ਬਠਿੰਡਾ ਜ਼ਿਲ੍ਹੇ ''ਚ ਕੋਰੋਨਾ ਦਾ ਧਮਾਕਾ, 41 ਨਵੇਂ ਮਰੀਜ਼ਾਂ ਦੀ ਹੋਈ ਪੁਸ਼ਟੀ

07/28/2020 11:53:39 PM

ਬਠਿੰਡਾ,(ਵਰਮਾ)- ਸਰਕਾਰ ਅਤੇ ਸਮਾਜਿਕ ਸੰਸਥਾਵਾਂ ਦੇ ਯਤਨ ਤੋਂ ਬਾਅਦ ਵੀ ਕੋਰੋਨਾ ਮਹਾਮਾਰੀ ਰੁਕਣ ਦਾ ਨਾਮ ਨਹੀਂ ਲੈ ਰਿਹਾ ਜਿਸ ਦਾ ਜਾਲ ਫੈਲਦਾ ਜਾ ਰਿਹਾ ਹੈ ਜਿਸ ਦੀ ਲਪੇਟ ’ਚ ਸ਼ਹਿਰ ਅਤੇ ਆਸ-ਪਾਸ ਦੇ ਇਲਾਕੇ ਵੀ ਆਉਣ ਲੱਗੇ ਹਨ। ਮੰਗਲਵਾਰ ਨੂੰ ਕੋਰੋਨਾ ਮਹਾਮਾਰੀ ਦੇ 41 ਮਾਮਲੇ ਸਾਹਮਣੇ ਆਏ ਹਨ ਜਿਸ ’ਚ ਇਕ ਵੱਡੀ ਕਾਲੋਨੀ ’ਚ ਰਹਿਣ ਵਾਲੀ ਔਰਤ, ਸਬਜ਼ੀ ਮੰਡੀ ਦਾ 16 ਸਾਲਾ ਨੌਜਵਾਨ, ਭੁੱਚੋ ਮੰਡੀ ਦੇ 7, ਪੁਲਸ ਕਰਮਚਾਰੀ ਦੀ ਪਤਨੀ, ਜੇਲ, ਮਾਡਲ ਟਾਊਨ ਸਮੇਤ ਆਸ-ਪਾਸ ਦੇ ਪਿੰਡਾਂ ਦੇ ਲੋਕ ਵੀ ਸ਼ਾਮਲ ਹਨ। ਸਿਹਤ ਵਿਭਾਗ ਦਾ ਜ਼ਿਲਾ ਪ੍ਰਸ਼ਾਸਨ ਲਗਾਤਾਰ ਕੋਰੋਨਾ ਮਰੀਜ਼ਾਂ ਦੀ ਗਿਣਤੀ ’ਤੇ ਰੋਕ ਲਾਉਣ ਦੀ ਕੋਸ਼ਿਸ ਕਰ ਰਿਹਾ ਹੈ ਪਰ ਇਸਦੇ ਬਾਵਜੂਦ ਇਹ ਵਧਦਾ ਜਾ ਰਿਹਾ ਹੈ। ਲੰਮਾ ਸਮਾਂ ਜ਼ੀਰੋ ਰਹੇ ਬਠਿੰਡਾ ’ਚ ਹੁਣ ਕੋਰੋਨਾ ਨੇ ਪੈਰ ਪਸਾਰ ਲਏ ਹਨ। ਜ਼ਿਲੇ ’ਚ ਹੁਣ ਤੱਕ ਕੋਰੋਨਾ ਨਾਲ 6 ਮੌਤਾਂ ਹੋ ਚੁੱਕੀਆਂ ਹਨ ਜਦਕਿ ਸੋਮਵਾਰ ਨੂੰ ਬਠਿੰਡਾ ਦੇ ਕੋਰੋਨਾ ਪਾਜ਼ੇਟਿਵ ਵਿਅਕਤੀ ਦੀ ਫਰੀਦਕੋਟ ਵਿਖੇ ਇਲਾਜ ਦੌਰਾਨ ਮੌਤ ਹੋਈ। ਜ਼ਿਲਾ ਪ੍ਰਸ਼ਾਸਨ ਨੇ ਅਜੇ ਤੱਕ ਇਸਦੀ ਪੁਸ਼ਟੀ ਨਹੀਂ ਕੀਤੀ ਜਦਕਿ ਮ੍ਰਿਤਕ ਰਿਫਾਇਨਰੀ ’ਚ ਮਜ਼ੂਦਰੀ ਕਰਦਾ ਸੀ। ਸੋਮਵਾਰ ਨੂੰ ਪੀ. ਐੱਨ. ਬੀ. ਬੈਂਕ ’ਚ ਕੰਮ ਕਰਦੇ ਕਰਮਚਾਰੀ ਦੀ ਰਿਪਰੋਟ ਪਾਜ਼ੇਟਿਵ ਆਈ ਸੀ, ਜਿਸ ਕਾਰਨ ਸ਼ਹਿਰ ਦੇ ਇਸ ਬੈਂਕ ਨੂੰ ਸਿਹਤ ਵਿਭਾਗ ਨੇ ਤੁਰੰਤ ਸੀਲ ਕਰ ਦਿੱਤਾ ਸੀ ਜਿਸ ਨੂੰ ਅਗਲੇ 2-3 ਦਿਨ ਬੰਦ ਰੱਖਿਆ ਜਾਵੇਗਾ ਅਤੇ ਪੂਰੀ ਤਰ੍ਹਾਂ ਆਈਸੋਲੇਸ਼ਨ ਤੋਂ ਬਾਅਦ ਹੀ ਖੋਲ੍ਹਿਆ ਜਾਵੇਗਾ।

ਸਭ ਤੋਂ ਜਿਆਦਾ ਮਾਮਲੇ ਰਿਫਾਇਨਰੀ ’ਚੋਂ ਆਏ

ਸਭ ਤੋਂ ਜਿਆਦਾ ਮਾਮਲੇ ਰਿਫਾਇਨਰੀ ਦੇ ਸਾਹਮਣੇ ਆਏ ਹਨ ਜਿੱਥੇ ਲਗਭਗ 10 ਹਜ਼ਾਰ ਤੋਂ ਜਿਆਦਾ ਕਰਮਚਾਰੀ ਜੋ ਵੱਖ-ਵੱਖ ਰਾਜਾਂ ਨਾਲ ਸਬੰਧਤ ਹਨ ਲੇਬਰ ਦਾ ਕੰਮ ਕਰ ਰਹੇ ਹਨ ਜਿਸ ’ਚ ਜ਼ਿਆਦਾਤਰ ਮਾਮਲੇ ਪਾਜ਼ੇਟਿਵ ਆਏ ਹਨ। ਸਿਹਤ ਵਿਭਾਗ ਨੇ ਲੇਬਰ ਕਾਲੋਨੀ ’ਤੇ ਪੂਰੀ ਤਰ੍ਹਾਂ ਨਜ਼ਰ ਰੱਖੀ ਹੋਈ ਹੈ ਅਤੇ ਉੱਥੇ ਹੀ ਸੈਂਕੜਿਆਂ ਦੀ ਗਿਣਤੀ ’ਚ ਸੈਂਪਲ ਲਏ ਜਾ ਰਹੇ ਹਨ। ਜ਼ਿਕਰਯੋਗ ਹੈ ਕਿ ਲੇਬਰ ਕਾਲੋਨੀ ਦੀਆਂ ਝੁੱਗੀਆਂ ’ਚ ਰਹਿਣ ਵਾਲੇ ਕਰਮਚਾਰੀਆਂ ਦੇ ਪਰਿਵਾਰ ਵੀ ਸ਼ਾਮਲ ਹਨ ਜਿਸ ਕਾਰਨ ਲੋਕ ਲਪੇਟ ’ਚ ਆ ਰਹੇ ਹਨ। ਬੇਸ਼ੱਕ ਉੱਤਰ ਪ੍ਰਦੇਸ਼, ਬਿਹਾਰ, ਬੰਗਾਲ, ਰਾਜਸਥਾਨ ਅਤੇ ਹੋਰ ਰਾਜਾਂ ਦੇ ਸਾਰੇ ਮਜ਼ਦੂਰਾਂ ਨੂੰ ਜਾਂਚ ਤੋਂ ਬਾਅਦ ਰਿਫ਼ਾਇਨਰੀ ’ਚ ਜਾਣ ਦਿੱਤਾ ਜਾ ਰਿਹਾ ਹੈ ਪਰ ਕੋਰੋਨਾ ਇਕ ਅਜਿਹਾ ਵਾਇਰਸ ਹੈ ਜਿਸ ਦੇ ਲੱਛਣ ਲਗਭਗ 5 ਦਿਨਾਂ ਤੋਂ ਬਾਅਦ ਦਿਖਾਈ ਦਿੰਦੇ ਹਨ। ਪਹਿਲਾ ਤੋਂ ਉਹ ਨੈਗੇਟਿਵ ਆਉਂਦੇ ਹਨ ਪਰ ਕੁਝ ਸਮੇਂ ਬਾਅਦ ਹੀ ਪਾਜ਼ੇਟਿਵ ਆਉਣੇ ਸ਼ੁਰੂ ਹੋ ਜਾਂਦੇ ਹਨ ਜੋ ਸਿਹਤ ਵਿਭਾਗ ਦੇ ਲਈ ਚਿੰਤਾ ਦਾ ਵਿਸ਼ਾ ਹੈ।

ਜੁਲਾਈ ਦੇ 28 ਦਿਨਾਂ ’ਚ ਬਠਿੰਡਾ ’ਚ 422 ਕੋਰੋਨਾ ਮਰੀਜ਼ਾਂ ਦੀ ਪੁਸ਼ਟੀ ਹੋ ਚੁੱਕੀ ਹੈ ਅਤੇ ਅਜੇ ਤੱਕ ਕੁੱਲ ਮਰੀਜ਼ਾਂ ਦਾ ਗਿਣਤੀ 612 ਦਰਜ ਕੀਤੀ ਜਾ ਚੁੱਕੀ ਹੈ। ਵੱਖ-ਵੱਖ ਸਥਾਨਾਂ ’ਤੇ ਆਈਸੋਲੇਟ ਵਾਰਡਾਂ ’ਚ 313 ਰੋਗੀ ਅਜੇ ਵੀ ਦਾਖਲ ਹਨ। ਬੀਤੇ ਦਸ ਦਿਨਾਂ ਦੌਰਾਨ 267 ਮਰੀਜ਼ ਠੀਕ ਹੋ ਕੇ ਘਰ ਪਰਤ ਚੁੱਕੇ ਹਨ।


Bharat Thapa

Content Editor

Related News