ਮੱਕੀ ਦੀ ਮਾਰਕੀਟ ਫੀਸ ਚੋਰੀ ਰੋਕਣ ਲਈ ਮੰਡੀ ਬੋਰਡ ਨੇ ਵਪਾਰੀਆਂ ਨੂੰ ਕੀਤੀਆਂ ਸਖ਼ਤ ਹਦਾਇਤਾਂ
Wednesday, Jun 14, 2023 - 07:13 PM (IST)
ਮਾਛੀਵਾੜਾ ਸਾਹਿਬ (ਟੱਕਰ) : ਮਾਛੀਵਾੜਾ ਅਨਾਜ ਮੰਡੀ ਵਿਚ ਮੱਕੀ ਦੀ ਫਸਲ ਆਮਦ ਜ਼ੋਰਾਂ ’ਤੇ ਹੈ ਅਤੇ ਪ੍ਰਾਈਵੇਟ ਵਪਾਰੀਆਂ ਵਲੋਂ ਸਮਰਥਨ ਮੁੱਲ ਤੋਂ ਕਿਤੇ ਘੱਟ ਕਿਸਾਨਾਂ ਦੀ ਫਸਲ ਖਰੀਦੀ ਜਾ ਰਹੀ ਹੈ, ਉੱਥੇ ਨਾਲ ਹੀ ਮਾਰਕੀਟ ਫੀਸ ਚੋਰੀ ਹੋਣ ਦੀਆਂ ਚਰਚਾਵਾਂ ਜ਼ੋਰਾਂ ’ਤੇ ਹਨ ਜਿਸ ’ਤੇ ਮੰਡੀ ਬੋਰਡ ਨੇ ਇਸ ਨੂੰ ਨੱਥ ਪਾਉਣ ਲਈ ਆੜ੍ਹਤੀਆਂ ਤੇ ਵਪਾਰੀਆਂ ਨੂੰ ਸਖ਼ਤ ਹਦਾਇਤਾਂ ਜਾਰੀ ਕਰ ਦਿੱਤੀਆਂ ਹਨ। ਮਾਰਕੀਟ ਕਮੇਟੀ ਸਕੱਤਰ ਸੁਰਿੰਦਰ ਸਿੰਘ ਅਨੁਸਾਰ ਮਾਛੀਵਾੜਾ ਮੰਡੀ ਵਿਚ ਹੁਣ ਤੱਕ ਪ੍ਰਾਈਵੇਟ ਵਪਾਰੀਆਂ ਵਲੋਂ 18724 ਕੁਇੰਟਲ ਮੱਕੀ ਦੀ ਫਸਲ ਖਰੀਦੀ ਜਾ ਚੁੱਕੀ ਹੈ ਜਿਸ ਦੀ ਔਸਤਨ ਖਰੀਦ 1500 ਤੋਂ 1650 ਰੁਪਏ ਪ੍ਰਤੀ ਕੁਇੰਟਲ ਤੱਕ ਰਹੀ। ਮਾਛੀਵਾੜਾ ਦਾਣਾ ਮੰਡੀ ਵਿਚ ਆੜ੍ਹਤੀਆਂ ਦੇ ਆਪਣੇ ਫੱਡ਼ਾਂ ਵਿਚ ਮੱਕੀ ਭਰੀ ਪਈ ਹੈ ਅਤੇ ਮਾਰਕੀਟ ਕਮੇਟੀ ਵਿਚ ਖਰੀਦ ਦਾ ਅੰਕੜਾ ਘੱਟ ਦੱਸ ਰਿਹਾ ਹੈ ਜਿਸ ਤੋਂ ਇਹ ਚਰਚਾਵਾਂ ਛਿੜੀਆਂ ਹਨ ਕਿ ਕੁਝ ਆੜ੍ਹਤੀ ਪ੍ਰਾਈਵੇਟ ਤੌਰ ’ਤੇ ਸਸਤੀ ਮੱਕੀ ਦੀ ਖਰੀਦ ਕਰ ਅੱਗੇ ਮਹਿੰਗੇ ਭਾਅ ’ਤੇ ਵੇਚਣ ਦੀ ਫ਼ਿਰਾਕ ਵਿਚ ਹਨ ਅਤੇ ਉਸਦੀ ਮਾਰਕੀਟ ਫੀਸ ਵੀ ਚੋਰੀ ਕਰ ਰਹੇ ਹਨ।
ਬੇਸ਼ੱਕ ਇਸ ਦੀ ਭਿਨਕ ਮੰਡੀ ਬੋਰਡ ਦੇ ਅਧਿਕਾਰੀਆਂ ਨੂੰ ਵੀ ਲੱਗ ਗਈ ਜਿਨ੍ਹਾਂ ਵਲੋਂ ਤੁਰੰਤ ਐਕਸ਼ਨ ਲੈਂਦਿਆਂ ਮੰਡੀ ਦੇ ਆੜ੍ਹਤੀਆਂ ਅਤੇ ਖਰੀਦ ਕਰਨ ਵਾਲੇ ਪ੍ਰਾਈਵੇਟ ਵਪਾਰੀਆਂ ਨੂੰ ਪੱਤਰ ਜਾਰੀ ਕਰ ਸਖ਼ਤ ਹਦਾਇਤਾਂ ਕਰ ਦਿੱਤੀਆਂ ਜਿਸ ਨਾਲ ਇਹ ਖਰੀਦ ਦੀ ਚੋਰੀ ਰੋਕੀ ਜਾ ਸਕੇ। ਮਾਰਕੀਟ ਕਮੇਟੀ ਅਧਿਕਾਰੀ ਵਲੋਂ ਜੋ ਹਦਾਇਤਾਂ ਜਾਰੀ ਕੀਤੀਆਂ ਗਈਆਂ ਉਸ ਵਿਚ ਸਪੱਸ਼ਟ ਲਿਖਿਆ ਗਿਆ ਕਿ ਜਿਹੜੀ ਵੀ ਮੱਕੀ ਦੀ ਫਸਲ ਮੰਡੀ ’ਚ ਵਿਕਣ ਲਈ ਆਉਂਦੀ ਹੈ ਉਸਦੀ ਆਮਦ ਰਜਿਸਟਰ ਅਤੇ ਈ-ਮੰਡੀਕਰਨ ਸਾਈਟ ’ਤੇ ਦਰਜ ਕੀਤੀ ਜਾਵੇ। ਇਸ ਤੋਂ ਇਲਾਵਾ ਜਿਸ ਭਾਅ ’ਤੇ ਵੀ ਮੱਕੀ ਦੀ ਫਸਲ ਵਿਕਦੀ ਹੈ ਉਸਦਾ ਰਿਕਾਰਡ, ਕਿਸਾਨ ਦਾ ਜੇ-ਫਾਰਮ ਵੀ ਕੱਟਿਆ ਜਾਵੇ। ਅਧਿਕਾਰੀਆਂ ਦੀਆਂ ਹਦਾਇਤਾਂ ਅਨੁਸਾਰ ਜੇਕਰ ਕੋਈ ਵੀ ਫਸਲ ਦੀ ਢੇਰੀ ਆੜ੍ਹਤੀ ਦੇ ਰਜਿਸਟਰ ਵਿਚ ਦਰਜ ਨਾ ਹੋਈ ਤਾਂ ਸਬੰਧਿਤ ਆੜ੍ਹਤੀ ਖਿਲਾਫ਼ ਮੰਡੀ ਬੋਰਡ ਦੇ ਨਿਯਮਾਂ ਅਨੁਸਾਰ ਸਖ਼ਤ ਕਾਰਵਾਈ ਕੀਤੀ ਜਾਵੇਗੀ।
ਮਾਰਕੀਟ ਕਮੇਟੀ ਅਧਿਕਾਰੀ ਨੇ ਇਹ ਵੀ ਹਦਾਇਤ ਕੀਤੀ ਕਿ ਮੱਕੀ ਫਸਲ ਦੀ ਖਰੀਦ ਮੁੱਖ ਮੰਡੀ ਮਾਛੀਵਾੜਾ ਅਤੇ ਲੱਖੋਵਾਲ ਕਲਾਂ ਵਿਖੇ ਕੀਤੀ ਜਾਵੇਗੀ ਜਦਕਿ ਆੜ੍ਹਤੀਆਂ ਦੇ ਪ੍ਰਾਈਵੇਟ ਫੱਡ਼ ਤੇ ਉਪ ਖਰੀਦ ਕੇਂਦਰ ਸ਼ੇਰਪੁਰ ਬੇਟ, ਹੇਡੋਂ ਬੇਟ ਤੇ ਬੁਰਜ ਪਵਾਤ ਵਿਖੇ ਮੱਕੀ ਫਸਲ ਦੀ ਖਰੀਦ ਨਹੀਂ ਹੋਵੇਗੀ। ਬੇਸ਼ੱਕ ਮੰਡੀ ਬੋਰਡ ਦੀਆਂ ਹਦਾਇਤਾਂ ਕਾਰਨ ਮਾਰਕੀਟ ਫੀਸ ਚੋਰੀ ਨੂੰ ਨੱਥ ਪਵੇਗੀ ਪਰ ਇਹ ਵੀ ਜਾਣਕਾਰੀ ਮਿਲੀ ਹੈ ਕਿ ਕੁਝ ਕਿਸਾਨ ਜਲਦਬਾਜ਼ੀ ਵਿਚ ਆਪਣੀ ਗਿੱਲੀ ਮੱਕੀ ਹੀ ਕੇਵਲ 900 ਤੋਂ 1000 ਰੁਪਏ ਪ੍ਰਤੀ ਕੁਇੰਟਲ ਵਪਾਰੀਆਂ ਨੂੰ ਵੇਚ ਜਾਂਦੇ ਹਨ ਜਿਨ੍ਹਾਂ ਨੂੰ ਉਹ ਸੁੱਕਾ ਕੇ ਆਪਣੇ ਗੁਦਾਮਾਂ ਵਿਚ ਭਰ ਲੈਂਦੇ ਹਨ ਜਿਸ ਦੀ ਨਾ ਮਾਰਕੀਟ ਫੀਸ ਅਦਾ ਹੁੰਦੀ ਹੈ ਅਤੇ ਨਾ ਹੀ ਇਸ ਦਾ ਮਾਰਕੀਟ ਕਮੇਟੀ ਵਿਚ ਕੋਈ ਰਿਕਾਰਡ ਦਰਜ ਹੁੰਦਾ ਹੈ। ਮੰਡੀ ਬੋਰਡ ਮਾਰਕੀਟ ਫੀਸ ਦੀ ਚੋਰੀ ਅਤੇ ਕਿਸਾਨਾਂ ਦੀ ਲੁੱਟ ਰੋਕਣ ਵਿਚ ਕੋਸ਼ਿਸ਼ ਤਾਂ ਕਰ ਰਹੀ ਹੈ ਪਰ ਅਧਿਕਾਰੀ ਸੁਰਿੰਦਰ ਸਿੰਘ ਨੇ ਦੱਸਿਆ ਕਿ ਜੇਕਰ ਕਿਸਾਨ ਉਨ੍ਹਾਂ ਨੂੰ ਆ ਕੇ ਸ਼ਿਕਾਇਤ ਦੇਣਗੇ ਕਿ ਕੋਈ ਪ੍ਰਾਈਵੇਟ ਵਪਾਰੀ ਉਨ੍ਹਾਂ ਦਾ ਜੇ-ਫਾਰਮ ਕੱਟੇ ਬਿਨ੍ਹਾਂ ਫਸਲ ਖਰੀਦ ਰਿਹਾ ਹੈ ਤਾਂ ਉਹ ਸਬੰਧਿਤ ਵਿਅਕਤੀ ਖਿਲਾਫ਼ ਸਖ਼ਤ ਕਾਰਵਾਈ ਕਰਨਗੇ।