ਏ. ਐੱਸ. ਆਈ. ਯਾਦਵਿੰਦਰ ਨੇ ਕੋਰੋਨਾ ਨਾਲ ਲੜਣ ਲਈ ਵਿੱਢੀ ਨਿਵੇਕਲੀ ਜੰਗ
Sunday, May 24, 2020 - 05:14 PM (IST)
ਬੁਢਲਾਡਾ (ਮਨਜੀਤ) : ਸਮਾਜਿਕ ਚੇਤਨਾ, ਕੋਰੋਨਾ ਬੀਮਾਰੀ ਤੋਂ ਜਾਗਰੂਕ ਕਰਨ ਲਈ ਪੰਜਾਬ ਪੁਲਸ ਦੇ ਏ.ਐੱਸ.ਆਈ ਯਾਦਵਿੰਦਰ ਸਿੰਘ ਨੇ ਬੁਢਲਾਡਾ ਵਿਚ ਵੱਖਰੇ ਤੌਰ 'ਤੇ ਮਿਸ਼ਨ ਵਿੱਢਿਆ ਹੋਇਆ ਹੈ। ਹਾਲਾਂਕਿ ਇਹ ਸਭ ਕੁਝ ਉਹ ਆਪਣੀ ਪੁਲਸ ਡਿਊਟੀ ਦੌਰਾਨ ਹੀ ਕਰਦਾ ਹੈ ਪਰ ਉਸ ਵੱਲੋਂ ਕੀਤੇ ਜਾ ਰਹੇ ਕਾਰਜ ਆਮ ਪੁਲਸ ਮੁਲਾਜ਼ਮਾਂ ਨਾਲੋਂ ਨਿਵੇਕਲੇ ਹਨ। ਯਾਦਵਿੰਦਰ ਸਿੰਘ ਦਾ ਮੰਨਣਾ ਹੈ ਕਿ ਪੁਲਸ ਡਿਊਟੀ ਇਕ ਕਰਤੱਵ ਨਾਲ ਜੁੜੀ ਹੋਈ ਹੈ ਪਰ ਇਸ ਦੇ ਨਾਲ ਹੋਰ ਵੀ ਫਰਜ਼ ਹਨ ਕਿ ਪੁਲਸ ਮੁਲਾਜ਼ਮ ਕੋਰੋਨਾ ਵਾਇਰਸ ਦੀ ਫੈਲੀ ਬਿਮਾਰੀ ਦੇ ਲੱਛਣਾਂ ਅਤੇ ਉਸ ਤੋਂ ਹੋਣ ਵਾਲੇ ਨੁਕਸਾਨ ਤੋਂ ਲੋਕਾਂ ਨੂੰ ਚੌਕੰਨਾ ਕਰੇ। ਸਮਾਜ ਵਿਚ ਪੁਲਸ ਮੁਲਾਜ਼ਮ ਦੀ ਅਜਿਹੀ ਭੂਮਿਕਾ ਇਕ ਧਾਰਮਿਕ ਸਥਾਨ 'ਤੇ ਕੀਤੀ ਗਈ ਪੂਜਾ ਦੇ ਬਰਾਬਰ ਹੈ। ਅੱਜ-ਕੱਲ੍ਹ ਬੁਢਲਾਡਾ ਵਿਚ ਤਾਇਨਾਤ ਏ.ਐੱਸ.ਆਈ ਯਾਦਵਿੰਦਰ ਸਿੰਘ ਪਹਿਲਾਂ ਲੋਕਾਂ ਨੂੰ ਯੋਗ ਜ਼ਰੀਏ ਤੰਦਰੁਸਤੀ ਕਾਇਮ ਰੱਖਣ ਲਈ ਟਿਪਸ ਦੱਸ ਰਿਹਾ ਸੀ ਪਰ ਹੌਲੀ-ਹੌਲੀ ਉਸ ਨੇ ਆਪਣੀ ਪੁਲਸ ਡਿਊਟੀ ਨੂੰ ਲੋਕਾਂ ਨਾਲ ਜੁੜੇ ਹੋਰ ਫਰਜ਼ਾਂ ਨਾਲ ਜੋੜਦਿਆਂ ਇਕ ਮਿਸ਼ਨ ਬਣਾ ਲਿਆ ਕਿ ਉਹ ਸਿਰਫ ਤਨਖਾਹ ਲੈਣ ਲਈ ਪੁਲਸ ਦੀ ਡਿਊਟੀ ਨਹੀਂ ਕਰੇਗਾ। ਬਲਕਿ ਇਸ ਸੰਕਟ ਦੀ ਘੜੀ ਵਿਚ ਡਾਕਟਰਾਂ, ਸਮਾਜ ਸੇਵੀਆਂ, ਸਰਕਾਰਾਂ ਦੇ ਜੋ ਫਰਜ਼ ਬਣਦੇ ਹਨ, ਉਨ੍ਹਾਂ ਨੂੰ ਸਵਿਕਾਰ ਕਰਕੇ ਆਪਣਾ ਯੋਗਦਾਨ ਪਾਏਗਾ।
ਇਹ ਵੀ ਪੜ੍ਹੋ : ਪੰਜਾਬ ਸਰਕਾਰ ਦਾ ਵੱਡਾ ਕਦਮ, ਹੁਣ ਇੰਝ ਹੋਵੇਗੀ ਦੁੱਧ ਦੀ ਪਰਖ
ਮਾਨਸਾ ਦੇ ਐੱਸ.ਐੱਸ.ਪੀ. ਡਾ. ਨਰਿੰਦਰ ਭਾਰਗਵ ਦੀ ਸੁਚੱਜੀ ਅਗਵਾਈ ਹੇਠ ਏ.ਐੱਸ.ਆਈ ਯਾਦਵਿੰਦਰ ਸਿੰਘ 2500 ਮਾਸਕ ਮੁਫਤ ਵੰਡ ਚੁੱਕਿਆ ਹੈ ਅਤੇ ਉਸ ਦਾ ਇਹ ਮਿਸ਼ਨ ਲਗਾਤਾਰ ਜਾਰੀ ਹੈ। ਪੁਲਸ ਦੀ ਵਰਦੀ ਪਾ ਕੇ ਉਹ ਡਿਊਟੀ ਦੌਰਾਨ ਲਾਊਡ ਸਪੀਕਰ ਰਾਹੀਂ ਇਹ ਵੀ ਹੋਕਾ ਦਿੰਦਾ ਹੈ ਕਿ ਲੋਕ ਆਪਣੇ ਮੁੱਢਲੇ ਫਰਜ਼ ਪਛਾਨਣ ਅਤੇ ਸਮਾਜਿਕ ਦੂਰੀ ਬਣਾ ਕੇ ਰੱਖਣ, ਬਿਮਾਰ ਵਿਅਕਤੀਆਂ ਤੋਂ ਘਿਣਾ ਨਾ ਕਰਨ ਅਤੇ ਲੋੜਵੰਦਾਂ ਲਈ ਹਰ ਵਕਤ ਆਪਣਾ ਹੱਥ ਵਧਾ ਕੇ ਉਨ੍ਹਾਂ ਦੀ ਮਦਦ ਕਰਨ। ਯਾਦਵਿੰਦਰ ਕਹਿੰਦਾ ਹੈ ਕਿ ਅੱਜ ਦੇ ਦੌਰ ਵਿਚ ਅਸੀਂ ਆਪਣੇ ਮੁੱਢਲੇ ਅਤੇ ਇਨਸਾਨੀ ਫਰਜ਼ ਭੁੱਲਦੇ ਜਾ ਰਹੇ ਹਾਂ ਪਰ ਮਾਨਸਾ ਪੁਲਸ ਨੂੰ ਐੱਸ.ਐੱਸ.ਪੀ ਡਾ. ਨਰਿੰਦਰ ਭਾਰਗਵ ਇਹ ਗਿਆਨ ਦੇ ਕੇ ਫੀਲਡ ਵਿਚ ਭੇਜਦੇ ਹਨ ਕਿ ਪੁਲਸ ਲੋਕਾਂ ਨੂੰ ਡਰਾਉਣ ਧਮਕਾਉਣ ਲਈ ਨਹੀਂ ਬਲਕਿ ਉਨ੍ਹਾਂ ਨੂੰ ਹਰ ਤਰ੍ਹਾਂ ਦੀ ਸਮਾਜਿਕ ਸੁਰੱਖਿਆ ਦੇਣ ਲਈ ਹੈ, ਜਿਸ ਸਦਕਾ ਮਾਨਸਾ ਪੁਲਿਸ, ਕਰਮਚਾਰੀ, ਅਧਿਕਾਰੀ ਆਪਣੀ ਡਿਊਟੀ ਤੋਂ ਉੱਪਰ ਉੱਠ ਕੇ ਸਮਾਜਿਕ ਸੇਵਾ ਕਰਨ ਵਿੱਚ ਲੱਗੇ ਹੋਏ।
ਇਹ ਵੀ ਪੜ੍ਹੋ : ਪਠਾਨਕੋਟ 'ਚ ਮੁੜ ਕੋਰੋਨਾ ਦਾ ਧਮਾਕਾ, 6 ਪਾਜ਼ੇਟਿਵ ਕੇਸ ਆਏ ਸਾਹਮਣੇ