''ਕੋਰੋਨਾ ਟੈਸਟਿੰਗ ਸੈਂਟਰਾਂ'' ਨੂੰ ਸ਼ਿਫਟ ਕਰਨ ਲਈ ਚੰਡੀਗੜ੍ਹ ਪ੍ਰਸ਼ਾਸਨ ਨੇ ਲਿਆ ਅਹਿਮ ਫ਼ੈਸਲਾ

Tuesday, Sep 08, 2020 - 01:33 PM (IST)

''ਕੋਰੋਨਾ ਟੈਸਟਿੰਗ ਸੈਂਟਰਾਂ'' ਨੂੰ ਸ਼ਿਫਟ ਕਰਨ ਲਈ ਚੰਡੀਗੜ੍ਹ ਪ੍ਰਸ਼ਾਸਨ ਨੇ ਲਿਆ ਅਹਿਮ ਫ਼ੈਸਲਾ

ਚੰਡੀਗੜ੍ਹ (ਰਾਜਿੰਦਰ) : ਯੂ. ਟੀ. ਪ੍ਰਸ਼ਾਸਨ ਵੱਲੋਂ ਸੈਕਟਰ-11 ਮਾਰਕਿਟ 'ਚ ਚੱਲ ਰਹੇ ਕੋਰੋਨਾ ਟੈਸਟਿੰਗ ਸੈਂਟਰਾਂ ਨੂੰ ਵੀਰਵਾਰ ਤੱਕ ਹੋਰ ਜਗ੍ਹਾ ’ਤੇ ਸ਼ਿਫਟ ਕੀਤਾ ਜਾਵੇਗਾ। ਵਪਾਰੀਆਂ ਦੇ ਵਿਰੋਧ ਤੋਂ ਬਾਅਦ ਹੀ ਪ੍ਰਸ਼ਾਸਨ ਨੇ ਇਨ੍ਹਾਂ ਨੂੰ ਕਿਸੇ ਹੋਰ ਜਗ੍ਹਾ ਸ਼ਿਫਟ ਕਰਨ ਦਾ ਫ਼ੈਸਲਾ ਲਿਆ ਹੈ। ਇਸ ਤੋਂ ਪਹਿਲਾਂ ਮਾਰਕਿਟ 'ਚ ਵਪਾਰੀਆਂ ਨੇ ਇਸ ਖਿਲਾਫ਼ ਪ੍ਰਦਰਸ਼ਨ ਵੀ ਕੀਤਾ ਸੀ।

ਸਲਾਹਕਾਰ ਮਨੋਜ ਪਰਿਦਾ ਨੇ ਵਪਾਰੀਆਂ ਨੂੰ ਭਰੋਸਾ ਦਿੱਤਾ ਕਿ ਇਨ੍ਹਾਂ ਸੈਂਟਰਾਂ ਨੂੰ ਪਰੇਡ ਗਰਾਊਂਡ ਸੈਕਟਰ-17, ਐਗਜ਼ੀਬਿਸ਼ਨ ਗਰਾਊਂਡ ਸੈਕਟਰ-34 ਅਤੇ ਸੈਕਟਰ-10 ਮਿਊਜ਼ੀਅਮ ਕੋਲ ਸੈਕਟਰ ਵਾਈਡ ਰੋਡ ਕੋਲ ਸ਼ਿਫਟ ਕੀਤਾ ਜਾ ਸਕਦਾ ਹੈ। ਇਸ ਤੋਂ ਇਲਾਵਾ ਆਈ. ਟੀ. ਪਾਰਕ, ਸੈਕਟਰ-42 ਅਤੇ ਮਨੀਮਾਜਰਾ 'ਚ ਵੀ ਸ਼ਿਫਟ ਕਰਨ ਦੀ ਮਨਜ਼ੂਰੀ ਦਿੱਤੀ ਗਈ ਹੈ। ਇਸ ਦੌਰਾਨ ਨਿੱਜੀ ਲੈਬ ਨੂੰ ਸਾਰੇ ਅਹਿਤਿਹਾਤ ਵਰਤਣ ਦੇ ਵੀ ਨਿਰਦੇਸ਼ ਦਿੱਤੇ ਗਏ ਹਨ।
ਵਪਾਰੀਆਂ ਨੇ ਸਖ਼ਤ ਵਿਰੋਧ ਜਤਾਇਆ ਸੀ
ਦੱਸਣਯੋਗ ਹੈ ਕਿ ਸੋਮਵਾਰ ਨੂੰ ਚੰਡੀਗੜ੍ਹ ਵਪਾਰ ਮੰਡਲ ਦੀ ਅਗਵਾਈ 'ਚ ਦੁਕਾਨਦਾਰਾਂ ਨੇ ਸਲਾਹਕਾਰ ਮਨੋਜ ਪਰਿਦਾ ਨਾਲ ਮੁਲਾਕਾਤ ਵੀ ਕੀਤੀ ਸੀ। ਇਸ 'ਚ ਵਪਾਰ ਮੰਡਲ ਦੇ ਚੇਅਰਮੈਨ ਚਰਨਜੀਵ ਸਿੰਘ, ਮਾਰਕਿਟ ਵੈੱਲਫੇਅਰ ਐਸੋਸੀਏਸ਼ਨ ਦੇ ਪ੍ਰਧਾਨ ਦਿਵਾਕਰ ਸਹੂੰਜਾ ਆਦਿ ਸ਼ਾਮਲ ਸਨ। ਇਸ ਤੋਂ ਇਲਾਵਾ ਵਾਰਡ ਕੌਂਸਲਰ ਮਹੇਸ਼ਇੰਦਰ ਸਿੰਘ ਸਿੱਧੂ ਵੀ ਲੈਬ ਦੇ ਅਹੁਦੇਦਾਰਾਂ ਦੇ ਨਾਲ ਮੌਜੂਦ ਸਨ। ਪਿਛਲੇ ਹਫ਼ਤੇ ਹੀ ਸੈਕਟਰ-11 ਦੇ ਦੁਕਾਨਦਾਰਾਂ ਵੱਲੋਂ ਇੱਥੇ ਕੋਰੋਨਾ ਟੈਸਟਿੰਗ ਹੋਣ ਖਿਲਾਫ਼ ਰੋਸ ਪ੍ਰਦਰਸ਼ਨ ਕੀਤਾ ਗਿਆ ਸੀ।

ਵਪਾਰੀਆਂ ਦਾ ਕਹਿਣਾ ਸੀ ਕਿ ਇੱਥੇ ਸੈਂਟਰ ਹੋਣ ਨਾਲ ਲੋਕ ਟੈਸਟਿੰਗ ਲਈ ਆ ਰਹੇ ਹਨ। ਇਸ ਕਾਰਣ ਸਥਾਨਕ ਦੁਕਾਨਦਾਰਾਂ 'ਚ ਵੀ ਕੋਰੋਨਾ ਫੈਲਣ ਦਾ ਖ਼ਤਰਾ ਹੈ। ਇਹੀ ਕਾਰਣ ਹੈ ਕਿ ਉਨ੍ਹਾਂ ਇਨ੍ਹਾਂ ਨੂੰ ਕਿਸੇ ਹੋਰ ਘੱਟ ਭੀੜ-ਭਾੜ ਵਾਲੀਆਂ ਥਾਵਾਂ ’ਤੇ ਸ਼ਿਫਟ ਕਰਨ ਦੀ ਮੰਗ ਕੀਤੀ ਸੀ। ਮਾਰਕਿਟ ਵੈੱਲਫੇਅਰ ਐਸੋਸੀਏਸ਼ਨ ਪ੍ਰਧਾਨ ਦਿਵਾਕਰ ਸਹੂੰਜਾ ਨੇ ਪ੍ਰਸ਼ਾਸਨ ਦੇ ਫ਼ੈਸਲੇ ਦਾ ਸੁਆਗਤ ਕੀਤਾ ਅਤੇ ਕਿਹਾ ਕਿ ਇਹ ਵਪਾਰੀਆਂ ਦੀ ਵੱਡੀ ਜਿੱਤ ਹੈ, ਕਿਉਂਕਿ ਪਿਛਲੇ ਕਾਫ਼ੀ ਦਿਨਾਂ ਤੋਂ ਉਹ ਇਸ ਖਿਲਾਫ਼ ਸੰਘਰਸ਼ ਕਰ ਰਹੇ ਸਨ।
 


author

Babita

Content Editor

Related News