ਘਰੋਂ ਨਿਕਲਣ ਤੋਂ ਪਹਿਲਾਂ ਪੜ੍ਹ ਲਓ ਪੂਰੀ ਖ਼ਬਰ, 3000 ਤੋਂ ਵੱਧ ਬੱਸਾਂ ਦਾ ‘ਚੱਕਾ ਜਾਮ’
Wednesday, Jul 09, 2025 - 02:09 AM (IST)

ਜਲੰਧਰ (ਪੁਨੀਤ) – ਪਨਬੱਸ-ਪੀ. ਆਰ. ਟੀ. ਸੀ. ਠੇਕਾ ਕਰਮਚਾਰੀ ਯੂਨੀਅਨ ਨੇ ਹੜਤਾਲ ਕਰਦੇ ਹੋਏ ਸਰਕਾਰ ਖ਼ਿਲਾਫ਼ ਮੋਰਚਾ ਖੋਲ੍ਹ ਦਿੱਤਾ ਹੈ, ਜਿਸ ਨਾਲ ਬੱਸ ਯਾਤਰੀਆਂ ਨੂੰ ਭਾਰੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਯੂਨੀਅਨ ਦੀ ਹੜਤਾਲ ਮੰਗਲਵਾਰ ਰਾਤ 12 ਵਜੇ ਸ਼ੁਰੂ ਹੋਈ, ਜੋ ਕਿ 11 ਜੁਲਾਈ ਤਕ ਜਾਰੀ ਰਹੇਗੀ। ਹੜਤਾਲ ਕਾਰਨ ਪਨਬੱਸ-ਪੀ.ਆਰ. ਟੀ. ਸੀ. ਨਾਲ ਸਬੰਧਤ 3000 ਤੋਂ ਵੱਧ ਬੱਸਾਂ ਦਾ ਚੱਕਾ ਜਾਮ ਹੋ ਗਿਆ। ਉਥੇ ਹੀ, ਵਿਭਾਗ ਦੇ ਪੱਕੇ ਡਰਾਈਵਰਾਂ ਵੱਲੋਂ ਬੱਸਾਂ ਚਲਾਈਆਂ ਜਾਣਗੀਆਂ, ਜਿਸ ਕਾਰਨ ਹਰੇਕ ਡਿਪੂ ਤੋਂ ਕੁਝ ਇਕ ਬੱਸਾਂ ਚੱਲਣ ਦਾ ਅਨੁਮਾਨ ਲਾਇਆ ਜਾ ਰਿਹਾ ਹੈ।
ਮੰਗਲਵਾਰ ਰਾਤ 12 ਵਜੇ ਹੜਤਾਲ ਸ਼ੁਰੂ ਹੋਣ ਤੋਂ ਪਹਿਲਾਂ ਹੀ ਬੱਸਾਂ ਦੀ ਆਵਾਜਾਈ ਵਿਚ ਭਾਰੀ ਗਿਰਾਵਟ ਆ ਗਈ ਕਿਉਂਕਿ ਕਰਮਚਾਰੀਆਂ ਵੱਲੋਂ ਸ਼ਾਮ ਤੋਂ ਬਾਅਦ ਲੰਮੇ ਰੂਟਾਂ ਲਈ ਆਵਾਜਾਈ ਰੋਕ ਦਿੱਤੀ ਗਈ। ਇਸ ਕਾਰਨ ਦਿੱਲੀ, ਹਰਿਆਣਾ, ਹਿਮਾਚਲ, ਉੱਤਰਾਖੰਡ, ਰਾਜਸਥਾਨ ਆਦਿ ਜਾਣ ਵਾਲੇ ਯਾਤਰੀਆਂ ਨੂੰ ਮੁੱਖ ਤੌਰ ’ਤੇ ਪ੍ਰੇਸ਼ਾਨੀਆਂ ਪੇਸ਼ ਆਈਆਂ। ਉਥੇ ਹੀ, ਸਰਕਾਰੀ ਬੱਸਾਂ ਦੀ ਹੜਤਾਲ ਕਾਰਨ ਪ੍ਰਾਈਵੇਟ ਬੱਸਾਂ ਵਾਲਿਆਂ ਦੀ ਚਾਂਦੀ ਰਹੀ। ਦਿੱਲੀ ਆਦਿ ਰੂਟਾਂ ’ਤੇ ਜਾਣ ਵਾਲੇ ਯਾਤਰੀਆਂ ਨੂੰ ਹਰਿਆਣਾ ਰੋਡਵੇਜ਼ ਤੇ ਹਿਮਾਚਲ ਤੋਂ ਆਉਣ ਵਾਲੀਆਂ ਬੱਸਾਂ ’ਤੇ ਨਿਰਭਰ ਹੋਣਾ ਪਿਆ। ਕਾਊਂਟਰਾਂ ’ਤੇ ਬੱਸਾਂ ਦੀ ਗਿਣਤੀ ਘੱਟ ਹੋਣ ਕਾਰਨ ਯਾਤਰੀਆਂ ਨੂੰ ਭਾਰੀ ਪ੍ਰੇਸ਼ਾਨੀ ਉਠਾਉਣੀ ਪਈ। ਦਿੱਲੀ ਵਰਗੇ ਰੂਟਾਂ ’ਤੇ ਲੰਮੀ ਉਡੀਕ ਕਰਨ ਉਪਰੰਤ ਯਾਤਰੀ ਆਪਣੀ ਮੰਜ਼ਿਲ ਵੱਲ ਰਵਾਨਾ ਹੋ ਸਕੇ।
ਪੈਂਡਿੰਗ ਮੰਗਾਂ ਨੂੰ ਲੈ ਕੇ ਸੰਘਰਸ਼ ਦੇ ਰਾਹ ’ਤੇ ਉਤਰੀ ਪਨਬੱਸ-ਪੀ. ਆਰ. ਟੀ. ਸੀ. ਯੂਨੀਅਨ ਦੇ ਅਹੁਦੇਦਾਰਾਂ ਦਾ ਕਹਿਣਾ ਹੈ ਕਿ ਹੜਤਾਲ ਸ਼ੁਰੂ ਹੋ ਚੁੱਕੀ ਹੈ, ਜੋ ਕਿ ਮੰਗਾਂ ਪੂਰੀਆਂ ਹੋਣ ਤਕ ਜਾਰੀ ਰਹੇਗੀ। ਚਿਤਾਵਨੀ ਦਿੰਦਿਆਂ ਯੂਨੀਅਨ ਦੇ ਅਹੁਦੇਦਾਰਾਂ ਨੇ ਕਿਹਾ ਕਿ ਜੇ ਉਨ੍ਹਾਂ ਦੀਆਂ ਮੰਗਾਂ ਨਾ ਮੰਨੀਆਂ ਗਈਆਂ ਤਾਂ 10 ਜੁਲਾਈ ਨੂੰ ਚੰਡੀਗੜ੍ਹ ਵਿਚ ਰੋਸ ਰੈਲੀ ਕਰਦੇ ਹੋਏ ਮੰਤਰੀਆਂ ਦੀਆਂ ਰਿਹਾਇਸ਼ਾਂ ਦਾ ਘਿਰਾਓ ਕੀਤਾ ਜਾਵੇਗਾ।
ਉਥੇ ਹੀ, ਪਨਬੱਸ-ਪੀ. ਆਰ. ਟੀ. ਸੀ. ਯੂਨੀਅਨ ਦੀ ਡਿਪੂ 1-2 ਦੀ ਇਕਾਈ ਵੱਲੋਂ ਸਰਕਾਰ ਵਿਰੋਧੀ ਨੀਤੀਆਂ ਦੀ ਆਲੋਚਨਾ ਕੀਤੀ ਗਈ। ਰੋਸ ਪ੍ਰਦਰਸ਼ਨ ਦੌਰਾਨ ਸੰਬੋਧਨ ਕਰਦੇ ਹੋਏ ਬੁਲਾਰਿਆਂ ਨੇ ਕਿਹਾ ਕਿ ਠੇਕਾ ਕਰਮਚਾਰੀਆਂ ਨੂੰ ਪੱਕਾ ਕਰਨ, ਤਨਖਾਹ ਵਾਧਾ, ਕਰਮਚਾਰੀਆਂ ਦੀ ਬਹਾਲੀ ਸਮੇਤ ਪੈਂਡਿੰਗ ਮੰਗਾਂ ਪ੍ਰਤੀ ਸਰਕਾਰ ਵੱਲੋਂ ਗੰਭੀਰਤਾ ਨਹੀਂ ਦਿਖਾਈ ਜਾ ਰਹੀ, ਜਿਸ ਕਾਰਨ ਯੂਨੀਅਨ ਨੂੰ ਸੰਘਰਸ਼ ਦੇ ਰਾਹ ’ਤੇ ਉਤਰਨਾ ਪਿਆ ਹੈ। ਉਥੇ ਹੀ, ਯੂਨੀਅਨ ਦੀ ਸੂਬਾ ਇਕਾਈ ਵੱਲੋਂ ਵੀਡੀਓ ਕਾਨਫਰੰਸਿੰਗ ਜ਼ਰੀਏ ਡਿਪੂਆਂ ਦੇ ਅਹੁਦੇਦਾਰਾਂ ਨਾਲ ਰਣਨੀਤੀ ਤਿਆਰ ਕੀਤੀ ਗਈ। ਯੂਨੀਅਨ ਦੇ ਆਗੂਆਂ ਨੇ ਕਿਹਾ ਕਿ ਬੱਸ ਅੱਡਿਆਂ ਵਿਚ ਰੋਸ ਰੈਲੀਆਂ ਕੀਤੀਆਂ ਜਾਣਗੀਆਂ, ਜਿਨ੍ਹਾਂ ਵਿਚ ਸਰਕਾਰ ਵਿਰੋਧੀ ਨੀਤੀਆਂ ਖ਼ਿਲਾਫ਼ ਆਵਾਜ਼ ਬੁਲੰਦ ਕੀਤੀ ਜਾਵੇਗੀ।