ਲੁਧਿਆਣਾ ਤੇ ਅੰਮ੍ਰਿਤਸਰ ਨਿਗਮਾਂ ਨੇ ਪੂਰਾ ਦਿਨ ਕੀਤਾ ਕੰਮ ਪਰ ਜਲੰਧਰ ਨਿਗਮ ਨੇ ਕੀਤਾ ਆਰਾਮ
Monday, Mar 23, 2020 - 11:53 AM (IST)
ਜਲੰਧਰ (ਖੁਰਾਣਾ)— ਪੂਰੇ ਸੰਸਾਰ 'ਚ ਕੋਰੋਨਾ ਵਾਇਰਸ ਨੇ ਆਪਣੀ ਦਹਿਸ਼ਤ ਕਾਇਮ ਰੱਖੀ ਹੋਈ ਹੈ ਅਤੇ ਦੇਸ਼ ਦੇ ਹੋਰ ਸੂਬਿਆਂ ਤੋਂ ਇਲਾਵਾ ਪੰਜਾਬ 'ਚ ਵੀ ਇਸ ਮਹਾਮਾਰੀ ਦਾ ਪ੍ਰਭਾਵ ਲਗਾਤਾਰ ਵਧਦਾ ਜਾ ਰਿਹਾ ਹੈ, ਜਿਸ ਨੂੰ ਦੇਖਦੇ ਹੋਏ ਪੰਜਾਬ ਸਰਕਾਰ ਨੇ ਸਾਰੇ ਜ਼ਿਲਿਆਂ 'ਚ 31 ਮਾਰਚ ਤੱਕ ਲਾਕਡਾਊਨ ਐਲਾਨ ਕਰ ਦਿੱਤਾ ਹੈ। ਪ੍ਰਧਾਨ ਮੰਤਰੀ ਮੋਦੀ ਦੇ ਐਲਾਨ 'ਤੇ ਲੱਗੇ ਜਨਤਾ ਕਰਫਿਊ ਨੂੰ ਜਲੰਧਰ 'ਚ ਪੂਰਾ ਸਹਿਯੋਗ ਮਿਲਿਆ ਅਤੇ ਸ਼ਹਿਰ ਦੀਆਂ ਸੜਕਾਂ 'ਤੇ ਇੱਕਾ-ਦੁੱਕਾ ਲੋਕ ਹੀ ਨਜ਼ਰ ਆਏ। ਸ਼ਰਾਬ ਦੇ ਠੇਕਿਆਂ ਅਤੇ ਮੈਡੀਕਲ ਸ਼ਾਪਸ ਆਦਿ ਨੂੰ ਛੱਡ ਕੇ ਸ਼ਹਿਰ ਦੇ ਹੋਰ ਸਾਰੇ ਥਾਂ ਬੰਦ ਰਹੇ। ਅਜਿਹੀ ਹਾਲਤ 'ਚ ਬੀਤੇ ਦਿਨ ਜਲੰਧਰ 'ਚ ਨਾ ਤਾਂ ਸੜਕਾਂ ਆਦਿ 'ਤੇ ਸਫਾਈ ਹੋਈ ਅਤੇ ਨਾ ਹੀ ਲੋਕਾਂ ਦੇ ਘਰਾਂ ਤੋਂ ਕੂੜਾ ਚੁੱਕਿਆ ਗਿਆ। ਜਲੰਧਰ ਨਗਰ ਨਿਗਮ ਨੇ ਬੀਤੇ ਦਿਨ ਆਪਣੀ ਵਰਕਸ਼ਾਪ ਦਾ ਤਾਲਾ ਹੀ ਨਹੀਂ ਖੋਲ੍ਹਿਆ, ਜਿਸ ਕਾਰਨ ਸ਼ਹਿਰ 'ਚ ਕੂੜੇ ਦੀ ਥੋੜ੍ਹੀ ਜਿਹੀ ਵੀ ਲਿਫਟਿੰਗ ਨਹੀਂ ਹੋਈ।
ਉਧਰ ਅੰਮ੍ਰਿਤਸਰ ਅਤੇ ਲੁਧਿਆਣਾ ਨਗਰ ਨਿਗਮਾਂ ਦੀ ਗੱਲ ਕਰੀਏ ਤਾਂ ਉਥੇ ਸਫਾਈ ਨੂੰ ਲੈ ਕੇ ਸਾਰਾ ਦਿਨ ਹਲਚਲ ਰਹੀ। ਭਾਵੇਂ ਇਨ੍ਹਾਂ ਦੋਵਾਂ ਵੱਡੇ ਸ਼ਹਿਰਾਂ 'ਚ ਕੂੜੇ ਦੀ ਲਿਫਟਿੰਗ ਅਤੇ ਸਾਫ-ਸਫਾਈ ਦਾ ਕੰਮ ਪ੍ਰਾਈਵੇਟ ਕੰਪਨੀ ਐੱਮ. ਐੱਸ. ਡਬਲਯੂ. ਅਤੇ ਏ ਟੂ ਜ਼ੈੱਡ ਦੇ ਹਵਾਲੇ ਹੈ ਪਰ ਫਿਰ ਵੀ ਉਥੇ ਨਗਰ ਨਿਗਮਾਂ ਨੇ ਪੂਰੀ ਮਾਨੀਟਰਿੰਗ ਰੱਖੀ।
ਅੰਮ੍ਰਿਤਸਰ ਨਗਰ ਨਿਗਮ
ਅੰਮ੍ਰਿਤਸਰ ਦੀ ਗੱਲ ਕਰੀਏ ਤਾਂ ਉਥੇ ਨਗਰ ਨਿਗਮ ਨੇ ਸ਼ਹਿਰ 'ਚ ਉਨ੍ਹਾਂ ਸਾਰੀਆਂ ਥਾਵਾਂ 'ਤੇ ਅੱਜ ਫੌਗਿੰਗ ਕਰਵਾਈ, ਜਿਨ੍ਹਾਂ ਨੂੰ ਪ੍ਰਸ਼ਾਸਨ ਨੇ ਆਈਸੋਲੇਸ਼ਨ ਸੈਂਟਰ ਐਲਾਨ ਕਰ ਰੱਖਿਆ ਹੈ। ਅੰਮ੍ਰਿਤਸਰ ਨਿਗਮ ਦੇ ਕਰਮਚਾਰੀਆਂ ਨੇ ਵੀ ਉਨ੍ਹਾਂ ਘਰਾਂ ਦੇ ਬਾਹਰ ਸੈਂਕੜੇ ਪੋਸਟਰ ਲਾਏ ਜਿਥੇ ਵਿਦੇਸ਼ਾਂ ਤੋਂ ਆਏ ਲੋਕ ਰਹਿ ਰਹੇ ਹਨ। ਸ਼ਹਿਰ 'ਚ ਕਈ ਥਾਵਾਂ 'ਤੇ ਸੈਨੇਟਾਈਜ਼ਰ ਦਾ ਸਪ੍ਰੇਅ ਕਰਨ ਤੋਂ ਇਲਾਵਾ ਅੰਮ੍ਰਿਤਸਰ ਨਿਗਮ ਨੇ ਆਪਣੇ ਖੁਦ ਦੇ ਦਫ਼ਤਰ ਨੂੰ ਪੂਰੀ ਤਰ੍ਹਾਂ ਸੈਨੇਟਾਈਜ਼ ਕਰ ਲਿਆ ਹੈ ਅਤੇ ਮੇਨ ਬਿਲਡਿੰਗ, ਸਾਰੇ ਜ਼ੋਨਲ ਦਫ਼ਤਰ 'ਚ ਕੀਟਨਾਸ਼ਕ ਦਵਾਈਆਂ ਦਾ ਸਪ੍ਰੇ ਅਤੇ ਫੌਗਿੰਗ ਕੀਤੀ ਜਾ ਚੁੱਕੀ ਹੈ।
ਲੁਧਿਆਣਾ ਨਗਰ ਨਿਗਮ
ਲੁਧਿਆਣਾ ਦੀ ਗੱਲ ਕਰੀਏ ਤਾਂ ਉਥੇ ਵੀ ਨਗਰ ਨਿਗਮ ਨੇ ਆਪਣੇ ਦਫਤਰਾਂ ਨੂੰ ਪੂਰੀ ਤਰ੍ਹਾਂ ਸੈਨੇਟਾਈਜ਼ ਕਰ ਦਿੱਤਾ ਹੈ। ਉਥੇ ਪ੍ਰਾਈਵੇਟ ਕੰਪਨੀ ਵਲੋਂ ਕੂੜੇ ਦੀ ਲਿਫਟਿੰਗ ਵੀ ਨਾਲੋ-ਨਾਲ ਕੀਤੀ ਜਾ ਰਹੀ ਹੈ। ਲੁਧਿਆਣਾ 'ਚ ਤਾਂ ਅੱਜ ਜਨਤਕ ਥਾਵਾਂ ਨੂੰ ਮਸ਼ੀਨੀ ਸਪ੍ਰੇਅ ਰਾਹੀਂ ਸੈਨੇਟਾਈਜ਼ ਵੀ ਕੀਤਾ ਗਿਆ, ਜਿਸ ਦੀ ਲੋਕਾਂ ਨੇ ਕਾਫ਼ੀ ਸ਼ਲਾਘਾ ਕੀਤੀ।
ਜਲੰਧਰ ਨਗਰ ਨਿਗਮ
ਇਕ ਪਾਸੇ ਜਿੱਥੇ ਲੁਧਿਆਣਾ ਅਤੇ ਅੰਮ੍ਰਿਤਸਰ ਨਿਗਮਾਂ ਨੇ ਪੂਰਾ ਦਿਨ ਕੰਮ ਕੀਤਾ, ਉਥੇ ਹੀ ਜਲੰਧਰ ਨਿਗਮ ਨੇ ਸਾਰਾ ਦਿਨ ਆਰਾਮ ਕਰ ਕੇ ਬਿਤਾਇਆ। ਜਲੰਧਰ ਨਿਗਮ ਦੇ ਸਾਰੇ ਛੋਟੇ-ਵੱਡੇ ਅਧਿਕਾਰੀ ਅਤੇ ਕਰਮਚਾਰੀ ਸਾਰਾ ਦਿਨ ਆਪਣੇ ਘਰਾਂ 'ਚ ਰਹੇ ਅਤੇ ਕਿਸੇ ਕੰਮ ਦੀ ਵੀ ਮਾਨੀਟਰਿੰਗ ਨਹੀਂ ਹੋਈ। ਜਲੰਧਰ 'ਚ ਨਗਰ ਨਿਗਮ ਆਪਣੀ ਬਿਲਡਿੰਗ ਤੱਕ ਨੂੰ ਸੈਨੇਟਾਈਜ਼ ਨਹੀਂ ਕਰ ਸਕਿਆ, ਨਿਗਮ ਵਲੋਂ ਪੂਰੇ ਸ਼ਹਿਰ ਜਾਂ ਜਨਤਕ ਥਾਵਾਂ ਦੀ ਸੈਨੇਟਾਈਜ਼ੇਸ਼ਨ ਬਾਰੇ ਕੀ ਉਮੀਦ ਕੀਤੀ ਜਾ ਸਕਦੀ ਹੈ। ਜਲੰਧਰ 'ਚ ਥਾਂ-ਥਾਂ ਕੂੜੇ ਦੇ ਢੇਰ ਲੱਗੇ ਹੋਏ ਹਨ ਜਿਨ੍ਹਾਂ ਨੂੰ ਚੁੱਕਣ 'ਚ ਨਿਗਮ ਕੋਈ ਦਿਲਚਸਪੀ ਨਹੀਂ ਦਿਖਾ ਰਿਹਾ। ਜਲੰਧਰ ਨਿਗਮ ਨੇ ਆਪਣੇ ਸਫਾਈ ਕਰਮਚਾਰੀਆਂ ਨੂੰ ਹੁਣੇ ਤੱਕ ਮਾਸਕ ਅਤੇ ਸੈਨੇਟਾਈਜ਼ਰ ਆਦਿ ਮੁਹੱਈਆ ਨਹੀਂ ਕਰਵਾਏ ਹਨ। ਸਫਾਈ ਕਰਮਚਾਰੀਆਂ ਨੂੰ ਸਿਰਫ ਸਿੰਗਲ ਟਾਈਮ ਯੂਜ਼ ਵਾਲੇ ਦਸਤਾਨੇ ਦਿੱਤੇ ਗਏ ਹਨ, ਜੋ ਇੰਨੇ ਟਾਈਟ ਹਨ ਕਿ ਪਾਏ ਹੀ ਨਹੀਂ ਜਾ ਰਹੇ।
ਜਲੰਧਰ ਦੇ ਕਾਂਗਰਸੀ ਐਕਟਿਵ ਕਿਉਂ ਨਹੀਂ ਹੋ ਰਹੇ
ਪੂਰੇ ਪੰਜਾਬ ਦੀ ਗੱਲ ਕਰੀਏ ਤਾਂ ਸੂਬੇ ਦੀ ਸੱਤਾ 'ਤੇ ਕਾਂਗਰਸ ਵੱਡੇ ਬਹੁਮਤ ਲਾਲ ਬਿਰਾਜਮਾਨ ਹੈ ਅਤੇ ਸਾਰੇ ਵੱਡੇ ਸ਼ਹਿਰਾਂ 'ਚ ਨਗਰ ਨਿਗਮ ਵੀ ਕਾਂਗਰਸ ਦੇ ਕਬਜ਼ੇ 'ਚ ਹੈ। ਲੁਧਿਆਣਾ ਅਤੇ ਅੰਮ੍ਰਿਤਸਰ 'ਚ ਵੀ ਨਿਗਮਾਂ ਦੀ ਸੱਤਾ 'ਤੇ ਕਾਂਗਰਸ ਦਾ ਕਬਜ਼ਾ ਹੈ ਅਤੇ ਜੇਕਰ ਉਥੇ ਦੇ ਕਾਂਗਰਸੀ ਵਿਧਾਇਕ ਮੇਅਰ ਅਤੇ ਸੱਤਾ ਨਾਲ ਜੁੜੇ ਹੋਰ ਆਗੂ ਨਿਗਮ ਅਧਿਕਾਰੀਆਂ ਤੋਂ ਸਾਫ-ਸਫਾਈ ਦਾ ਕੰਮ ਲੈ ਸਕਦੇ ਹਨ ਤਾਂ ਜਲੰਧਰ 'ਚ ਅਜਿਹਾ ਕਿਉਂ ਨਹੀਂ ਹੋ ਰਿਹਾ। ਜਲੰਧਰ 'ਚ ਵੀ ਚਾਰੋਂ ਵਿਧਾਇਕ ਕਾਂਗਰਸ ਦੇ ਹਨ। ਮੇਅਰ ਤੋਂ ਇਲਾਵਾ 80 ਕੌਂਸਲਰਾਂ 'ਚੋਂ 65 ਕੌਂਸਲਰ ਕਾਂਗਰਸ ਨਾਲ ਸਬੰਧਤ ਹਨ। ਇੰਨੇ ਭਾਰੀ ਬਹੁਮਤ ਦੇ ਬਾਵਜੂਦ ਪਤਾ ਨਹੀਂ ਕਿਉਂ ਜਲੰਧਰ ਦੇ ਕਾਂਗਰਸੀ ਐਕਟਿਵ ਨਹੀਂ ਹੋ ਰਹੇ। ਅੱਜ ਜਨਤਾ ਕਰਫਿਊ ਦੇ ਕਾਰਨ ਸ਼ਹਿਰ ਦੇ ਕਿਸੇ ਕਾਂਗਰਸੀ ਆਗੂ ਨੂੰ ਸ਼ਹਿਰ ਦੀ ਸਫਾਈ ਵਿਵਸਥਾ ਦੀ ਯਾਦ ਨਹੀਂ ਆਈ ਅਤੇ ਨਾ ਹੀ ਅਜੇ ਤੱਕ ਕਿਸੇ ਕਾਂਗਰਸੀ ਆਗੂ ਨੇ ਨਿਗਮ 'ਤੇ ਦਬਾਅ ਪਾਇਆ ਹੈ ਕਿ ਉਹ ਸ਼ਹਿਰ 'ਚ ਫੌਗਿੰਗ ਕਰਵਾਏ, ਜਨਤਕ ਥਾਵਾਂ ਨੂੰ ਸੈਨੇਟਾਈਜ਼ ਕਰੇ, ਆਪਣੇ ਦਫ਼ਤਰ 'ਚ ਸਪ੍ਰੇਅ ਕਰਵਾਏ ਅਤੇ ਸ਼ਹਿਰ ਦੀਆਂ ਸੜਕਾਂ 'ਤੇ ਲੱਗੇ ਕੂੜੇ ਦੇ ਢੇਰ ਚੁੱਕਵਾਏ। ਕਿਸੇ ਦੀ ਦਖਲਅੰਦਾਜ਼ੀ ਨਾ ਹੋਣ ਕਾਰਨ ਨਿਗਮ ਦੇ ਅਧਿਕਾਰੀ ਵੀ ਇਨ੍ਹਾਂ ਜ਼ਰੂਰਤਾਂ ਵੱਲ ਧਿਆਨ ਨਹੀਂ ਦੇ ਰਹੇ।
ਕੌਂਸਲਰ ਸ਼ੈਰੀ ਐਕਟਿਵ ਹੋ ਸਕਦੇ ਹਨ ਤਾਂ ਨਿਗਮ ਕਿਉਂ ਨਹੀਂ
ਇਕ ਪਾਸੇ ਜਿੱਥੇ ਸ਼ਹਿਰ ਦੀ ਸੈਨੇਟਾਈਜ਼ੇਸ਼ਨ ਨੂੰ ਲੈ ਕੇ ਜਲੰਧਰ ਨਗਰ ਨਿਗਮ ਬਿਲਕੁਲ ਚੁੱਪ ਬੈਠਾ ਹੈ, ਉਥੇ ਹੀ ਕਾਂਗਰਸੀ ਕੌਂਸਲਰ ਸ਼ੈਰੀ ਚੱਢਾ ਵੀ ਆਪਣੇ ਪੈਸਿਆਂ ਲਾਲ ਖਰੀਦੀਆਂ ਗਈਆਂ ਸਪ੍ਰੇਅ ਮਸ਼ੀਨਾਂ ਨੂੰ ਲੈ ਕੇ ਸ਼ਹਿਰ 'ਚ ਵੱਖ-ਵੱਖ ਥਾਵਾਂ 'ਤੇ ਸੈਨੇਟਾਈਜ਼ੇਸ਼ਨ ਕਰਦੇ ਦਿਸੇ। ਸ਼ੈਰੀ ਚੱਢਾ ਨੇ ਖੁਦ ਨਾਲ ਜਾ ਕੇ ਬੰਦ ਬਾਜ਼ਾਰਾਂ ਦੀਆਂ ਦੁਕਾਨਾਂ ਦੇ ਸ਼ਟਰ ਅਤੇ ਤਾਲੇ ਆਦਿ 'ਤੇ ਸਪ੍ਰੇਅ ਕਰਵਾਇਆ ਅਤੇ ਪੂਰੇ ਖੇਤਰ ਦੇ ਮੰਦਰਾਂ, ਗੁਰਦੁਆਰਿਆਂ ਅਤੇ ਹੋਰ ਧਾਰਮਿਕ ਥਾਵਾਂ ਨੂੰ ਸੈਨੇਟਾਈਜ਼ ਕੀਤਾ। ਜ਼ਿਕਰਯੋਗ ਹੈ ਕਿ ਕੱਲ ਵੀ ਕੌਂਸਲਰ ਸ਼ੈਰੀ ਚੱਢਾ ਨੇ ਆਪਣੇ ਵਾਰਡ 'ਚ ਪੈਂਦੇ ਪੱਕਾ ਬਾਗ ਦੀਆਂ ਗਲੀਆਂ 'ਚ ਸਪ੍ਰੇ ਕਰਵਾਇਆ ਸੀ । ਹੁਣ ਸਵਾਲ ਇਹ ਹੈ ਕਿ ਜੇਕਰ ਇਕ ਕਾਂਗਰਸੀ ਕੌਂਸਲਰ ਕੁਝ ਹਜ਼ਾਰ ਰੁਪਏ ਖਰਚ ਕਰਕੇ ਸ਼ਹਿਰ ਨੂੰ ਸੈਨੇਟਾਈਜ਼ ਕਰਨ ਲਈ ਨਿਕਲਿਆ ਹੈ ਤਾਂ ਕੀ ਨਗਰ ਨਿਗਮ ਦੀ ਕੋਈ ਡਿਊਟੀ ਨਹੀਂ ਬਣਦੀ, ਜਿਸ ਦੇ ਅਧਿਕਾਰੀ ਲੱਖਾਂ ਰੁਪਏ ਤਨਖਾਹ ਲੈਂਦੇ ਹਨ। ਸ਼ਹਿਰ ਦੇ ਬਾਕੀ ਕਾਂਗਰਸੀ ਆਗੂਆਂ ਨੂੰ ਵੀ ਪਹਿਲੀ ਵਾਰ ਬਣੇ ਕੌਂਸਲਰ ਤੋਂ ਕੁਝ ਸਿੱਖਿਆ ਲੈਣੀ ਚਾਹੀਦੀ ਹੈ।
ਛੋਟੀਆਂ-ਛੋਟੀਆਂ ਨਗਰ ਕੌਂਸਲਾਂ ਨੇ ਚਲਾਈ ਸੈਨੇਟਾਈਜ਼ੇਸ਼ਨ ਮੁਹਿੰਮ
ਕੋਰੋਨਾ ਕਾਰਨ ਪੰਜਾਬ 'ਚ ਲੋਕ ਮਰਨੇ ਸ਼ੁਰੂ ਹੋ ਗਏ ਹਨ ਪਰ ਇਸ ਦੇ ਬਾਵਜੂਦ ਜਲੰਧਰ ਨਿਗਮ ਨੇ ਸ਼ਹਿਰ ਦੀ ਸੈਨੇਟਾਈਜ਼ੇਸ਼ਨ ਬਾਰੇ ਅਜੇ ਤੱਕ ਸੋਚਿਆ ਨਹੀਂ ਹੈ, ਜਦਕਿ ਪੰਜਾਬ ਦੀਆਂ ਛੋਟੀਆਂ-ਛੋਟੀਆਂ ਨਗਰ ਕੌਂਸਲਾਂ ਨੇ ਆਪਣੇ-ਆਪਣੇ ਕਸਬਿਆਂ ਨੂੰ ਸੈਨੇਟਾਈਜ਼ ਕਰਨ ਦਾ ਕੰਮ ਸ਼ੁਰੂ ਕਰ ਦਿੱਤਾ ਹੈ। ਗੁਰਦਾਸਪੁਰ 'ਚ ਨਗਰ ਕੌਂਸਲ ਦੇ ਅਧਿਕਾਰੀਆਂ ਨੇ ਪੂਰੇ ਸ਼ਹਿਰ 'ਚ ਸਪ੍ਰੇਕਰਵਾਇਆ। ਸੂਬੇ ਦੀਆਂ ਕਈ ਹੋਰ ਥਾਵਾਂ ਤੋਂ ਵੀ ਅਜਿਹੀਆਂ ਖਬਰਾਂ ਮਿਲੀਆਂ ਹਨ।