੂਰਪੁਰਬੇਦੀ (ਕੁਲਦੀਪ ਸ਼ਰਮਾ)— ਪੰਜਾਬ ਭਰ 'ਚ ਕੋਰੋਨਾ ਵਾਇਰਸ ਨੂੰ ਲੈ ਕੇ ਲਗਾਏ ਗਏ ਕਰਫਿਊ ਦੌਰਾਨ ਰੂਪਨਗਰ ਜ਼ਿਲੇ 'ਚ ਸੜਕਾਂ ਸੁੰਨੀਆਂ ਦਿਖਾਈ ਦੇ ਰਹੀਆਂ ਹਨ। ਰੂਪਨਗਰ ਪੁਲਸ ਪ੍ਰਸ਼ਾਸਨ ਵੱਲੋਂ ਥਾਂ-ਥਾਂ 'ਤੇ ਪੁਲਸ ਨਾਕੇ ਲਗਾ ਕੇ ਕਰਫਿਊ ਦੌਰਾਨ ਲੋਕਾਂ ਨੂੰ ਸੜਕਾਂ 'ਤੇ ਆਉਣ ਤੋਂ ਪੂਰੀ ਤਰ੍ਹਾਂ ਰੋਕਿਆ ਗਿਆ ਹੈ। 'ਜਗ ਬਾਣੀ' ਦੀ ਟੀਮ ਵੱਲੋਂ ਰੂਪਨਗਰ ਜ਼ਿਲੇ ਦੇ ਪੁਲਸ ਥਾਣਾ ਨੂਰਪੁਰ ਬੇਦੀ ਅਧੀਨ ਪੈਂਦੀ ਪੁਲਸ ਚੌਕੀ ਹਰੀਪੁਰ ਦਾ ਦੌਰਾ ਕੀਤਾ ਗਿਆ, ਜਿੱਥੇ ਪੁਲਸ ਵੱਲੋਂ ਨਾਕਾ ਲਗਾ ਕੇ ਪੂਰੀ ਮੁਸਤੈਦੀ ਨਾਲ ਦੇਖ-ਰੇਖ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ : ਕਰਫਿਊ ਦੌਰਾਨ ਜਲੰਧਰ 'ਚ ਚੱਲੀਆਂ ਗੋਲੀਆਂ, ਘਟਨਾ ਕੈਮਰੇ 'ਚ ਕੈਦ
ਚੌਕੀ ਇੰਚਾਰਜ ਲੇਖ ਰਾਮ ਨੇ ਦੱਸਿਆ ਕਿ ਸਿਰਫ ਐਮਰਜੈਂਸੀ ਸੇਵਾਵਾਂ ਵਾਲੇ ਲੋਕਾਂ ਨੂੰ ਹੀ ਸੜਕ ਤੋਂ ਲੰਘਣ ਦਿੱਤਾ ਜਾ ਰਿਹਾ ਹੈ ਜਦਕਿ ਬਾਕੀ ਲੋਕ ਆਪਣੇ ਘਰਾਂ 'ਚ ਰੁਕੇ ਹੋਏ ਹਨ। 'ਜਗ ਬਾਣੀ' ਦੀ ਟੀਮ ਵੱਲੋਂ ਨੂਰਪੁਰਬੇਦੀ ਇਲਾਕੇ ਦੇ ਮਿਲਕ ਚਿਲਿੰਗ ਸੈਂਟਰ ਅਸਮਾਨਪੁਰ ਦਾ ਦੌਰਾ ਵੀ ਕੀਤਾ ਗਿਆ, ਜਿੱਥੇ ਸਭ ਕੁਝ ਸੁੰਨਸਾਨ ਦਿਖਾਈ ਦਿੱਤਾ।
ਇਹ ਵੀ ਪੜ੍ਹੋ : ਕੋਰੋਨਾ ਦੀ ਮਾਰ: ਦਰਦ ਭਰੀਆਂ ਤਸਵੀਰਾਂ 'ਚ ਦੇਖੋ ਕਿਵੇਂ ਔਰਤ ਖਾਣ ਲਈ ਕੂੜੇ 'ਚੋਂ ਕਰ ਰਹੀ ਭਾਲ
ਇਸ ਮੌਕੇ ਦੁੱਧ ਕੇਂਦਰ 'ਚ ਮੌਜੂਦ ਕਰਮਚਾਰੀ ਨੇ ਦੱਸਿਆ ਕਿ ਅੱਜ ਦੁੱਧ ਦਾ ਕੋਈ ਵੀ ਟੈਂਕਰ ਨਹੀਂ ਆਇਆ ਨਾ ਹੀ ਲੋਕਾਂ ਤੋਂ ਅੱਜ ਦੁੱਧ ਇਕੱਤਰ ਕੀਤਾ ਗਿਆ। ਨੂਰਪੁਰ ਬੇਦੀ ਇਲਾਕੇ ਦੀਆਂ ਸਾਰੀਆਂ ਸੜਕਾਂ 'ਤੇ ਸਨਾਟਾ ਛਾਇਆ ਰਿਹਾ। ਭਾਵੇਂ ਖੇਤਾਂ 'ਚ ਕੁਝ ਲੋਕ ਪਸ਼ੂਆਂ ਲਈ ਚਾਰਾ ਲਿਆਉਂਦੇ ਦੇਖੇ ਗਏ ਪਰ ਜ਼ਿਆਦਾਤਰ ਲੋਕ ਆਪਣੇ ਘਰਾਂ 'ਚ ਹੀ ਰਹੇ।