ਪੰਜਾਬ ''ਚ ਹੁਣ ਤੱਕ ਹੋ ਚੁੱਕੀ 1 ਲੱਖ ਤੋਂ ਵੱਧ ''ਕੋਰੋਨਾ'' ਮਰੀਜ਼ਾਂ ਦੀ ਜਾਂਚ

Friday, Jun 05, 2020 - 08:44 AM (IST)

ਚੰਡੀਗੜ੍ਹ : ਪੰਜਾਬ 'ਚ ਕੋਰੋਨਾ ਵਾਇਰਸ ਟੈਸਟ ਲਈ ਹੁਣ ਤਕ 1 ਲੱਖ ਤੋਂ ਵੱਧ ਨਮੂਨੇ ਲਏ ਗਏ ਹਨ ਅਤੇ ਹਰੇਕ ਜ਼ਿਲ੍ਹੇ 'ਚ ਨਮੂਨੇ ਇਕੱਤਰ ਕਰਨ ਦੀ ਸਮਰੱਥਾ ਨੂੰ ਹੋਰ ਵਧਾਉਣ ਲਈ ਨਮੂਨੇ ਲੈਣ ਦੀ ਸਮਰੱਥਾ 'ਚ ਵਾਧਾ ਕਰਨ ਦੀ ਲੋੜ ਹੈ। ਇਸ ਮਕਸਦ ਦੀ ਪੂਰਤੀ ਲਈ ਮੈਡੀਕਲ ਅਧਿਕਾਰੀਆਂ ਤੋਂ ਇਲਾਵਾ ਕਮਿਊਨਿਟੀ ਹੈਲਥ ਅਫਸਰਾਂ, ਸਟਾਫ ਨਰਸਾਂ ਅਤੇ ਫਾਰਮਾਸਿਸਟਾਂ ਨੂੰ ਨਮੂਨੇ ਇਕੱਤਰ ਕਰਨ ਅਤੇ ਪੈਕ ਕਰਨ (ਜੇ ਨਾਸੋਫਰੇਜੀਅਲ/ਓਰੋਫੈਰਨਜਿਅਲ ਆਰਟੀ-ਪੀ.ਸੀ.ਆਰ. ਕੋਵਿਡ-19 ਹੋਵੇ) ਸਬੰਧੀ ਸਿਖਲਾਈ ਦੇਣ ਦਾ ਫੈਸਲਾ ਕੀਤਾ ਗਿਆ ਹੈ ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਦੱਸਿਆ ਕਿ ਸੂਬੇ 'ਚ ਹੁਣ ਤੱਕ 1 ਲੱਖ ਤੋਂ ਵੱਧ ਕੋਵਿਡ-19 ਮਰੀਜ਼ਾਂ ਦੀ ਜਾਂਚ ਕੀਤੀ ਜਾ ਚੁੱਕੀ ਹੈ। 5 ਮਾਰਚ, 2020 (ਜਦੋਂ ਪਹਿਲਾ ਕੋਰੋਨਾ ਕੇਸ ਸਾਹਮਣੇ ਆਇਆ ਸੀ) ਤੋਂ ਲੈ ਕੇ ਹੁਣ ਤੱਕ ਸੂਬਾ ਕੋਰੋਨਾ ਵਾਇਰਸ ਨੂੰ ਰੋਕਣ ਲਈ ਅਣਥੱਕ ਕੋਸ਼ਿਸ਼ਾਂ ਕਰ ਰਿਹਾ ਹੈ। ਮੰਤਰੀ ਨੇ ਕਿਹਾ ਕਿ 3 ਜੂਨ, 2020 ਤੱਕ ਸੂਬੇ 'ਚ ਪ੍ਰਤੀ ਮਿਲੀਅਨ ਟੈਸਟਾਂ ਦੀ ਗਿਣਤੀ ਦੀ 3259 ਪ੍ਰਤੀ ਦਿਨ ਕਰ ਦਿੱਤੀ ਹੈ। ਇਹ ਕੌਮੀ ਔਸਤ 3046 ਟੈਸਟ ਪ੍ਰਤੀ ਮਿਲੀਅਨ ਪ੍ਰਤੀ ਦਿਨ ਨਾਲੋਂ ਬਿਹਤਰ ਹੈ।

ਪੰਜਾਬ ਨੇ 25 ਅਪ੍ਰੈਲ ਤੱਕ 10,000 ਨਮੂਨਿਆਂ ਦਾ ਪ੍ਰੀਖਣ ਕੀਤਾ ਸੀ ਅਤੇ 4 ਜੂਨ 2020 ਨੂੰ ਤੇਜ਼ੀ ਨਾਲ ਇਕ ਲੱਖ ਟੈਸਟ ਕੀਤੇ ਗਏ ਹਨ। ਇਹ ਦਰਸਾਉਂਦਾ ਹੈ ਕਿ ਰਾਜ ਆਪਣੀ ਪ੍ਰੀਖਿਆ ਸਮਰੱਥਾ ਵਧਾਉਣ 'ਚ ਜੋ ਤਬਦੀਲੀਆਂ ਕਰ ਰਿਹਾ ਹੈ ਉਹ ਤਸੱਲੀਬਖ਼ਸ਼ ਹਨ। ਇਸ ਸਮੇਂ ਸੂਬੇ 'ਚ ਬਹੁਤ ਸਾਰੀ ਟੈਸਟਿੰਗ ਸਮਰੱਥਾ ਹੈ ਅਤੇ ਹੁਣ ਲਗਭਗ 4500 ਟੈਸਟ ਪ੍ਰਤੀ ਦਿਨ ਕੀਤੇ ਜਾ ਰਹੇ ਹਨ। ਸਰਕਾਰ ਸੂਬੇ ਅੰਦਰ ਲੈਬਾਂ ਦੀ ਟੈਸਟਿੰਗ ਸਮਰੱਥਾ ਵਧਾਉਣ ਲਈ ਠੋਸ ਯਤਨ ਕਰ ਰਹੀ ਹੈ। ਸੂਬੇ ਵੱਲੋਂ ਸਰਕਾਰੀ ਮੈਡੀਕਲ ਕਾਲਜ ਲੈਬਾਂ ਲਈ ਤਿੰਨ ਨਵੀਂ ਆਰ. ਟੀ.- ਪੀ. ਸੀ.ਆਰ. ਮਸ਼ੀਨਾਂ ਖਰੀਦੀਆਂ ਗਈਆਂ ਹਨ।

ਸਿੱਧੂ ਨੇ ਅੱਗੇ ਕਿਹਾ ਕਿ ਟੈਸਟਿੰਗ ਨੂੰ ਉੱਚਾ ਚੁੱਕਣ ਲਈ ਸਿਹਤ ਵਿਭਾਗ ਸੁਹਿਰਦ ਉਪਰਾਲੇ ਕਰ ਰਿਹਾ ਹੈ ਅਤੇ ਸਿਹਤ ਟੀਮਾਂ ਟੈਸਟਿੰਗ ਰਣਨੀਤੀ ਦੇ ਅਨੁਸਾਰ ਨਾਮਜ਼ਦ ਸ਼੍ਰੇਣੀਆਂ 'ਚ ਨਮੂਨੇ ਵਧਾਉਣ ਲਈ ਅਣਥੱਕ ਯਤਨ ਕਰ ਰਹੀਆਂ ਹਨ। ਸਮੇਂ ਦੇ ਨਾਲ ਵਿਭਾਗ ਨੇ ਫਲੂ ਕਾਰਨਰ ਦੀ ਗਿਣਤੀ ਵਧਾ ਕੇ ਤਕਰੀਬਨ 220 ਕਰ ਦਿੱਤੀ ਹੈ, ਜਿੱਥੇ ਨਮੂਨਾ ਇਕੱਠਾ ਕੀਤਾ ਜਾ ਰਿਹਾ ਹੈ। ਨਮੂਨਾ ਇਕੱਤਰ ਕਰਨ ਲਈ ਟੀਮਾਂ ਦੀ ਗਿਣਤੀ 'ਚ ਵਾਧਾ ਕੀਤਾ ਗਿਆ ਹੈ। ਸਿਹਤ ਮੰਤਰੀ ਨੇ ਕਿਹਾ ਕਿ ਪੰਜਾਬ ਦੇ 5 ਜ਼ਿਲਿਆਂ ਜਲੰਧਰ, ਲੁਧਿਆਣਾ, ਪਠਾਨਕੋਟ, ਬਰਨਾਲਾ ਅਤੇ ਮਾਨਸਾ ਵਿਖੇ ਤੁਰੰਤ ਟੈਸਟਿੰਗ ਸ਼ੁਰੂ ਕੀਤੀ ਗਈ ਹੈ। ਵਿਭਾਗ ਨੇ ਫਰੀਦਕੋਟ ਅਤੇ ਪਟਿਆਲਾ ਵਿਖੇ ਸੀ. ਬੀ. ਨੈਟ ਟੈਸਟਿੰਗ ਸ਼ੁਰੂ ਕੀਤੀ ਹੈ। 


Babita

Content Editor

Related News