ਲੈਬਾਰਟਰੀ 'ਚ ਕੋਰੋਨਾ ਦੇ ਨਮੂਨੇ ਸਮੇਂ 'ਤੇ ਨਾ ਭੇਜਣ ਕਾਰਨ ਲੋਕਾਂ ਨੇ ਜਤਾਈ ਨਰਾਜ਼ਗੀ
Sunday, Jun 14, 2020 - 02:25 AM (IST)
ਅੰਮ੍ਰਿਤਸਰ (ਦਲਜੀਤ ਸ਼ਰਮਾ) — ਜ਼ਿਲ੍ਹਾ ਪੱਧਰੀ ਸਿਵਲ ਹਸਪਤਾਲ ਦੀ ਆਈਡੀਐਸਪੀ ਲੈਬਾਰਟਰੀ ਤੋਂ ਕੋਰੋਨਾ ਦੇ ਨਮੂਨੇ ਟੈਸਟ ਲਈ ਤਹਿ ਸਮੇਂ ਤੱਕ ਨਾ ਦਿੱਤੇ ਜਾਣ ਨੂੰ ਲੈ ਕੇ ਸ਼ਹਿਰ ਵਾਸੀਆਂ ਨੇ ਫੋਨ 'ਤੇ ਸਿਹਤ ਸਕੱਤਰ ਨਾਲ ਨਰਾਜ਼ਗੀ ਜ਼ਾਹਰ ਕੀਤੀ। ਆਲ ਇੰਡੀਆ ਐਂਟੀ ਕੁਰੱਪਸ਼ਨ ਫਰੰਟ ਨੇ ਐਲਾਨ ਕੀਤਾ ਹੈ ਕਿ ਜੇਕਰ ਅਧਿਕਾਰੀਆਂ ਨੇ 16 ਜੂਨ ਤੱਕ ਕੰਮ ਵਿਚ ਸੁਧਾਰ ਨਾ ਲਿਆਂਦਾ ਤਾਂ ਸਿਵਲ ਸਰਜਨ ਦਫਤਰ ਦੇ ਬਾਹਰ ਸਿਹਤ ਸਕੱਤਰ ਅਤੇ ਸਿਵਲ ਸਰਜਨ ਦਾ ਪੁਤਲਾ ਸਾੜਿਆ ਜਾਵੇਗਾ।
ਫਰੰਟ ਦੇ ਰਾਸ਼ਟਰੀ ਚੇਅਰਮੈਨ ਮਹੰਤ ਰਮੇਸ਼ ਆਨੰਦ ਸਰਸਵਤੀ ਨੇ ਕਿਹਾ ਕਿ 10 ਜੂਨ ਨੂੰ ਬਹੁਤ ਸਾਰੇ ਲੋਕਾਂ ਦੇ ਕੋਰੋਨਾ ਨਾਲ ਸਬੰਧਤ ਟੈਸਟ ਹੋਏ ਸਨ, ਅੱਜ 13 ਜੂਨ ਹੋ ਗਈ ਹੈ ਅਜੇ ਤੱਕ ਨਮੂਨਿਆਂ ਨੂੰ ਸਰਕਾਰੀ ਮੈਡੀਕਲ ਕਾਲਜ ਦੀ ਪ੍ਰਯੋਗਸ਼ਾਲਾ 'ਚ ਜਾਂਚ ਲਈ ਨਹੀਂ ਭੇਜਿਆ ਗਿਆ ਹੈ। ਮਹੰਤ ਸਰਸਵਤੀ ਨੇ ਕਿਹਾ ਕਿ ਪ੍ਰਯੋਗਸ਼ਾਲਾ ਵਿਚ ਪਏ ਨਮੂਨੇ ਖਰਾਬ ਹੋ ਰਹੇ ਹਨ ਅਤੇ ਜ਼ਿਲ੍ਹਾ ਪੱਧਰ ਦੇ ਅਧਿਕਾਰੀ ਕੁੰਭਕਰਨ ਦੀ ਨੀਂਦ ਸੌਂ ਰਿਹਾ ਹੈ। ਜਦੋਂ ਉਸਨੇ ਪ੍ਰਯੋਗਸ਼ਾਲਾ ਦੇ ਡਾ. ਬੇਬੀ ਕਾ ਮਹਿੰਦਰੂ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਜਲਦੀ ਹੀ ਨਮੂਨੇ ਜਾਂਚ ਲਈ ਭੇਜੇ ਜਾਣਗੇ। ਮਹੰਤ ਸਰਸਵਤੀ ਨੇ ਦੱਸਿਆ ਕਿ ਇਸ ਤੋਂ ਬਾਅਦ ਉਸਨੇ ਸਿਹਤ ਸਕੱਤਰ ਅਨੁਰਾਗ ਅਗਰਵਾਲ ਨਾਲ ਫ਼ੋਨ 'ਤੇ ਗੱਲਬਾਤ ਵੀ ਕੀਤੀ ਅਤੇ ਦੱਸਿਆ ਕਿ ਅਧਿਕਾਰੀਆਂ ਦੀ ਅਯੋਗਤਾ ਕਾਰਨ ਕੋਰੋਨਾ ਦੇ ਨਮੂਨੇ ਪਏ-ਪਏ ਖ਼ਰਾਬ ਹੋ ਰਹੇ ਹਨ। ਅਧਿਕਾਰੀ ਨਮੂਨੇ ਨੂੰ ਸਮੇਂ ਸਿਰ ਨਹੀਂ ਭੇਜ ਰਹੇ, ਜਿਸ ਕਾਰਨ ਚੈਕਿੰਗ ਦੌਰਾਨ ਸਹੀ ਰਿਪੋਰਟ ਨਾ ਮਿਲਣ ਦੀ ਸੰਭਾਵਨਾ ਹੈ।
ਅੰਮ੍ਰਿਤਸਰ ਵਿਚ ਸਿਹਤ ਵਿਭਾਗ ਰਾਮਭਰੋਸੇ ਕੰਮ ਕਰ ਰਿਹਾ ਹੈ। ਅਧਿਕਾਰੀ ਆਪਣੀ ਮਰਜ਼ੀ ਕਰ ਰਹੇ ਹਨ। ਲੋਕ ਪਹਿਲਾਂ ਤੋਂ ਹੀ ਦਹਿਸ਼ਤ ਵਿਚ ਹਨ ਅਤੇ ਵਿਭਾਗ ਆਪਣੀ ਜ਼ਿੰਮੇਵਾਰੀ ਨੂੰ ਸਹੀ ਢੰਗ ਨਾਲ ਨਹੀਂ ਨਿਭਾਅ ਰਿਹਾ ਹੈ। ਸੈਕਟਰੀ ਨੇ ਉਨ੍ਹਾਂ ਨੂੰ ਕਿਹਾ ਕਿ ਉਹ ਇਸ ਮਾਮਲੇ ਦੀ ਜਾਂਚ ਕਰਾਉਣਗੇ ਮਹੰਤ ਸਰਸਵਤੀ ਨੇ ਕਿਹਾ ਕਿ ਜੇਕਰ ਉਪਰੋਕਤ ਸਮੱਸਿਆ ਦਾ ਹੱਲ ਨਹੀਂ ਹੁੰਦਾ ਤਾਂ 16 ਜੂਨ ਨੂੰ ਸਿਵਲ ਸਰਜਨ ਦਫਤਰ ਦੇ ਬਾਹਰ ਸਿਹਤ ਸਕੱਤਰ ਅਤੇ ਸਿਵਲ ਸਰਜਨ ਦਾ ਪੁਤਲਾ ਫੂਕਿਆ ਜਾਵੇਗਾ। ਇਸ ਮੌਕੇ ਜੁਗਲ ਮਹਾਜਨ ਐਡਵੋਕੇਟ ਸਾਈਕਲ ਵਰਿੰਦਰ ਲਾਠੀ ਸਚਿਨ ਆਦਿ ਹਾਜ਼ਰ ਸਨ।