ਜਲੰਧਰ: ਘਰ-ਘਰ ਚੀਜ਼ਾਂ ਪਹੁੰਚਾਉਣ ਲਈ ਪ੍ਰਸ਼ਾਸਨਿਕ ਅਧਿਕਾਰੀ ਕਰ ਰਹੇ ਸਖਤ ਮਿਹਨਤ : ਡਿਪਟੀ ਕਮਿਸ਼ਨਰ

03/26/2020 3:43:04 PM

ਜਲੰਧਰ (ਚੋਪੜਾ)— ਡਿਪਟੀ ਕਮਿਸ਼ਨਰ ਵਰਿੰਦਰ ਕੁਮਾਰ ਸ਼ਰਮਾ ਨੇ ਦੱਸਿਆ ਕਿ ਕਰਫਿਊ ਦੌਰਾਨ ਲੋਕਾਂ ਨੂੰ ਫਲ-ਸਬਜ਼ੀਆਂ, ਦਵਾਈਆਂ ਅਤੇ ਹੋਰ ਜ਼ਰੂਰੀ ਚੀਜ਼ਾਂ ਘਰ ਬੈਠੇ ਮੁਹੱਈਆ ਕਰਵਾਉਣ ਲਈ ਜ਼ਿਲਾ ਪ੍ਰਸ਼ਾਸਨ ਦੇ ਸਾਰੇ ਅਧਿਕਾਰੀ ਸਖ਼ਤ ਮਿਹਨਤ ਕਰ ਰਹੇ ਹਨ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਉਨ੍ਹਾਂ ਨੇ ਬੀਤੇ ਦਿਨ ਸਿਹਤ ਵਿਭਾਗ, ਖੁਰਾਕ ਸਪਲਾਈ ਵਿਭਾਗ, ਐੱਸ. ਡੀ. ਐੱਮਜ਼, ਤਹਿਸੀਲਦਾਰਾਂ ਸਮੇਤ ਕਈ ਸੰਪਰਕ ਨੰਬਰ ਜਨਤਕ ਕੀਤੇ ਸਨ ਤਾਂ ਜੋ ਜੇਕਰ ਕਿਸੇ ਵਿਅਕਤੀ ਨੂੰ ਜ਼ਰੂਰੀ ਚੀਜ਼ਾਂ ਮਿਲਣ ਸਮੇਤ ਕੋਰੋਨਾ ਵਾਇਰਸ ਕਾਰਨ ਸਿਹਤ ਸਬੰਧੀ ਕੋਈ ਸਮੱਸਿਆ ਆਉਂਦੀ ਹੈ ਤਾਂ ਉਹ ਉਨ੍ਹਾਂ ਨੂੰ ਸਬੰਧਤ ਨੰਬਰਾਂ 'ਤੇ ਸੰਪਰਕ ਕਰ ਕੇ ਸਹੂਲਤ ਹਾਸਲ ਕਰ ਸਕੇ। 

PunjabKesari

ਡਿਪਟੀ ਕਮਿਸ਼ਨਰ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਪਹਿਲਾਂ ਲੋਕਾਂ ਨੂੰ ਲਾਕਡਾਊਨ ਕਰਕੇ ਕਈ ਤਰ੍ਹਾਂ ਦੀਆਂ ਸਹੂਲਤਾਂ ਪ੍ਰਦਾਨ ਕੀਤੀਆਂ ਸਨ ਪਰ ਲੋਕ ਇਨ੍ਹਾਂ ਸਹੂਲਤਾਂ ਦਾ ਲਾਭ ਪ੍ਰਾਪਤ ਕਰਨ ਦੀ ਬਜਾਏ ਸੜਕਾਂ 'ਤੇ ਉਤਰ ਆਏ, ਜਿਸ ਨਾਲ ਕੋਰੋਨਾ ਵਾਇਰਸ ਦੇ ਇਨਫੈਕਸ਼ਨ ਖਤਰਾ ਵਧ ਗਿਆ ਸੀ, ਜਿਸ ਨੂੰ ਵੇਖਦੇ ਹੋਏ ਪੰਜਾਬ ਸਰਕਾਰ ਨੇ ਅਚਾਨਕ ਸਾਰੇ ਜ਼ਿਲਿਆਂ ਚ ਕਰਫਿਊ ਲਗਾਉਣ ਦਾ ਫੈਸਲਾ ਕੀਤਾ ਹੈ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਕਰਫਿਊ ਵਿਚ ਇਸ ਕਾਰਨ ਢਿੱਲ ਨਹੀਂ ਦਿੱਤੀ ਜਾ ਰਹੀ ਤਾਂ ਜੋ ਲੋਕ ਫਿਰ ਸੜਕਾਂ 'ਤੇ ਨਾ ਉਤਰ ਆਉਣ। ਉਨ੍ਹਾਂ ਕਿਹਾ ਕਿ ਲੋਕਾਂ ਨੂੰ ਜਾਰੀ ਕੀਤੇ ਗਏ ਸੰਪਰਕ ਨੰਬਰਾਂ ਨਾਲ ਬੜੀ ਮੁਸ਼ਕਲ ਦਾ ਸਾਹਮਣਾ ਕਰਨਾ ਪਿਆ। ਕਰੀਬ 20 ਲੱਖ ਦੀ ਆਬਾਦੀ ਨੂੰ ਘਰ-ਘਰ ਚੀਜ਼ਾਂ ਪਹੁੰਚਾਉਣ ਦਾ ਜੋ ਜ਼ਿੰਮਾ ਜ਼ਿਲਾ ਪ੍ਰਸ਼ਾਸਨ ਨੇ Àਠਾਇਆ ਹੈ, ਉਸਦਾ ਪੂਰਾ ਪ੍ਰਬੰਧ ਕਰਨ ਵਿਚ ਕੁਝ ਦਿਨਾਂ ਦਾ ਸਮਾਂ ਲੱਗੇਗਾ। ਉਨ੍ਹਾਂ ਨੇ ਕਿਹਾ ਕਿ ਅੱਜ ਪ੍ਰਸ਼ਾਸਨ ਨੇ ਵੱਡੀ ਪੱਧਰ 'ਚ ਸ਼ਹਿਰ ਵਿਚ ਰਾਸ਼ਨ, ਸਬਜ਼ੀਆਂ, ਦਵਾਈਆਂ ਸਮੇਤ ਜ਼ਰੂਰੀ ਚੀਜ਼ਾਂ ਦੀ ਵਿਕਰੀ ਕਰਨ ਵਾਲੇ ਦੁਕਾਨਦਾਰਾਂ ਦੀ ਇਕ ਵੱਡੀ ਲਿਸਟ ਜਨਤਕ ਕੀਤੀ ਹੈ ਤਾਂ ਜੋ ਸ਼ਹਿਰ ਵਾਸੀ ਇਲਾਕੇ ਨਾਲ ਸਬੰਧਤ ਦੁਕਾਨਦਾਰਾਂ ਨਾਲ ਸੰਪਰਕ ਕਰਕੇ ਉਨ੍ਹਾਂ ਤੋਂ ਘਰ ਬੈਠੇ ਆਪਣਾ ਜ਼ਰੂਰੀ ਸਾਮਾਨ ਮੰਗਵਾ ਸਕਣ। ਉਨ੍ਹਾਂ ਕਿਹਾ ਕਿ ਇਸ ਸੂਚੀ ਵਿਚ ਸ਼ਾਮਲ ਸਾਰੇ ਦੁਕਾਨਦਾਰਾਂ ਤੇ ਕਾਰੋਬਾਰੀਆਂ ਨੂੰ ਵਿਸ਼ੇਸ਼ ਪਛਾਣ ਪੱਤਰ ਜਾਰੀ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਜਨਤਾ ਸਬਰ ਤੋਂ ਕੰਮ ਲਵੇ। ਪ੍ਰਸ਼ਾਸਨ ਉਨ੍ਹਾਂ ਨੂੰ ਸਹੂਲਤਾਂ ਪ੍ਰਦਾਨ ਕਰਨ ਵਿਚ ਕੋਈ ਕਮੀ ਨਹੀਂ ਛੱਡੇਗਾ। ਉਨ੍ਹਾਂ ਕਿਹਾ ਕਿ 1-2 ਦਿਨ ਦੀਆਂ ਤਕਲੀਫਾਂ ਸਾਨੂੰ ਬਰਦਾਸ਼ਤ ਕਰਦੇ ਹੋਏ ਪ੍ਰਸ਼ਾਸਨ ਨੂੰ ਸਹਿਯੋਗ ਦੇਣਾ ਚਾਹੀਦਾ ਹੈ।

ਦੁਕਾਨਦਾਰਾਂ ਤੇ ਕਾਰੋਬਾਰੀਆਂ ਨੇ ਕੋਰੋਨਾ ਵਾਇਰਸ ਸਬੰਧੀ ਸਾਵਧਾਨੀਆਂ ਦੀਆਂ ਉਡਾਈਆਂ ਧੱਜੀਆਂ
ਪ੍ਰਸ਼ਾਸਨਿਕ ਕੰਪਲੈਕਸ ਵਿਚ ਪਾਸ ਲੈਣ ਆਏ ਲੋਕਾਂ ਨੂੰ ਰੋਕਣ ਲਈ ਨਹੀਂ ਕੀਤੇ ਜ਼ਰੂਰੀ ਪ੍ਰਬੰਧ

ਜ਼ਿਲਾ ਪ੍ਰਸ਼ਾਸਨ ਵੱਲੋਂ ਸ਼ਹਿਰ ਦੇ ਵੱਖ-ਵੱਖ ਖੇਤਰਾਂ ਨਾਲ ਸਬੰਧਤ ਸੈਂਕੜੇ ਕਾਰੋਬਾਰੀਆਂ ਤੇ ਦੁਕਾਨਦਾਰਾਂ ਨੂੰ ਕਰਫਿਊ ਦੌਰਾਨ ਜ਼ਰੂਰੀ ਸਾਮਾਨ ਲੋਕਾਂ ਦੇ ਘਰਾਂ ਤੱਕ ਹੋਮ ਡਲਿਵਰ ਕਰਨ ਲਈ ਚੁਣਿਆ ਗਿਆ। ਇਨ੍ਹਾਂ ਕਾਰੋਬਾਰੀਆਂ ਅਤੇ ਦੁਕਾਨਦਾਰਾਂ ਨੂੰ ਕਰਫਿਊ ਵਿਚ ਆਉਣ-ਜਾਣ ਲਈ ਐੱਸ. ਡੀ. ਐੱਮ. ਅਤੇ ਫੂਡ ਐਂਡ ਸਪਲਾਈ ਅਧਿਕਾਰੀ ਦੇ ਦਫਤਰ ਤੋਂ ਵਿਸ਼ੇਸ਼ ਪਛਾਣ ਪੱਤਰ ਜਾਰੀ ਕੀਤੇ ਜਾ ਰਹੇ ਹਨ ਜਿਸ ਨੂੰ ਲੈ ਕੇ ਬੀਤੇ ਦਿਨ ਵੱਡੀ ਪੱਧਰ 'ਤੇ ਲੋਕ ਪ੍ਰਸ਼ਾਸਨਿਕ ਦਫਤਰ ਵਿਚ ਇਕੱਠੇ ਹੋ ਗਏ। ਇਸ ਦੌਰਾਨ ਭੀੜ ਵਿਚ ਕੋਰੋਨਾ ਵਾਇਰਸ ਸਬੰਧੀ ਦਿੱਤੀਆਂ ਗਈਆਂ ਸਾਵਧਾਨੀਆਂ ਅਤੇ ਹੁਕਮਾਂ ਦੀਆਂ ਧੱਜੀਆਂ ਉਡਾਈਆਂ ਗਈਆਂ। ਪ੍ਰਸ਼ਾਸਨਿਕ ਅਧਿਕਾਰੀਆਂ ਵੱਲੋਂ ਭੀੜ ਨੂੰ ਰੋਕਣ ਅਤੇ ਕੰਟਰੋਲ ਕਰਨ ਲਈ ਕੋਈ ਪ੍ਰਬੰਧ ਨਹੀਂ ਕੀਤੇ ਗਏ ਜਿਸ ਕਾਰਣ ਕੰਪਲੈਕਸ ਵਿਚ ਲੋਕ ਇਕੱਠੇ ਹੋ ਗਏ। ਡਿਪਟੀ ਕਮਿਸ਼ਨਰ ਦਫਤਰ ਵਿਚ ਹੀ 5 ਤੋਂ ਵੱਧ ਲੋਕਾਂ ਦੇ ਇਕੱਠੇ ਹੋਣ ਦੇ ਹੁਕਮਾਂ ਦੀ ਉਲੰਘਣਾ ਹੁੰਦੀ ਰਹੀ। ਇਸ ਦੌਰਾਨ ਕਈ ਲੋਕ ਬਿਨਾਂ ਮਾਸਕ ਡੀ. ਸੀ. ਦਫਤਰ ਵਿਚ ਘੁੰਮਦੇ ਰਹੇ। ਲੋਕਾਂ ਕੋਲ ਹੈਂਡ ਸੈਨੇਟਾਈਜ਼ਰ ਤੱਕ ਮੌਜੂਦ ਨਹੀਂ ਸੀ। ਐੱਸ. ਡੀ. ਐੱਮ.1 ਅਤੇ ਐੱਸ. ਡੀ. ਐੱਮ. 2 ਦਫਤਰਾਂ ਵਿਚ ਵੀ ਦਰਜਨਾਂ ਦੀ ਗਿਣਤੀ 'ਚ ਲੋਕ ਦਿਖਾਈ ਦਿੱਤੇ। ਇਸ ਦੌਰਾਨ ਸਿਰਫ ਡਿਪਟੀ ਕਮਿਸ਼ਨਰ ਦਫਤਰ ਦੇ ਮੁੱਖ ਮਾਰਗ 'ਤੇ ਲੱਗੇ ਕੈਂਚੀ ਗੇਟ 'ਤੇ ਤਾਇਨਾਤ ਸੁਰੱਖਿਆ ਕਰਮਚਾਰੀ ਹੀ ਭੀੜ ਨੂੰ ਕਾਬੂ ਕਰਦੇ ਦਿਸੇ ਪਰ ਉਹ ਵੀ ਇਸ ਕੰਮ ਵਿਚ ਪੂਰੀ ਤਰ੍ਹਾਂ ਨਾਲ ਨਾਕਾਮ ਰਹੇ। ਡਿਪਟੀ ਕਮਿਸ਼ਨਰ ਦਫਤਰ ਵਿਚ ਹੀ ਕਰਫਿਊ ਦੌਰਾਨ ਭੀੜ ਨੂੰ ਇਕੱਠੇ ਹੋਣ ਤੋਂ ਰੋਕਣ ਸਬੰਧੀ ਕੋਈ ਪ੍ਰਬੰਧ ਨਾ ਹੋਣ ਕਾਰਣ ਕਈ ਲੋਕ ਮਜ਼ਾਕ ਉਡਾਉਂਦੇ ਦਿਸੇ। ਉਨ੍ਹਾਂ ਦਾ ਕਹਿਣਾ ਸੀ ਕਿ ਡਿਪਟੀ ਕਮਿਸ਼ਨਰ ਦਫਤਰ ਦਾ ਹਾਲ ਦੇਖ ਕੇ 'ਦੀਵੇ ਥੱਲੇ ਹਨੇਰਾ' ਦੀ ਕਹਾਵਤ ਸੱਚ ਹੁੰਦੀ ਦਿਖਾਈ ਦੇ ਰਹੀ ਹੈ।


shivani attri

Content Editor

Related News