ਕੋਰੋਨਾ ਵਾਇਰਸ : 102 ਸਾਲ ਪਹਿਲਾਂ ਇਸ ਫਲੂ ਨਾਲ ਹੁਸ਼ਿਆਰਪੁਰ ''ਚ ਹੋਈਆਂ ਸਨ 23 ਹਜ਼ਾਰ ਤੋਂ ਵੱਧ ਮੌਤਾਂ

03/23/2020 7:25:56 PM

ਹੁਸ਼ਿਆਰਪੁਰ (ਅਮਰਿੰਦਰ)— ਦੇਸ਼ ਅਤੇ ਪੰਜਾਬ 'ਚ 'ਜਨਤਾ ਕਰਫਿਊ' ਨੂੰ ਲੋਕਾਂ ਦਾ ਭਾਰੀ ਹੁੰਗਾਰਾ ਮਿਲਣ ਤੋਂ ਬਾਅਦ ਕੈਪਟਨ ਅਮਰਿੰਦਰ ਸਿੰਘ ਸਰਕਾਰ ਨੇ ਬਹੁਤ ਵੱਡਾ ਫੈਸਲਾ ਕੀਤਾ ਹੈ। ਇਸ ਫੈਸਲੇ 'ਚ ਪੰਜਾਬ ਸਰਕਾਰ ਵੱਲੋਂ ਅੱਜ ਤੋਂ ਪੂਰੇ ਸੂਬੇ 'ਚ ਕਰਫਿਊ ਲਗਾ ਦਿੱਤਾ ਗਿਆ ਹੈ, ਜੋਕਿ ਅਗਲੇ ਹੁਕਮਾਂ ਤੱਕ ਜਾਰੀ ਰਹੇਗਾ। ਦੱਸਣਯੋਗ ਹੈ ਕਿ ਪੰਜਾਬ 'ਚ ਕੋਰੋਨਾ ਵਾਇਰਸ ਨਾਲ ਸਬੰਧਤ ਮਰੀਜ਼ਾਂ ਦੇ ਮਾਮਲੇ ਲਗਾਤਾਰ ਸਾਹਮਣੇ ਆ ਰਹੇ ਹਨ। ਜਦੋਂ ਤੱਕ ਕੋਰੋਨਾ ਵਾਇਰਸ ਲਈ ਕਿਸੇ ਵੈਕਸੀਨ ਦੀ ਖੋਜ ਨਹੀਂ ਹੋ ਜਾਂਦੀ, ਉਦੋਂ ਤਕ ਇਸ ਤੋਂ ਬਚਣ ਦਾ ਇਕ ਹੀ ਇਲਾਜ ਹੈ ਜਾਗਰੂਕਤਾ ਅਤੇ ਖੁਦ ਨੂੰ ਭੀੜ ਤੋਂ ਵੱਖ ਰੱਖਣਾ। ਸਾਨੂੰ ਵੀ ਆਪਣਾ ਬਚਾਅ ਕਰਨ ਲਈ ਜਾਗਰੂਕ ਰਹਿਣਾ ਚਾਹੀਦਾ ਹੈ ਕਿਉਂਕਿ 102 ਸਾਲ ਪਹਿਲਾਂ ਨਾ ਸਿਰਫ ਹੁਸ਼ਿਆਰਪੁਰ ਸਗੋਂ ਪੰਜਾਬ ਅਜਿਹੀ ਮਹਾਮਾਰੀ ਦੀ ਮਾਰ ਝੱਲ ਚੁੱਕਿਆ ਹੈ। ਸਾਲ 1918 'ਚ 15 ਅਕਤੂਬਰ ਤੋਂ 10 ਨਵੰਬਰ 1918 ਤੱਕ 25 ਦਿਨਾਂ 'ਚ ਹੀ ਸਪੈਨਿਸ਼ ਫਲੂ ਦੀ ਲਪੇਟ 'ਚ ਆਉਣ ਨਾਲ ਤੱਤਕਾਲੀਨ ਹੁਸ਼ਿਆਰਪੁਰ (ਮੌਜੂਦਾ ਊਨਾ ਅਤੇ ਨਵਾਂਸ਼ਹਿਰ ਵੀ ਸ਼ਾਮਲ ਸਨ) ਜ਼ਿਲੇ ਦੀ ਕੁੱਲ 9,18,569 ਦੀ ਆਬਾਦੀ 'ਚੋਂ 23,857 ਲੋਕਾਂ ਨੇ ਆਪਣੀ ਜਾਨ ਗੁਆਈ ਸੀ।

ਇਹ ਵੀ ਪੜ੍ਹੋ : ਪੰਜਾਬ 'ਚ ਕਰਫਿਊ ਲੱਗਣ ਤੋਂ ਬਾਅਦ ਜਲੰਧਰ ਡੀ. ਸੀ. ਨੇ ਦਿੱਤੇ ਸਖਤ ਹੁਕਮ

PunjabKesari

ਕੌੜਾ ਤਜਰਬਾ ਯਾਦ ਦਿਵਾ ਰਿਹੈ ਸਦੀਆਂ ਪੁਰਾਣਾ ਇਤਿਹਾਸ
ਚੀਨ ਦੇ ਵੁਹਾਨ ਸ਼ਹਿਰ ਤੋਂ ਸ਼ੁਰੂ ਹੋ ਕੇ ਦੁਨੀਆ ਭਰ ਵਿਚ 9 ਹਜ਼ਾਰ ਦੇ ਕਰੀਬ ਜਾਨਾਂ ਲੈਣ ਵਾਲੇ ਕੋਰੋਨਾ ਵਾਇਰਸ ਨੇ ਪੰਜਾਬ ਵਿਚ ਰਹਿਣ ਵਾਲੇ ਬਜ਼ੁਰਗਾਂ ਦੇ ਦੱਸੇ ਤਜਰਬਿਆਂ ਅਨੁਸਾਰ ਲੋਕਾਂ ਦੇ ਬਾਪ-ਦਾਦਿਆਂ ਦੇ ਦੌਰ ਦੀ ਯਾਦ ਤਾਜ਼ਾ ਕਰ ਦਿੱਤੀ ਹੈ। ਗੱਲ ਭਾਵੇਂ ਇਕ ਸਦੀ ਤੋਂ ਵੀ ਜ਼ਿਆਦਾ ਪੁਰਾਣੀ ਹੈ ਪਰ ਇਹ ਵੀ ਅਟੱਲ ਸੱਚਾਈ ਹੈ ਕਿ ਜਦੋਂ ਵੀ ਕੋਈ ਕੌੜਾ ਤਜਰਬਾ ਜ਼ਿੰਦਗੀ ਵਿਚ ਆਉਂਦਾ ਹੈ ਤਾਂ ਉਸ ਨਾਲ ਇਤਿਹਾਸ ਵੀ ਖੁਦ ਹੀ ਜੁੜ ਜਾਂਦਾ ਹੈ। ਗੱਲ ਕਰ ਰਹੇ ਹਾਂ ਅੰਗਰੇਜ਼ਾਂ ਦੇ ਜ਼ਮਾਨੇ 1918 ਈਸਵੀ ਵਿਚ ਪਹਿਲੇ ਵਿਸ਼ਵ ਯੁੱਧ ਸਮੇਂ ਫੈਲੇ ਸਪੈਨਿਸ਼ ਫਲੂ ਦੀ। ਇਸ ਫਲੂ ਨੇ ਭਾਰਤ ਵਿਚ 2 ਕਰੋੜ ਦੇ ਕਰੀਬ ਲੋਕਾਂ ਦੀਆਂ ਜਾਨਾਂ ਲਈਆਂ ਸਨ। ਇਨ੍ਹਾਂ 'ਚੋਂ ਪੰਜਾਬ (ਅੱਜ ਦੇ ਪੰਜਾਬ, ਹਰਿਆਣਾ, ਹਿਮਾਚਲ ਪ੍ਰਦੇਸ਼ ਅਤੇ ਪਾਕਿਸਤਾਨੀ ਪੰਜਾਬ ਨੂੰ ਮਿਲਾ ਕੇ) ਵਿਚ 8 ਲੱਖ ਲੋਕਾਂ ਦੀ ਮੌਤ ਹੋ ਗਈ ਸੀ।

ਇਹ ਵੀ ਪੜ੍ਹੋ : ਪੰਜਾਬ 'ਚ ਕੋਰੋਨਾ ਦਾ ਕਹਿਰ, 'ਲਾਕ ਡਾਊਨ' 'ਚ ਜਲੰਧਰ ਪੁਲਸ ਹੋਈ ਸਖਤ

ਕਬਰਸਤਾਨ ਅਤੇ ਸ਼ਮਸ਼ਾਨਘਾਟ ਪੈ ਗਏ ਸਨ ਉਸ ਸਮੇਂ ਛੋਟੇ
ਸਾਲ 2011 ਵਿਚ ਪ੍ਰਕਾਸ਼ਿਤ ਰੂਬੀ ਵਾਲੀਆ ਦੀ ਕਿਤਾਬ 'ਦਿ ਸਪਰੈੱਡ ਆਫ ਇੰਫਲੂਏਂਜ਼ਾ ਐਪਿਡੈਮਿਕ ਇਜ਼ ਦਿ ਪੰਜਾਬ (1918-1919)' ਵਿਚ ਜਿੱਥੇ ਇਸ ਦੀ ਚਰਚਾ ਹੈ, ਉੱਥੇ ਹੀ ਕੁਝ ਹੋਰ ਇਤਿਹਾਸਕਾਰਾਂ ਨੇ ਤਾਂ ਇਥੋਂ ਤੱਕ ਵੀ ਲਿਖਿਆ ਹੈ ਕਿ ਉਸ ਸਮੇਂ ਹਾਲਾਤ ਅਜਿਹੇ ਹੋ ਗਏ ਸਨ ਕਿ ਲਾਸ਼ਾਂ ਨੂੰ ਦਫਨਾਉਣ ਅਤੇ ਅੰਤਿਮ ਸੰਸਕਾਰ ਲਈ ਕਬਰਸਤਾਨ ਅਤੇ ਸ਼ਮਸ਼ਾਨਘਾਟ ਛੋਟੇ ਪੈ ਗਏ ਸਨ। ਪੰਜਾਬ ਦੇ ਤੱਤਕਾਲੀਨ ਸੈਨੇਟਰੀ ਕਮਿਸ਼ਨਰ ਮੁਤਾਬਕ ਇਹ ਇਕ ਅਜਿਹਾ ਬੁਖਾਰ ਸੀ, ਜਿਸ ਵਿਚ ਮਰੀਜ਼ ਦੇ ਸਰੀਰ ਦਾ ਤਾਪਮਾਨ 104 ਡਿਗਰੀ ਅਤੇ ਦਿਲ ਦੀ ਧੜਕਣ ਪ੍ਰਤੀ ਮਿੰਟ 80 ਤੋਂ 90 ਵਿਚਕਾਰ ਪਹੁੰਚ ਜਾਂਦੀ ਸੀ। ਸਿਰ, ਪਿੱਠ ਅਤੇ ਸਰੀਰ ਦੇ ਦੂਜੇ ਅੰਗਾਂ ਵਿਚ ਬਹੁਤ ਦਰਦ ਹੁੰਦਾ ਸੀ। ਸਾਹ ਨਲੀ ਵਿਚ ਸੋਜ ਆ ਜਾਂਦੀ ਸੀ, ਨੱਕ ਅਤੇ ਫੇਫੜਿਆਂ 'ਚੋਂ ਖੂਨ ਵਗਣਾ ਸ਼ੁਰੂ ਹੋ ਜਾਂਦਾ ਸੀ ਅਤੇ ਫਿਰ ਮਰੀਜ਼ 3 ਦਿਨਾਂ ਅੰਦਰ ਹੀ ਦਮ ਤੋੜ ਦਿੰਦਾ ਸੀ।

PunjabKesari

ਇਤਿਹਾਸ ਦੇ ਝਰੋਖੇ 'ਚ ਸਪੈਨਿਸ਼ ਫਲੂ 'ਤੇ ਇਕ ਨਜ਼ਰ
ਇਤਿਹਾਸਕਾਰਾਂ ਅਨੁਸਾਰ ਸਭ ਤੋਂ ਪਹਿਲਾਂ ਮਈ 1918 ਵਿਚ ਪਹਿਲੇ ਵਿਸ਼ਵ ਯੁੱਧ ਤੋਂ ਪਰਤੇ ਮੁੰਬਈ ਦੇ ਕੁਝ ਸੈਨਿਕਾਂ 'ਚ ਇਕ ਖਾਸ ਕਿਸਮ ਦਾ ਫਲੂ ਵੇਖਿਆ ਗਿਆ। ਇਸ ਤੋਂ ਬਾਅਦ ਇਹ ਉੱਤਰੀ ਭਾਰਤ ਦੇ ਦਿੱਲੀ ਅਤੇ ਮੇਰਠ ਜ਼ਿਲਿਆਂ ਵਿਚ ਵੀ ਫੈਲ ਗਿਆ। ਤੱਤਕਾਲੀਨ ਬ੍ਰਿਟਿਸ਼ ਸਰਕਾਰ ਦੇ ਅੰਕੜਿਆਂ ਮੁਤਾਬਕ ਪੰਜਾਬ ਵਿਚ ਸ਼ੁਰੂਆਤ ਉਦੋਂ ਹੋਈ, ਜਦੋਂ 1 ਅਗਸਤ 1918 ਨੂੰ ਸ਼ਿਮਲਾ ਛਾਉਣੀ ਵਿਚ ਇਕ ਫੌਜੀ ਨੂੰ ਸਪੈਨਿਸ਼ ਫਲੂ ਪੀੜਤ ਪਾਇਆ ਗਿਆ। ਇਸ ਤੋਂ ਬਾਅਦ ਜਿੱਥੇ ਹਿਮਾਚਲ ਦੀ ਜਤੋਗ, ਡਗਸ਼ਾਈ, ਸੋਲਨ ਅਤੇ ਕੋਟਗੜ੍ਹ ਦੀਆਂ ਛਾਉਣੀਆਂ ਵਿਚ ਮਰੀਜ਼ ਸਾਹਮਣੇ ਆਉਣ ਲੱਗੇ, ਉੱਥੇ ਹੀ ਪੰਜਾਬ ਦੇ ਅੰਬਾਲਾ, ਲਾਹੌਰ, ਅੰਮ੍ਰਿਤਸਰ ਅਤੇ ਫਤਿਹਗੜ੍ਹ ਦੀਆਂ ਛਾਉਣੀਆਂ ਵਿਚ ਵੀ ਸਪੈਨਿਸ਼ ਫਲੂ ਫੈਲ ਗਿਆ।

ਸ਼ਿਮਲਾ ਵਿਚ ਫਲੂ ਦੀ ਲਪੇਟ 'ਚ ਆਉਣ ਵਾਲੇ ਸਨ ਯੂਰਪੀਅਨ
ਸਾਲ 1918 ਦੇ ਅਕਤੂਬਰ ਮਹੀਨੇ ਇਸ ਮਹਾਮਾਰੀ ਨੇ ਮੌਤ ਦਾ ਤਾਂਡਵ ਸ਼ੁਰੂ ਕਰ ਦਿੱਤਾ ਸੀ ਅਤੇ ਨਤੀਜਾ ਇਹ ਹੋਇਆ ਕਿ 15 ਅਕਤੂਬਰ ਤੋਂ 10 ਨਵੰਬਰ 1918 ਤੱਕ 25 ਦਿਨਾਂ ਵਿਚ ਹੀ ਤੱਤਕਾਲੀਨ ਪੰਜਾਬ ਸੂਬੇ ਦੀ 4 ਫੀਸਦੀ ਆਬਾਦੀ ਘਟ ਗਈ। ਸ਼ਿਮਲਾ ਵਿਚ ਇਸ ਬੀਮਾਰੀ ਦੀ ਲਪੇਟ ਵਿਚ ਆਉਣ ਵਾਲੇ ਯੂਰਪੀਅਨ ਸਨ। ਉਸ ਸਮੇਂ ਪੰਜਾਬ ਦੀ ਕੁੱਲ ਜਨਸੰਖਿਆ 1 ਕਰੋੜ 93 ਲੱਖ 7 ਹਜ਼ਾਰ 145 'ਚੋਂ 8,16,317 ਸਪੈਨਿਸ਼ ਫਲੂ ਦੀ ਭੇਟ ਚੜ੍ਹ ਗਏ ਸਨ। ਉਸ ਸਮੇਂ ਹੁਸ਼ਿਆਰਪੁਰ ਜ਼ਿਲੇ 'ਚ ਊਨਾ ਅਤੇ ਨਵਾਂਸ਼ਹਿਰ ਵੀ ਸ਼ਾਮਲ ਸਨ। ਉਸ ਸਮੇਂ ਹੁਸ਼ਿਆਰਪੁਰ ਜ਼ਿਲੇ ਦੀ ਕੁੱਲ ਜਨਸੰਖਿਆ 9,18,569 'ਚੋਂ 23,857 ਲੋਕ ਫਲੂ ਦੀ ਭੇਟ ਚੜ੍ਹ ਗਏ ਸਨ।

ਇਹ ਵੀ ਪੜ੍ਹੋ : ਪੰਜਾਬ 'ਚ ਲੱਗਾ ਕਰਫਿਊ, ਹਰ ਤਰ੍ਹਾਂ ਦੀ ਰਿਆਇਤ 'ਤੇ ਰੋਕ

ਮਹਾਮਾਰੀ ਤੋਂ ਸਬਕ ਲੈਣਾ ਸਮੇਂ ਦੀ ਲੋੜ
ਇਥੇ ਇਹ ਵੀ ਵਰਣਨਯੋਗ ਹੈ ਕਿ ਸਾਲ 1918 ਵਿਚ ਸਪੈਨਿਸ਼ ਫਲੂ ਦੇ ਪ੍ਰਸਾਰ ਵਿਚ ਸੰਚਾਰ ਨੇ ਇਕ ਮਹੱਤਵਪੂਰਨ ਭੂਮਿਕਾ ਨਿਭਾਈ ਸੀ। ਇਹ ਵੀ ਕੋਰੋਨਾ ਵਾਇਰਸ ਵਾਂਗ ਉਸ ਸਮੇਂ ਇਕ ਆਧੁਨਿਕ ਬੀਮਾਰੀ ਸੀ। ਪਹਿਲੇ ਵਿਸ਼ਵ ਯੁੱਧ ਅਤੇ ਸੈਨਿਕਾਂ ਦੀ ਆਵਾਜਾਈ ਨਾਲ ਇਹ ਬੀਮਾਰੀ ਉਸ ਸਮੇਂ ਵੀ ਦੁਨੀਆ ਦੇ ਕਈ ਦੇਸ਼ਾਂ ਵਿਚ ਫੈਲ ਗਈ ਸੀ। ਇਹੀ ਕਾਰਣ ਹੈ ਕਿ ਭਾਰਤ ਸਰਕਾਰ ਨੇ ਵੀ ਹੁਣ ਦੂਜੇ ਦੇਸ਼ਾਂ ਤੋਂ ਆਵਾਜਾਈ 'ਤੇ ਰੋਕ ਲਾ ਦਿੱਤੀ ਹੈ, ਉੱਥੇ ਹੀ ਸਾਨੂੰ ਭੀੜ ਤੋਂ ਵੱਖ ਕਰਨ ਲਈ 'ਜਨਤਾ ਕਰਫਿਊ' ਤੋਂ ਬਾਅਦ ਹੁਣ ਸਰਕਾਰ ਨੇ ਪੂਰੇ ਪੰਜਾਬ ਨੂੰ 31 ਮਾਰਚ ਤੱਕ ਲਾਕ-ਡਾਊਨ ਕਰ ਦਿੱਤਾ ਹੈ। ਮਹਾਮਾਰੀ ਤੋਂ ਸਬਕ ਲੈਣਾ ਸਮੇਂ ਦੀ ਲੋੜ ਹੈ। ਸਰਕਾਰ ਵੱਲੋਂ ਜਾਰੀ ਗਾਈਡ ਲਾਈਨਜ਼ 'ਤੇ ਅਮਲ ਕਰਕੇ ਸਾਨੂੰ ਵੀ ਸਮਝਦਾਰੀ ਦਿਖਾਉਣੀ ਚਾਹੀਦੀ ਹੈ।

ਇਹ ਵੀ ਪੜ੍ਹੋ : ਜਲੰਧਰ: ਸਿੰਗਾਪੁਰ ਤੋਂ ਆਏ ਮੁੰਡੇ ਦੀ ਬਾਂਹ ਲਗਾਈ ਸਟੈਂਪ, ਦਿੱਤੀ ਇਹ ਹਦਾਇਤ


shivani attri

Content Editor

Related News