ਕੋਰੋਨਾ ਨਾਲ ਲੜਣ ਲਈ ਬਿਨਾਂ ਟ੍ਰੇਨਿੰਗ ਦਿੱਤੇ ਪਰਿਸ਼ਦ ਦੇ ਡਾਕਟਰਾਂ ਦੀ ਫੌਜ ਮੈਦਾਨ ''ਚ ਉਤਾਰੀ
Thursday, Apr 16, 2020 - 08:17 PM (IST)
ਅੰਮ੍ਰਿਤਸਰ (ਦਲਜੀਤ ਸ਼ਰਮਾ) : ਪੰਜਾਬ ਸਰਕਾਰ ਨੇ ਬਿਨਾ ਟ੍ਰੇਨਿੰਗ ਦਿੱਤੇ ਕੋਰੋਨਾ ਵਾਇਰਸ ਨਾਲ ਲੜਣ ਲਈ ਜ਼ਿਲੇ ਪ੍ਰੀਸ਼ਦ ਦੇ ਡਾਕਟਰਾਂ ਦੀ ਫੌਜ ਮੈਦਾਨ 'ਚ ਉਤਾਰੀ ਹੈ। ਕੋਰੋਨਾ ਨਾਲ ਮੌਹਰੀ ਕਤਾਰ 'ਚ ਖੜੇ ਹੋ ਕੇ ਲੜਣ ਵਾਲੇ ਇਨਾਂ ਡਾਕਟਰਾਂ ਨੂੰ ਸਰਕਾਰ ਵਲੋਂ ਨਾ ਤਾਂ ਐਨ-95 ਮਾਸਕ ਅਤੇ ਨਾ ਹੀ ਪੀ.ਪੀ.ਈ. ਕਿੱਟ ਵਰਗੀਆਂ ਮੂਲਭੂਤ ਸੁਵਿਧਾਵਾਂ ਦਿੱਤੀਆਂ ਹਨ। ਸਰਕਾਰ ਦੀ ਨਾਲਾਇਕੀ ਨੂੰ ਦੇਖਦਿਆਂ ਡਾਕਟਰਾਂ ਵਿੱਚ ਭਾਰੀ ਰੋਸ਼ ਹੈ। ਡਾਕਟਰਾਂ ਨੇ ਸਪੱਸ਼ਟ ਕੀਤਾ ਹੈ ਕਿ ਕੰਮ ਤੋਂ ਉਹ ਕਦੇ ਨਹੀਂ ਭੱਜਦੇ ਜੇਕਰ ਸਰਕਾਰ ਨੇ ਉਕਤ ਸਮੱਸਿਆਵਾਂ ਦਾ ਹੱਲ ਨਾ ਕੀਤਾ ਤਾਂ ਉਹ ਮਜ਼ਬੂਰ ਹੋ ਕੇ ਕੋਰੋਨਾ ਸਬੰਧੀ ਕੰਮ ਕਰਨ ਦਾ ਬਾਈਕਾਟ ਕਰ ਦੇਣਗੇ। ਡਾਕਟਰਾਂ ਵਲੋਂ ਇਸ ਸਬੰਧ ਵਿਚ ਅੱਜ ਸਿਵਲ ਸਰਜਨ ਡਾ. ਜੁਗਲ ਕਿਸ਼ੋਰ ਨੂੰ ਮੰਗ ਪੱਤਰ ਸੌਂਪਿਆ ਗਿਆ ਹੈ।
ਜਾਣਕਾਰੀ ਅਨੁਸਾਰ ਪੰਜਾਬ ਸਰਕਾਰ ਵਲੋਂ ਕੋਰੋਨਾ ਮਹਾਮਾਰੀ ਨੂੰ ਦੇਖਦਿਆਂ ਹੋਇਆ ਬਿਨਾ ਟ੍ਰੇਨਿੰਗ ਦਿੱਤੇ ਜ਼ਿਲੇ ਦੇ 76 ਜ਼ਿਲਾ ਪਰਿਸ਼ਦ ਦੇ ਡਾਕਟਰਾਂ ਅਤੇ 95 ਫਾਰਮੇਸੀ ਦੇ ਅਧਿਕਾਰੀਆਂ ਨੂੰ ਸੰਵੇਦਨਸ਼ੀਲ ਖੇਤਰਾਂ ਵਿਚ ਲਗਾਇਆ ਗਿਆ ਹੈ। ਡਾਕਟਰ ਅਤੇ ਫਾਰਮੇਸੀ ਅਫ਼ਸਰ ਬਿਨਾ ਸੁਵਿਧਾਵਾਂ ਤੋਂ ਫੀਲਡ ਵਿਚ ਕੰਮ ਕਰ ਰਹੇ ਹਨ। ਸਿਵਲ ਸਰਜਨ ਦਫ਼ਤਰ ਵਿਚ ਜਗਬਾਣੀ ਨਾਲ ਗੱਲਬਾਤ ਕਰਦਿਆਂ ਡਾਕਟਰ ਪ੍ਰਤਿਭਾ ਮਲਹੋਤਰਾ, ਡਾਕਟਰ ਰਾਹੁਲ ਨੇ ਦੱਸਿਆ ਕਿ ਪਰਿਸ਼ਦ ਦੇ ਡਾਕਟਰ ਫਰੰਟ ਲਾਈਨ ਵਿਚ ਖੜ੍ਹੇ ਹੋ ਕੇ ਕੋਰੋਨਾ ਮਹਾਮਾਰੀ ਨਾਲ ਲੜ ਰਹੇ ਹਨ। ਸਿਹਤ ਵਿਭਾਗ ਵਲੋਂ ਅੰਤਰ-ਰਾਸ਼ਟਰੀ ਏਰਪੋਰਟਰ, ਅਟਾਰੀ ਬਾਰਡਰ, ਕਵਾਰੰਟਾਈਨ ਸੈਂਟਰ ਤੋਂ ਇਲਾਵਾ ਰੈਪਿਡ ਰਿਸਪੋਂਸ ਟੀਮਾ ਵਿਚ ਉਨ੍ਹਾਂ ਦੀ ਡਿਊਟੀਆਂ ਲਗਾਈਆਂ ਗਈਆਂ ਹਨ।
ਪਰਿਸ਼ਦ ਦੇ ਡਾਕਟਰ ਸੁਵਿਧਾਵਾਂ ਨਾ ਹੋਣ ਦੇ ਬਾਵਜੂਦ ਲੋਕ ਹਿੱਤ ਨੂੰ ਮੱਦੇਨਜ਼ਰ ਰੱਖਦਿਆਂ ਆਪਣੀਆਂ ਸੇਵਾਵਾਂ ਦੇ ਰਹੇ ਹਨ। ਉਨ੍ਹਾਂ ਦੱਸਿਆ ਕਿ ਉਨ੍ਹਾਂ ਦੇ ਡਾਕਟਰਾਂ ਨਾਲ ਸਿਵਲ ਹਸਪਤਾਲ, ਗੁਰੂ ਨਾਨਕ ਦੇਵ ਹਸਪਤਾਲ ਅਤੇ ਪੀ.ਸੀ.ਐੱਮ.ਐੱਸ ਡਾਕਟਰ ਤਾਲਮੇਲ ਨਹੀਂ ਰੱਖਦੇ ਹਨ, ਜਿਸ ਕਰਕੇ ਉਨ੍ਹਾਂ ਦਾ ਕੰਮ ਪ੍ਰਭਾਵਿਤ ਹੋ ਰਿਹਾ ਹੈ। ਡਾਕਟਰਾਂ ਨੇ ਕਿਹਾ ਕਿ ਸਰਕਾਰ ਕੋਰੋਨਾ ਨੂੰ ਲੈ ਕੇ ਗੰਭੀਰਤਾਂ ਨਾਲ ਕੰਮ ਕਰਨ ਦੀਆਂ ਗੱਲਾਂ ਤਾਂ ਕਰ ਰਹੀ ਹੈ ਪਰ ਫਰੰਟ ਲਾਈਨ 'ਤੇ ਖੜ੍ਹੇ ਪਰਿਸ਼ਦ ਦੇ ਡਾਕਟਰਾਂ ਕੋਲ ਕੋਰੋਨਾ ਦੇ ਲੜਣ ਲਈ ਹਥਿਆਰ ਹੀ ਨਹੀਂ ਹਨ।
ਪੀ.ਸੀ.ਐੱਮ.ਐੱਸ ਦੇ ਡਾਕਟਰ ਸਮਝਦੇ ਨੇ ਪਰਿਸ਼ਦ ਦੇ ਡਾਕਟਰਾਂ ਨੂੰ ਨੀਵਾਂ
ਪਰਿਸ਼ਦ ਦੇ ਡਾਕਟਰਾਂ ਨੇ ਦੋਸ਼ ਲਾਇਆ ਕਿ ਪੀ.ਸੀ.ਐੱਮ.ਐੱਸ. ਦੇ ਡਾਕਟਰ ਉਨ੍ਹਾਂ ਨੂੰ ਆਪਣੇ ਮੁਕਾਬਲੇ ਨੀਵਾਂ ਸਮਝਦੇ ਹਨ ਅਤੇ ਉਨ੍ਹਾਂ ਨਾਲ ਤਾਲਮੇਲ ਨਹੀਂ ਰੱਖਦੇ। ਉਨ੍ਹਾਂ ਕਿਹਾ ਕਿ ਕੋਰੋਨਾ ਨਾਲ ਮੌਹਰੀ ਹੋ ਕੇ ਪਰਿਸ਼ਦ ਦੇ ਡਾਕਟਰ ਲੜ ਰਹੇ ਹਨ ਜਦਕਿ ਪੀ.ਸੀ.ਐਾਮ.ਐਾਸ. ਡਾਕਟਰਾ ਪਿਛਲੀ ਕਤਾਰ ਵਿਚ ਖੜ੍ਹੇ ਹਨ। ਸਿਹਤ ਵਿਭਾਗ ਵਲੋਂ ਪੀ.ਸੀ.ਐੱਮ.ਐੱਸ. ਦੇ ਡਾਕਟਰਾਂ ਨੂੰ ਹਰੇਕ ਸੁਵਿਧਾ ਦਿੱਤੀ ਜਾ ਰਹੀ ਹੈ ਜਦਕਿ ਪਰਿਸ਼ਦ ਦੇ ਡਾਕਟਰਾਂ ਨੂੰ ਕੋਈ ਸੁਵਿਧਾ ਨਹੀਂ ਦਿੱਤੀ ਜਾ ਰਹੀ।
ਜ਼ਿਲਾ ਪਰਿਸ਼ਦ ਦੇ ਡਾਕਟਰਾਂ ਨੇ ਮੈਂਬਰ ਪਾਰਲੀਮੈਂਟ ਨੂੰ ਵੀ ਹੋ ਰਹੇ ਪੱਖਪਾਤ ਤੋਂ ਕਰਵਾਇਆ ਜਾਣੂ
ਸਿਵਲ ਸਰਜਨ ਦਫ਼ਤਰ ਵਿਖੇ ਪੁੱਜੇ ਮੈਂਬਰ ਪਾਰਲੀਮੈਂਟ ਗੁਰਜੀਤ ਸਿੰਘ ਔਜਲਾ ਨੂੰ ਜ਼ਿਲਾ ਪਰਿਸ਼ਦ ਦੇ ਡਾਕਟਰ ਮਿਲੇ ਅਤੇ ਉਨ੍ਹਾਂ ਆਪਣੇ ਨਾਲ ਹੋ ਰਹੇ ਪੱਖਪਾਤ ਸਬੰਧੀ ਜਾਣੂ ਕਰਵਾਇਆ। ਔਜਲਾ ਨੇ ਤੁਰੰਤ ਡਾਕਟਰ ਜੁਗਲ ਕਿਸ਼ੋਰ ਨੂੰ ਪਰਿਸ਼ਦ ਦੇ ਡਾਕਟਰਾਂ ਨੂੰ ਆ ਰਹੀ ਸਮੱਸਿਆਵਾਂ ਦੇ ਹੱਲ ਕਰਨ ਦੇ ਨਿਰਦੇਸ਼ ਦਿੱਤੇ। ਔਜਲਾ ਨੇ ਡਾਕਟਰਾਂ ਨੂੰ ਭਰੋਸਾ ਦਿੱਤਾ ਕਿ ਉਨ੍ਹਾਂ ਨੂੰ ਕਿਸੇ ਪ੍ਰਕਾਰ ਦੀ ਸਮੱਸਿਆ ਨਹੀਂ ਆਉਣ ਦਿੱਤੀ ਜਾਵੇਗੀ ਅਤੇ ਉਨ੍ਹਾਂ ਦੀ ਹਰ ਸਮੱਸਿਆ ਦਾ ਹੱਲ ਪਹਿਲ ਦੇ ਆਧਾਰ 'ਤੇ ਕੀਤਾ ਜਾਵੇਗਾ।
ਇਹ ਹਨ ਮੁੱਖ ਮੰਗਾਂ
ਜ਼ਿਲਾ ਪਰਿਸ਼ਦ ਦੇ ਡਾਕਟਰਾਂ ਨੇ ਮੰਗ ਕੀਤੀ ਕੀ ਡਾਕਟਰਾਂ ਅਤੇ ਫਾਰਮੇਸੀ ਅਫ਼ਸਰਾਂ ਨੂੰ ਐਨ-95 ਮਾਸਕ ਉਪਲੱਬਧ ਕਰਵਾਏ ਜਾਣ, ਪੀ.ਪੀ.ਈ. ਕਿੱਟ, ਸੈਨੇਟਾਈਜ਼ਰ ਅਤੇ ਥਰਮਾਮੀਟਰ ਉਪਲਬਧ ਕਰਵਾਏ ਜਾਣ, ਕੋਰੋਨਾ ਨਾਲ ਲੜ ਰਹੇ ਪਰਿਸ਼ਦ ਦੇ ਡਾਕਟਰਾਂ ਦਾ ਬੀਮਾਂ ਕਰਵਾਇਆ ਜਾਵੇ, ਪਰਿਸ਼ਦ ਦੇ ਡਾਕਟਰਾਂ ਦਾ ਪੀ.ਸੀ.ਐੱਮ.ਐੱਸ. ਦੇ ਡਾਕਟਰਾਂ ਵਾਂਗ ਪਰਮੋਸ਼ਨ ਦਾ ਰਸਤਾ ਖੋਲਿਆ ਜਾਵੇ, ਮੌਹਰੀ ਕਤਾਰ ਵਿੱਚ ਕੰਮ ਕਰਨ ਵਾਲੇ ਡਾਕਟਰਾਂ ਨੂੰ ਸਰਕਾਰ ਵਲੋਂ ਸਨਮਾਨਿਤ ਕੀਤਾ ਜਾਵੇ।