ਸਫਾਈ ਕਰਮਚਾਰੀਆਂ ਦਾ ਸੋਸ਼ਣ ਰੋਕਣ ਲਈ ਖਤਮ ਕੀਤੀ ਜਾਵੇਗੀ ਠੇਕੇਦਾਰ ਪ੍ਰਣਾਲੀ : ਕੌਮੀ ਕਮਿਸ਼ਨ

Wednesday, Jul 12, 2017 - 04:00 PM (IST)


ਪਟਿਆਲਾ(ਰਾਜੇਸ਼)-ਕੌਮੀ ਕਮਿਸ਼ਨ ਨੇ ਦੇਸ਼ ਵਿਚ ਸਫਾਈ ਕਰਮਚਾਰੀਆਂ ਦੇ ਹੋ ਰਹੇ ਸ਼ੋਸ਼ਣ ਨੂੰ ਰੋਕਣ ਲਈ ਠੇਕੇਦਾਰ ਪ੍ਰਣਾਲੀ ਨੂੰ ਖਤਮ ਕਰਨ ਦੀ ਵਕਲਤ ਕੀਤੀ ਹੈ। ਸਫਾਈ ਕਰਮਚਾਰੀਆਂ ਦਾ ਕੌਮੀ ਕਮਿਸ਼ਨ ਚੇਅਰਮੈਨ ਸ਼੍ਰੀ ਮਨਹਾਰ ਬਾਲਾ ਦੀ ਅਗਵਾਈ ਹੇਠ ਅੱਜ ਆਪਣੇ ਪਟਿਆਲਾ ਦੌਰੇ ਮੌਕੇ ਸਫਾਈ ਕਰਮਚਾਰੀਆਂ ਨੂੰ ਦਰਪੇਸ਼ ਮੁਸ਼ਕਲਾਂ ਦੀ ਸੁਣਵਾਈ ਲਈ ਪੁੱਜਾ।
ਮਿੰਨੀ ਸਕੱਤਰੇਤ ਵਿਖੇ ਜ਼ਿਲੇ ਦੇ ਸਿਵਲ ਤੇ ਪੁਲਸ ਪ੍ਰਸ਼ਾਸਨ ਦੇ ਸੀਨੀਅਰ ਅਧਿਕਾਰੀਆਂ ਨਾਲ ਮੀਟਿੰਗ ਕਰਨ ਮੌਕੇ ਕੌਮੀ ਚੇਅਰਮੈਨ ਮਨਹਾਰ ਬਾਲਾ ਨੇ ਕਿਹਾ ਕਿ ਸਫਾਈ ਕਰਮਚਾਰੀਆਂ ਨੂੰ ਠੇਕੇਦਾਰ ਪ੍ਰਣਾਲੀ ਦੇ ਮੱਕੜਜਾਲ ਵਿਚੋਂ ਕੱਢ ਕੇ ਹੀ ਉਨ੍ਹਾਂ ਦੀ ਭਲਾਈ ਕੀਤੀ ਜਾ ਸਕਦੀ ਹੈ। ਉਨ੍ਹਾਂ ਮੀਟਿੰਗ ਵਿਚ ਹਾਜ਼ਰ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਸਫਾਈ ਕਰਮਚਾਰੀਆਂ ਦਾ ਜੀਵਨ ਪੱਧਰ ਉੱਚਾ ਚੁੱਕਣ ਲਈ ਉਨ੍ਹਾਂ ਨੂੰ ਬਣਦੀ ਪੂਰੀ ਤਨਖਾਹ ਤੇ ਪਰਿਵਾਰਾਂ ਦੀ ਸਿਹਤ-ਸਿੱਖਿਆ ਵੱਲ ਵਿਸ਼ੇਸ਼ ਧਿਆਨ ਦਿੱਤਾ ਜਾਵੇ।
ਉਨ੍ਹਾਂ ਕਿਹਾ ਕਿ ਜਿਵੇਂ ਸਰਹੱਦਾਂ 'ਤੇ ਸਾਡੇ ਸੈਨਿਕ ਆਪਣੀ ਜਾਨ ਦੀ ਪ੍ਰਵਾਹ ਨਾ ਕਰਦਿਆਂ ਦੇਸ਼ ਦੀ ਸੁਰੱਖਿਆ ਕਰਦੇ ਹਨ, ਉਸੇ ਤਰਾਂ ਸਫਾਈ ਸੇਵਕ ਵੀ ਆਪਣੀ ਜਾਨ ਜੋਖਮ ਵਿਚ ਪਾ ਕੇ ਸਾਨੂੰ ਸਾਫ-ਸੁਥਰਾ ਮਾਹੌਲ ਮੁਹੱਈਆ ਕਰਵਾਉਂਦੇ ਹਨ। ਉਨ੍ਹਾਂ ਅਧਿਕਾਰੀਆਂ ਨੂੰ ਕਿਹਾ ਕਿ ਪਹਿਲਾਂ ਸਫਾਈ ਕਰਮਚਾਰੀਆਂ ਲਈ ਚੇਂਜਿੰਗ ਰੂਮ ਬਣਾਉਣ ਦੇ ਨਾਲ-ਨਾਲ ਸਫਾਈ ਕਰਮਚਾਰੀਆਂ ਦੀ ਸਿਹਤ ਸੰਭਾਲ ਲਈ ਵਿਸ਼ੇਸ਼ ਸਿਹਤ ਮੈਡੀਕਲ ਕੈਂਪ ਲਾਏ ਜਾਣ। ਕੰਮ-ਕਾਜ ਲਈ ਲੋੜੀਂਦਾ ਸਾਜ਼ੋ-ਸਾਮਾਨ ਸਮੇਂ ਸਿਰ ਉਪਲਬਧ ਕਰਵਾਇਆ ਜਾਵੇ।
ਇਸ ਮੌਕੇ ਨੈਸ਼ਨਲ ਕਮਿਸ਼ਨ ਫਾਰ ਸਫਾਈ ਕਰਮਚਾਰੀ ਦੇ ਮੈਂਬਰ ਸ਼੍ਰੀ ਸਵਾਮੀ ਸਦਾਨੰਦ ਮਹਾਰਾਜ, ਸ਼੍ਰੀ ਡੀ. ਪੀ. ਖੋਸਲਾ ਸਾਬਕਾ ਵਾਈਸ ਚੇਅਰਮੈਨ ਸਫਾਈ ਕਰਮਚਾਰੀ ਬੋਰਡ ਪੰਜਾਬ, ਮਨਜੀਤ ਸਿੰਘ ਬਾਲੀ ਮੈਂਬਰ ਡਾ. ਅੰਬੇਡਕਰ ਫਾਊਂਡੇਸ਼ਨ ਭਾਰਤ ਸਰਕਾਰ ਅਤੇ ਸ਼੍ਰੀ ਰਾਜ ਕੁਮਾਰ ਪਾਠੀ, ਪ੍ਰਸ਼ਾਸਨ ਵੱਲੋਂ ਡਿਪਟੀ ਕਮਿਸ਼ਨਰ ਕੁਮਾਰ ਅਮਿਤ, ਐੈੱਸ. ਐੈੱਸ. ਪੀ. ਡਾ. ਐੈੱਸ. ਭੂਪਤੀ, ਵਧੀਕ ਡਿਪਟੀ ਕਮਿਸ਼ਨਰ ਜਨਰਲ ਪੂਨਮਦੀਪ ਕੌਰ, ਲੋਕਲ ਬਾਡੀ ਵਿਭਾਗ ਦੇ ਜੁਆਇੰਟ ਡਿਪਟੀ ਡਾਇਰੈਕਟਰ ਪਰਮਿੰਦਰ ਸਿੰਘ, ਜੁਆਇੰਟ ਕਮਿਸ਼ਨਰ ਨਗਰ ਨਿਗਮ ਅਨੁਪ੍ਰੀਤ ਕੌਰ ਜੌਹਲ, ਸਿਵਲ ਸਰਜਨ ਡਾ. ਬਲਵਿੰਦਰ ਸਿੰਘ ਅਤੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਮੌਜੂਦ ਸਨ।
ਇਸ ਤੋਂ ਪਹਿਲਾਂ ਚੇਅਰਮੈਨ ਸ਼੍ਰੀ ਮਨਹਾਰ ਬਾਲਾ ਜੀ ਭਾਈ ਜਾਲਾ ਨੇ ਸਰਕਟ ਹਾਊਸ ਵਿਖੇ ਪਟਿਆਲਾ ਜ਼ਿਲੇ 'ਚ ਕੰਮ ਕਰ ਰਹੀਆਂ ਸਫਾਈ ਸੇਵਕਾਂ ਦੀਆਂ ਵੱਖ-ਵੱਖ ਯੂਨੀਅਨਾਂ ਅਤੇ ਐਸੋਸੀਏਸ਼ਨਾਂ ਦੇ ਅਹੁਦੇਦਾਰਾਂ ਨਾਲ ਮੀਟਿੰਗ ਕੀਤੀ। ਮੀਟਿੰਗ 'ਚ ਸਫਾਈ ਸੇਵਕਾਂ ਵੱਲੋਂ ਕਿਹਾ ਗਿਆ ਕਿ ਨਗਰ ਨਿਗਮ ਪਟਿਆਲਾ ਅਤੇ ਜ਼ਿਲੇ ਦੀਆਂ ਹੋਰ ਨਗਰ ਪ੍ਰੀਸ਼ਦਾਂ 'ਚ ਲਾਗੂ ਕੀਤਾ ਗਿਆ ਠੇਕੇਦਾਰੀ ਸਿਸਟਮ ਉਨ੍ਹਾਂ ਨਾਲ ਧੱਕਾ ਹੈ। ਠੇਕੇ 'ਤੇ ਰੱਖੇ ਗਏ ਸਫਾਈ ਕਰਮਚਾਰੀਆਂ ਨੂੰ ਡੀ. ਸੀ. ਰੇਟ ਤੋਂ ਵੀ ਘੱਟ ਤਨਖਾਹ ਦਿੱਤੀ ਜਾਂਦੀ ਹੈ। ਇਸ ਤੋਂ ਇਲਾਵਾ ਸੀਵਰੇਜ ਵਿਚ ਜੋਖਮ ਭਰਿਆ ਕੰਮ ਕਰਨ ਦੌਰਾਨ ਉਨ੍ਹਾਂ ਕੋਲ ਸੁਰੱਖਿਆ ਦੇ ਪੂਰੇ ਇੰਤਜ਼ਾਮ ਨਹੀਂ ਹੁੰਦੇ। ਉਨ੍ਹਾਂ ਕਿਹਾ ਕਿ ਦਸਤਾਨੇ, ਆਕਸੀਜਨ ਮਾਸਕ ਤੇ ਗੰਮ ਬੂਟ ਆਦਿ ਉਨ੍ਹਾਂ ਨੂੰ ਦਿੱਤੇ ਜਾਣ।
ਇਸ ਤੋਂ ਇਲਾਵਾ ਚੇਅਰਮੈਨ ਨੇ ਬੱਸ ਸਟੈਂਡ ਦੇ ਨਜ਼ਦੀਕ ਭਾਰਤੀ ਸੰਵਿਧਾਨ ਦੇ ਨਿਰਮਾਤਾ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਦੇ ਬੁੱਤ 'ਤੇ ਸ਼ਰਧਾ ਦੇ ਫੁੱਲ ਵੀ ਭੇਟ ਕੀਤੇ। ਇਸ ਮੌਕੇ ਉਨ੍ਹਾਂ ਨਾਲ ਸ਼੍ਰੀ ਰਾਜ ਕੁਮਾਰ ਪਾਠੀ, ਸ਼੍ਰੀ ਮਨਜੀਤ ਬਾਲੀ, ਸ਼੍ਰੀ ਮਨੋਜ ਚੌਹਾਨ ਅਤੇ ਵੱਖ-ਵੱਖ ਯੂਨੀਅਨਾਂ ਦੇ ਨੁਮਾਇੰਦੇ ਮੌਜੂਦ ਸਨ।


Related News