ਪੰਜਾਬ ਪੁਲਸ ਦੇ ਸਬ-ਇੰਸਪੈਕਟਰ ਤੇ ਗ੍ਰੰਥੀ ''ਚ ਹੋਇਆ ਵਿਵਾਦ

04/25/2018 5:39:24 AM

ਅੰਮ੍ਰਿਤਸਰ,  (ਸੰਜੀਵ)-  ਪੰਜਾਬ ਪੁਲਸ ਦੇ ਸਬ-ਇੰਸਪੈਕਟਰ ਤੇ ਗੰ੍ਰਥੀ ਜਸਪਾਲ ਸਿੰਘ 'ਚ ਘਰ ਦੇ ਬਾਹਰ ਗੱਡੀ ਲਾਉਣ ਕਾਰਨ ਹੋਏ ਵਿਵਾਦ ਦੌਰਾਨ ਦੋਵਾਂ ਪੱਖਾਂ ਦੇ ਸਮਰਥਕ ਆਪਸ ਵਿਚ ਭਿੜ ਗਏ ਤੇ ਇਸ ਝਗੜੇ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਗਈ। ਜਦੋਂ ਇਸ ਦੀ ਭਿਣਕ ਥਾਣਾ ਸੁਲਤਾਨਵਿੰਡ ਦੀ ਪੁਲਸ ਨੂੰ ਲੱਗੀ ਤਾਂ ਥਾਣਾ ਇੰਚਾਰਜ ਇੰਸਪੈਕਟਰ ਨੀਰਜ ਕੁਮਾਰ ਮੌਕੇ 'ਤੇ ਪੁੱਜੇ ਅਤੇ ਦੋਵਾਂ ਪੱਖਾਂ ਨੂੰ ਥਾਣੇ ਲਿਆ ਕੇ ਵਿਵਾਦ ਖਤਮ ਕਰਵਾ ਕੇ ਉਨ੍ਹਾਂ ਵਿਚ ਸਮਝੌਤਾ ਕਰਵਾਇਆ।
ਸਬ-ਇੰਸਪੈਕਟਰ ਮੇਜਰ ਸਿੰਘ ਦਾ ਦੋਸ਼ ਸੀ ਕਿ ਗ੍ਰੰਥੀ ਜਸਪਾਲ ਸਿੰਘ ਨੇ ਆਪਣੇ ਘਰ ਵਿਚ ਐੱਸ. ਜੀ. ਪੀ. ਸੀ. ਦੇ ਕਰਮਚਾਰੀਆਂ ਨੂੰ ਬਿਠਾ ਰੱਖਿਆ ਸੀ ਅਤੇ ਉਹ ਉਸ ਦੇ ਕਹਿਣ 'ਤੇ ਆਏ ਤੇ ਉਸ ਦੇ ਬੇਟੇ ਗੁਰਪ੍ਰੀਤ ਸਿੰਘ, ਭਾਈ ਦਲਬੀਰ ਸਿੰਘ ਤੇ ਭਤੀਜੇ ਗੁਰਮੀਤ ਸਿੰਘ ਨੂੰ ਬੁਰੀ ਤਰ੍ਹਾਂ ਜ਼ਖਮੀ ਕਰ ਗਏ। ਦੂਜੇ ਪਾਸੇ ਗ੍ਰੰਥੀ ਜਸਪਾਲ ਸਿੰਘ ਦਾ ਦੋਸ਼ ਸੀ ਕਿ ਸਬ-ਇੰਸਪੈਕਟਰ ਮੇਜਰ ਸਿੰਘ ਉਸ ਦੇ ਘਰ ਦੇ ਪਿੱਛੇ ਆਪਣੀ ਗੱਡੀ ਖੜ੍ਹੀ ਕਰਦਾ ਹੈ, ਜਿਸ ਕਾਰਨ ਕਈ ਵਾਰ ਮੇਜਰ ਸਿੰਘ ਉਨ੍ਹਾਂ ਨੂੰ ਪੁਲਸ ਦੀ ਧੌਂਸ ਦਿਖਾ ਚੁੱਕਾ ਹੈ। ਅੱਜ ਉਸ ਦਾ ਪਰਿਵਾਰ ਆਇਆ ਅਤੇ ਉਸ 'ਤੇ ਹਮਲਾ ਕਰ ਦਿੱਤਾ। ਦੋਵਾਂ ਵੱਲੋਂ ਆਏ ਸਮਰਥਕਾਂ ਨੇ ਚੱਲ ਰਹੇ ਝਗੜੇ ਦੌਰਾਨ ਦੋਵੇਂ ਪਾਸੇ ਕਈ ਲੋਕਾਂ ਦੀਆਂ ਪੱਗਾਂ ਵੀ ਉਤਾਰੀਆਂ।
ਥਾਣਾ ਸੁਲਤਾਨਵਿੰਡ ਦੇ ਇੰਚਾਰਜ ਇੰਸਪੈਕਟਰ ਨੀਰਜ ਕੁਮਾਰ ਦਾ ਕਹਿਣਾ ਹੈ ਕਿ ਗੱਡੀ ਲਾਉਣ ਕਾਰਨ ਦੋਵਾਂ ਵਿਚ ਵਿਵਾਦ ਹੋਇਆ ਸੀ, ਜਦੋਂ ਕਿ ਦੋਵਾਂ ਪੱਖਾਂ ਨੂੰ ਥਾਣੇ 'ਚ ਬਿਠਾ ਕੇ ਆਹਮੋ-ਸਾਹਮਣੇ ਸਮਝੌਤਾ ਕਰਵਾ ਦਿੱਤਾ ਗਿਆ ਹੈ।


Related News