ਨਕਲ ਕਰਵਾਉਣ ਲਈ ਪਰਚੀਆਂ ਬਣਾਉਂਦਾ ਅਧਿਆਪਕ ਗ੍ਰਿਫਤਾਰ, ਨਕਲ ਦੇ 3 ਕੇਸ ਵੀ ਫੜੇ

03/07/2020 12:24:21 AM

ਮੋਹਾਲੀ,(ਨਿਆਮੀਆਂ)- ਪੰਜਾਬ ਵਿਚ ਜਾਰੀ ਸਾਲਾਨਾ ਬੋਰਡ ਪ੍ਰੀਖਿਆਵਾਂ ਦੌਰਾਨ ਸ਼ੁੱਕਰਵਾਰ ਨੂੰ 8ਵੀਂ ਅਤੇ 12ਵੀਂ ਜਮਾਤ ਦੀਆਂ ਅੰਗਰੇਜ਼ੀ (ਲਾਜ਼ਮੀ) ਦੀਆਂ ਪ੍ਰੀਖਿਆਵਾਂ ਕਰਵਾਈਆਂ ਗਈਆਂ। ਇਸ ਦੌਰਾਨ ਸਕੱਤਰ ਸਕੂਲ ਸਿੱਖਿਆ ਵਿਭਾਗ ਨੇ ਧਾਰ ਕਲਾਂ ਬਲਾਕ ਦੇ ਪ੍ਰੀਖਿਆ ਕੇਂਦਰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮਲਕਪੁਰ ਵਿਖੇ ਨਵ-ਵਿੱਦਿਆ ਨਿਕੇਤਨ ਸਕੂਲ ਦੇ ਇਕ ਅਧਿਆਪਕ ਨੂੰ 8ਵੀਂ ਦੇ ਪੇਪਰ ਸਬੰਧੀ ਪਰਚੀਆਂ ਬਣਾਉਂਦੇ ਦਬੋਚਿਆ ਗਿਆ ਤੇ ਸੁਜਾਨਪੁਰ ਵਿਖੇ ਪੁਲਸ ਕੇਸ ਦਰਜ ਕਰਵਾਇਆ ਗਿਆ। ਇਸ ਤੋਂ ਇਲਾਵਾ ਸ਼ਾਮ ਦੇ ਸੈਸ਼ਨ ਵਿਚ 12ਵੀਂ ਦੀ ਪ੍ਰੀਖਿਆ ਦੌਰਾਨ ਨਕਲ ਦੇ 4 ਮਾਮਲੇ ਜ਼ਿਲਾ ਸੰਗਰੂਰ ਵਿਚ ਅਤੇ ਇਕ ਮਾਮਲਾ ਜ਼ਿਲਾ ਮੁਕਤਸਰ ਸਾਹਿਬ ਵਿਚ ਫੜਿਆ ਗਿਆ। ਪਠਾਨਕੋਟ ਦੇ ਜ਼ਿਲਾ ਸਿੱਖਿਆ ਅਫ਼ਸਰ ਵਲੋਂ ਭੇਜੀ ਗਈ ਰਿਪੋਰਟ ਅਨੁਸਾਰ ਪਿੰਡ ਡੇਹਰੀਵਾਲ ਦੇ ਨਵ-ਵਿੱਦਿਆ ਨਿਕੇਤਨ ਸਕੂਲ ਦਾ ਅਧਿਆਪਕ ਅਮਿਤ ਕੁਮਾਰ, ਮਲਕਪੁਰ ਦੇ ਸਰਕਾਰੀ ਸਕੂਲ ਵਿਚ ਬਣਾਏ ਗਏ ਪ੍ਰੀਖਿਆ ਕੇਂਦਰ ਦੀ ਕੰਪਿਊਟਰ ਲੈਬ ਵਿਚ ਪ੍ਰੀਖਿਆਰਥੀਆਂ ਲਈ ਪਰਚੀਆਂ ਤਿਆਰ ਕਰਦਾ ਮੌਕੇ 'ਤੇ ਫੜਿਆ ਗਿਆ। ਇਹ ਕਾਰਵਾਈ ਸਿੱਖਿਆ ਸਕੱਤਰ ਤੇ ਬੋਰਡ ਦੇ ਚੇਅਰਮੈਨ ਕਿਸ਼ਨ ਕੁਮਾਰ ਆਈ. ਏ. ਐੱਸ. ਵਲੋਂ ਆਪ ਮੌਕੇ 'ਤੇ ਕੀਤੀ ਗਈ ਸੀ। ਅਮਿਤ ਕੁਮਾਰ ਵਿਰੁੱਧ ਪੁਲਸ ਮਾਮਲਾ, ਥਾਣਾ ਸੁਜਾਨਪੁਰ ਅਧੀਨ ਦਰਜ ਕੀਤਾ ਗਿਆ ਹੈ।

ਸ਼ਾਮ ਦੇ ਸੈਸ਼ਨ ਵਿਚ 12ਵੀਂ ਜਮਾਤ ਦੀ ਵਿਸ਼ਾ ਅੰਗਰੇਜ਼ੀ (ਲਾਜ਼ਮੀ) ਦੀ ਪ੍ਰੀਖਿਆ ਦੌਰਾਨ ਸੁਨਾਮ ਦੇ ਸ਼ਹੀਦ ਊਧਮ ਸਿੰਘ ਸਰਕਾਰੀ ਕਾਲਜ ਵਿਚ ਸਥਿਤ 2 ਪ੍ਰੀਖਿਆ ਕੇਂਦਰਾਂ ਵਿਚੋਂ 3 ਪ੍ਰੀਖਿਆਰਥੀ ਨਕਲ ਕਰਦੇ ਫੜੇ ਗਏ, ਜਿਨ੍ਹਾਂ ਵਿਚ ਇਕ ਵਿਦਿਆਰਥਣ ਵੀ ਸ਼ਾਮਲ ਸੀ। ਸਰਕਾਰੀ ਸੀਨੀਅਰ ਸੈਕੰਡਰੀ ਕੰਨਿਆ ਸਕੂਲ ਸੁਨਾਮ ਵਿਚ ਵੀ ਇਕ ਵਿਦਿਆਰਥੀ ਨਕਲ ਕਰਦਾ ਫੜਿਆ ਗਿਆ। ਨਕਲ ਦਾ 5ਵਾਂ ਕੇਸ ਮਲੋਟ ਸਥਿਤ ਐੱਮ. ਆਰ. ਓਸਵਿਨ ਹਾਈ ਸਕੂਲ ਪ੍ਰੀਖਿਆ ਕੇਂਦਰ ਵਿਚ ਫੜਿਆ ਗਿਆ। ਪ੍ਰੀਖਿਆ ਦੇ ਹੋਰ ਵੇਰਵੇ ਅਨੁਸਾਰ 8ਵੀਂ ਜਮਾਤ ਦੀ ਪ੍ਰੀਖਿਆ ਲਈ ਕੁੱਲ 3,18,768 ਪ੍ਰੀਖਿਆਰਥੀਆਂ ਨੂੰ ਪ੍ਰੀਖਿਆ ਦੇਣ ਲਈ ਯੋਗ ਕਰਾਰ ਦਿੱਤਾ ਗਿਆ ਅਤੇ ਸ਼ੁੱਕਰਵਾਰ ਦੀ ਪ੍ਰੀਖਿਆ ਲਈ 2325 ਪ੍ਰੀਖਿਆ ਕੇਂਦਰ ਬਣਾਏ ਗਏ। ਸੀਨੀਅਰ ਸੈਕੰਡਰੀ ਪੱਧਰ ਦੀ ਅੰਗਰੇਜ਼ੀ ਲਾਜ਼ਮੀ ਵਿਸ਼ੇ ਦੀ ਪ੍ਰੀਖਿਆ ਲਈ 2,67,679 ਰੈਗੂਲਰ ਪ੍ਰੀਖਿਆਰਥੀਆਂ ਲਈ 1849 ਪ੍ਰੀਖਿਆ ਕੇਂਦਰ ਅਤੇ 21,485 ਓਪਨ ਸਕੂਲ ਨਾਲ ਸਬੰਧਤ ਅਤੇ ਹੋਰ ਪ੍ਰੀਖਿਆਰਥੀਆਂ ਲਈ 157 ਕੇਂਦਰ ਸਥਾਪਤ ਕੀਤੇ ਸਨ।
 


Related News