ਚੰਡੀਗੜ੍ਹ 'ਚ ਕੋਰੋਨਾ ਪਾਜ਼ੇਟਿਵ ਨਵਾਂ ਕੇਸ ਆਇਆ ਸਾਹਮਣੇ, ਕੁੱਲ ਗਿਣਤੀ ਹੋਈ 28
Saturday, Apr 25, 2020 - 09:30 AM (IST)
ਚੰਡੀਗੜ੍ਹ (ਪਰਦੀਪ) : ਸ਼ੁੱਕਰਵਾਰ ਨੂੰ ਜੀ. ਐਮ. ਸੀ. ਐਚ.-32 ਦੇ ਵਾਰਡ ਸਰਵੈਂਟ 'ਚ ਕੋਰੋਨਾ ਵਾਇਰਸ ਦੀ ਪੁਸ਼ਟੀ ਕੀਤੀ ਗਈ ਹੈ, ਜੋ ਕਿ ਬਾਪੂ ਧਾਮ ਕਾਲੋਨੀ 'ਚ ਰਹਿੰਦਾ ਹੈ। ਉਸ ਦੇ ਪਰਿਵਾਰ ਨੂੰ ਕੁਆਰੰਟਾਈਨ ਕਰ ਦਿੱਤਾ ਗਿਆ ਹੈ। ਉਕਤ ਸਰਵੈਂਟ ਸੈਕਟਰ-28 'ਚ ਰਹਿਣ ਵਾਲੇ ਉਸ ਦੇ ਰਿਸ਼ਤੇਦਾਰਾਂ ਦੇ ਸੰਪਰਕ 'ਚ ਵੀ ਆਇਆ ਸੀ, ਹੁਣ ਵਿਭਾਗ ਉਨ੍ਹਾਂ ਨੂੰ ਵੀ ਕੁਆਰੰਟਾਈਨ ਕਰੇਗਾ। ਮਰੀਜ਼ ਦੀ ਕਿਸੇ ਤਰ੍ਹਾਂ ਦੀ ਕੋਈ ਟ੍ਰੈਵਲ ਹਿਸਟਰੀ ਨਹੀਂ ਹੈ ਅਤੇ ਨਾ ਹੀ ਕੋਈ ਸੰਪਰਕ ਹਿਸਟਰੀ।
ਇਹ ਵੀ ਪੜ੍ਹੋ : ਪਟਿਆਲਾ : ਸ੍ਰੀ ਹਜੂਰ ਸਾਹਿਬ 'ਚ ਫਸੇ ਸ਼ਰਧਾਲੂਆਂ ਨੂੰ ਲਿਆਉਣ ਲਈ ਰਵਾਨਾ ਹੋਣਗੀਆਂ 'ਬੱਸਾਂ'
ਸਰਜਰੀ ਓ. ਟੀ. 'ਚ ਉਸ ਦੀ ਡਿਊਟੀ ਸੀ। ਕਿਹਾ ਜਾ ਰਿਹਾ ਹੈ ਕਿ ਹਸਪਤਾਲ 'ਚ ਹੀ ਉਹ ਇੰਫੈਕਟਿਡ ਹੋਇਆ ਹੈ। ਵੀਰਵਾਰ ਨੂੰ ਉਸ ਨੂੰ ਬੁਖਾਰ ਅਤੇ ਖਾਂਸੀ ਵਰਗੇ ਲੱਛਣ ਸਨ, ਜਿਸ ਤੋਂ ਬਾਅਦ ਉਹ ਸ਼ੁੱਕਰਵਾਰ ਨੂੰ ਜੀ. ਐਮ. ਸੀ. ਐਚ.-32 'ਚ ਦਾਖਲ ਹੋਇਆ ਸੀ। ਟੈਸਟ ਕਰਨ 'ਤੇ ਰਾਤ ਨੂੰ ਉਸ ਦੀ ਕੋਰੋਨਾ ਰਿਪੋਰਟ ਪਾਜ਼ੇਟਿਵ ਆਈ। ਦੱਸ ਦੇਈਏ ਕਿ ਇਸ ਤੋਂ ਬਾਅਦ ਚੰਡੀਗੜ੍ਹ 'ਚ ਕੁੱਲ ਕੋਰੋਨਾ ਪੀੜਤਾਂ ਦੀ ਗਿਣਤੀ 28 'ਤੇ ਪੁੱਜ ਗਈ ਹੈ।
ਚੰਡੀਗੜ੍ਹ 'ਚ ਰਿਕਵਰੀ ਰੇਟ 56 ਫੀਸਦੀ
ਕੋਰੋਨਾ ਤੋਂ ਸੁਰੱਖਿਆ ਨੂੰ ਲੈ ਕੇ ਪ੍ਰਸ਼ਾਸਨ ਦੇ ਕੰਮਾਂ ਦੀ ਸਮੀਖਿਆ ਸ਼ੁੱਕਰਵਾਰ ਨੂੰ ਪ੍ਰਸ਼ਾਸਕ ਵੀ. ਪੀ. ਸਿੰਘ ਬਦਨੌਰ ਨੇ ਕੀਤੀ। ਪ੍ਰਮੁੱਖ ਸਿਹਤ ਸਕੱਤਰ ਅਰੁਣ ਕੁਮਾਰ ਗੁਪਤਾ ਨੇ ਦੱਸਿਆ ਕਿ ਨੈਸ਼ਨਲ ਰਿਕਵਰੀ ਰੇਟ 20 ਫੀਸਦੀ ਹੈ, ਜਦੋਂ ਕਿ ਚੰਡੀਗੜ੍ਹ 'ਚ ਰਿਕਵਰੀ ਰੇਟ 56 ਫੀਸਦੀ ਹੈ। ਚੰਡੀਗੜ੍ਹ ਰਿਕਵਰੀ ਰੇਟ ਦੇ ਮਾਮਲੇ 'ਚ ਸੂਬਿਆਂ, ਕੇਂਦਰ ਸ਼ਾਸਿਤ ਪ੍ਰਦੇਸ਼ਾਂ 'ਚੋਂ ਤੀਜੇ ਨੰਬਰ 'ਤੇ ਹੈ। ਉਨ੍ਹਾਂ ਨੇ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਪੂਰੇ ਸ਼ਹਿਰ 'ਚ ਵੈਂਡਰ, ਸੈਨੀਟੇਸ਼ਨ ਵਰਕਸ, ਡਲਿਵਰੀ ਬੁਆਏਜ਼, ਹਾਕਰਜ਼ ਆਦਿ ਦੀ ਰੈਗੂਲਰ ਜਾਂਚ ਕੀਤੀ ਜਾਣੀ ਚਾਹੀਦੀ ਹੈ।
ਇਹ ਵੀ ਪੜ੍ਹੋ : ਪੰਜਾਬ 'ਚ ਕੋਰੋਨਾ ਦਾ ਕਹਿਰ, 298 ਤੱਕ ਪੁੱਜਾ ਮਰੀਜ਼ਾਂ ਦਾ ਅੰਕੜਾ, ਮੋਹਾਲੀ-ਜਲੰਦਰ ਸਭ ਤੋਂ ਅੱਗੇ