DGP ਦਿਨਕਰ ਗੁਪਤਾ ਨੇ ਟਵਿੱਟਰ ਹੈਂਡਲ ਤੋਂ ਡਿਲੀਟ ਕੀਤਾ ਸਿੱਧੂ ਮੂਸੇਵਾਲਾ ਦਾ ਵਿਵਾਦਤ ਗਾਣਾ
Thursday, Apr 02, 2020 - 06:39 PM (IST)
ਨਵਾਂਸ਼ਹਿਰ— ਪਿੰਡ ਪਠਲਾਵਾ ਦੇ ਵਾਸੀਆਂ ਵੱਲੋਂ ਬੀਤੇ ਦਿਨ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਚਿੱਠੀ ਲਿਖ ਕੇ ਡੀ. ਜੀ. ਪੀ. ਵੱਲੋਂ ਸ਼ੇਅਰ ਕੀਤੇ ਗਏ ਸਿੱਧੂ ਮੂਸੇਵਾਲਾ ਦਾ ਵਿਵਾਦਤ ਗਾਣਾ ਹਟਾਉਣ ਦੀ ਮੰਗ ਕੀਤੀ ਗਈ ਸੀ। ਪੰਜਾਬ ਸਰਕਾਰ ਲਈ ਸਿਰਦਰਦੀ ਬਣਦਾ ਜਾ ਰਿਹਾ ਸਿੱਧੂ ਮੂਸੇਵਾਲਾ ਦਾ ਵਿਵਾਦਤ ਗਾਣਾ 'ਗੁਰਬਖਸ਼ ਗਵਾਚਾ' ਆਖਰਕਾਰ ਹੁਣ ਪੰਜਾਬ ਦੇ ਡੀ. ਜੀ. ਪੀ. ਦਿਨਕਰ ਗੁਪਤਾ ਨੇ ਆਪਣੇ ਟਵਿੱਟਰ ਹੈਂਡਲ ਤੋਂ ਹਟਾ ਹੀ ਦਿੱਤਾ। ਸਿੱਧੂ ਮੂਸੇਵਾਲਾ ਦਾ ਇਹ ਗੀਤ ਕੋਰੋਨਾ ਵਾਇਰਸ ਬਾਰੇ ਸੀ, ਜਿਸ 'ਚ ਉਸ ਨੇ ਪਿੰਡ ਪਠਲਾਵਾ ਦੇ ਮਰਹੂਮ ਬਲਦੇਵ ਸਿੰਘ ਦੀਆਂ ਤਸਵੀਰਾਂ ਲਗਾ ਕੇ ਆਪਣੇ ਯੂ-ਟਿਊਬ ਪੇਜ 'ਤੇ ਪਾਇਆ ਹੋਇਆ ਸੀ।
ਇਹ ਵੀ ਪੜ੍ਹੋ: ਪੰਜਾਬ 'ਚ ਕੋਰੋਨਾ ਦਾ ਕਹਿਰ, ਗੜ੍ਹਸ਼ੰਕਰ 'ਚੋਂ ਫਿਰ ਪਾਜ਼ੀਟਿਵ ਕੇਸ ਆਇਆ ਸਾਹਮਣੇ
ਕੋਰੋਨਾ ਵਾਇਰਸ ਕਾਰਨ ਪੰਜਾਬ 'ਚ ਪਹਿਲੀ ਮੌਤ ਹੋਈ ਸੀ ਬਲਦੇਵ ਸਿੰੰਘ ਦੀ
ਜ਼ਿਕਰਯੋਗ ਹੈ ਕਿ ਪੰਜਾਬ 'ਚ ਕੋਰੋਨਾ ਵਾਇਰਸ ਨਾਲ ਪਹਿਲੀ ਮੌਤ ਪਿੰਡ ਪਠਲਾਵਾ ਦੇ ਬਲਦੇਵ ਸਿੰਘ ਦੀ 18 ਮਾਰਚ ਨੂੰ ਹੋਈ ਸੀ। ਬਲਦੇਵ ਸਿੰਘ 7 ਮਾਰਚ ਨੂੰ ਆਪਣੇ ਦੋ ਹੋਰ ਸਾਥੀਆਂ ਸਣੇ ਇਟਲੀ ਤੋਂ ਆਇਆ ਸੀ। ਬਲਦੇਵ ਸਿੰਘ ਦੀ ਮੌਤ ਨੂੰ ਸਿੱਧੂ ਮੂਸੇਵਾਲਾ ਨੇ ਆਪਣੇ ਗੀਤ ਰਾਹੀਂ ਕੁਝ ਇਸ ਤਰ੍ਹਾਂ ਪ੍ਰਚਾਰਿਆ ਸੀ ਜਿਵੇਂ ਬਲਦੇਵ ਸਿੰਘ ਹੀ ਕੋਰੋਨਾ ਵਾਇਰਸ ਫੈਲਾਉਣ ਲਈ ਜ਼ਿੰਮੇਵਾਰ ਹੋਣ। ਇਸ ਗਾਣੇ ਨੂੰ ਪੰਜਾਬ ਦੇ ਡੀ. ਜੀ. ਪੀ. ਦਿਨਕਰ ਗੁਪਤਾ ਨੇ ਆਪਣੇ ਟਵਿੱਟਰ ਹੈਂਡਲ 'ਤੇ 26 ਮਾਰਚ ਦੀ ਰਾਤ ਨੂੰ ਪਾਇਆ ਸੀ। ਇਹੀ ਗਾਣਾ ਪੰਜਾਬ ਪੁਲਸ ਦੇ ਅਧਿਕਾਰਤ ਟਵਿੱਟਰ ਹੈਂਡਲ 'ਤੇ ਪਾਇਆ ਗਿਆ ਸੀ। ਪੰਜਾਬ ਸਰਕਾਰ ਦੀ ਇਸ ਗਾਣੇ ਕਾਰਨ ਪਿਛਲੇ ਛੇ ਦਿਨਾਂ ਤੋਂ ਬਦਨਾਮੀ ਹੋ ਰਹੀ ਸੀ।
ਇਹ ਵੀ ਪੜ੍ਹੋ: ਕੈਪਟਨ ਨੂੰ ਪਠਲਾਵਾ ਵਾਸੀਆਂ ਨੇ ਲਿਖੀ ਚਿੱਠੀ, ਸਾਂਝੀਆਂ ਕੀਤੀਆਂ ਬਲਦੇਵ ਸਿੰਘ ਬਾਰੇ ਅਹਿਮ ਗੱਲਾਂ
ਪਿੰਡ ਪਠਲਾਵਾ ਦੇ ਸਰਪੰਚ ਅਤੇ ਲੋਕਾਂ ਵੱਲੋਂ ਕੀਤੇ ਗਏ ਤਿੱਖੇ ਵਿਰੋਧ ਅਤੇ ਸੋਸ਼ਲ ਮੀਡੀਆ 'ਤੇ ਹੋ ਰਹੀ ਚਰਚਾ ਨੇ ਪੰਜਾਬ ਸਰਕਾਰ ਦੀ ਪ੍ਰੇਸ਼ਾਨੀ ਵਧਾ ਦਿੱਤੀ ਸੀ। ਹੁਣ ਡੀ. ਜੀ. ਪੀ. ਅਤੇ ਪੰਜਾਬ ਪੁਲਸ ਦੇ ਟਵਿੱਟਰ ਹੈਂਡਲਾਂ ਤੋਂ ਇਹ ਗਾਣਾ ਹਟਾ ਦਿੱਤਾ ਗਿਆ ਹੈ। ਬਲਦੇਵ ਸਿੰਘ ਦੀ ਮੌਤ 18 ਮਾਰਚ ਨੂੰ ਹੋਈ ਸੀ ਅਤੇ ਉਸ ਦੀ ਮੌਤ ਦੇ 8 ਦਿਨਾਂ ਦੇ ਅੰਦਰ ਹੀ ਜਿੰਨੀ ਤੇਜ਼ੀ ਨਾਲ ਇਹ ਗੀਤ ਤਿਆਰ ਹੋਇਆ ਸੀ ਓਨੀ ਹੀ ਤੇਜ਼ੀ ਨਾਲ ਇਹ ਗਾਣਾ ਵਾਇਰਲ ਹੋਇਆ ਸੀ। ਇਸ ਵਿਵਾਦਤ ਗਾਣਾ ਬਾਰੇ ਪਰਵਾਸੀ ਪੰਜਾਬੀਆਂ ਨੇ ਬੜੀ ਤਿੱਖੀ ਪ੍ਰਤੀਕਿਰਿਆ ਦਿੱਤੀ ਸੀ ਕਿ ਪੰਜਾਬ ਪੁਲਸ ਨੇ ਇਕ ਗਿਣੀ-ਮਿੱਥੀ ਸਾਜਿਸ਼ ਤਹਿਤ ਉਨ੍ਹਾਂ ਨੂੰ ਬਦਨਾਮ ਕਰਨ ਲਈ ਇਸ ਗਾਣੇ ਦਾ ਪ੍ਰਚਾਰ ਕੀਤਾ।
ਇਹ ਵੀ ਪੜ੍ਹੋ: ਪੁਲਸ ਮੁਲਾਜ਼ਮ ਵੱਲੋਂ ਕੋਰੋਨਾ ਸਬੰਧੀ ਗਾਏ ਗਾਣੇ ਦੇ ਕੈਪਟਨ ਵੀ ਹੋਏ ਫੈਨ, ਕੀਤੀ ਰੱਜ ਕੇ ਤਾਰੀਫ (ਵੀਡੀਓ)
ਇਸ ਗਾਣੇ ਦੇ ਸ਼ੁਰੂ ਅਤੇ ਅਖੀਰ 'ਚ ਪੰਜਾਬ ਪੁਲਸ ਦਾ ਲੋਗੋ ਦਿਖਾਇਆ ਗਿਆ ਸੀ ਅਤੇ ਪੰਜਾਬ ਪੁਲਸ ਦਾ ਵਿਸ਼ੇਸ਼ ਧੰਨਵਾਦ ਕੀਤਾ ਗਿਆ ਸੀ। ਕਈ ਆਗੂਆਂ ਨੇ ਇਸ ਗਾਣੇ ਨੂੰ ਲੈ ਕੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਅਪੀਲਾਂ ਕੀਤੀਆਂ ਸਨ ਕਿ ਸਿੱਧੂ ਮੂਸੇਵਾਲਾ ਨੂੰ ਤਲਬ ਕੀਤਾ ਜਾਵੇ, ਜਿਸ ਨੇ ਇਕ ਅੰਮ੍ਰਿਤਧਾਰੀ ਗੁਰਸਿੱਖ ਨੂੰ ਪੰਜਾਬ ਪੁਲਸ ਦੇ ਇਸ਼ਾਰਿਆਂ 'ਤੇ ਬਦਨਾਮ ਕਰਨ ਦੀ ਕੋਝੀ ਸਾਜ਼ਿਸ਼ ਰਚੀ ਹੈ। ਬੀਤੇ ਦਿਨ ਪਿੰਡ ਪਠਲਾਵਾ ਦੇ ਲੋਕਾਂ ਨੇ ਮੁੱਖ ਮੰਤਰੀ ਨੂੰ ਤਿੰਨ ਸਫਿਆਂ ਦਾ ਪੱਤਰ ਲਿਖ ਕੇ ਮੰਗ ਕੀਤੀ ਸੀ ਕਿ ਉਨ੍ਹਾਂ ਦੇ ਪਿੰਡ ਦੀ ਹੋ ਰਹੀ ਬਦਨਾਮੀ ਨੂੰ ਰੋਕਿਆ ਜਾਵੇ। ਉਨ੍ਹਾਂ ਇਹ ਮੰਗ ਵੀ ਕੀਤੀ ਸੀ ਕਿ ਸਿੱਧੂ ਮੂਸੇਵਾਲਾ 'ਤੇ ਕੇਸ ਦਰਜ ਕੀਤਾ ਜਾਵੇ ਅਤੇ ਇਸ ਗਾਣੇ ਨੂੰ ਯੂ-ਟਿਊਬ ਤੋਂ ਵੀ ਹਟਵਾਇਆ ਜਾਵੇ।
ਇਹ ਵੀ ਪੜ੍ਹੋ: ਕੋਰੋਨਾ ਨਾਲ ਮਰੇ ਹਰਭਜਨ ਦਾ ਇਕੱਲੇ ਪੁੱਤ ਨੇ ਕੀਤਾ ਸਸਕਾਰ, ਸ਼ਮਸ਼ਾਨ ਘਾਟ 'ਚ ਨਹੀਂ ਪੁੱਜਾ ਪਰਿਵਾਰ
ਇਹ ਵੀ ਪੜ੍ਹੋ: ਗੈਂਗਸਟਰ ਸੁੱਖਾ ਕਾਹਲਵਾਂ ਦੀ ਜ਼ਿੰਦਗੀ ''ਤੇ ਆਧਾਰਿਤ ਫਿਲਮ ਆਨਲਾਈਨ ਹੋਈ ਵਾਇਰਲ