5 ਗ੍ਰਾਮ ਹੈਰੋਇਨ ਅਤੇ ਚੂਰਾ-ਪੋਸਤ ਸਮੇਤ 4 ਕਾਬੂ

Thursday, Jul 06, 2017 - 01:14 PM (IST)


ਗਿੱਦੜਬਾਹਾ(ਕੁਲਭੂਸ਼ਨ)-ਥਾਣਾ ਕੋਟਭਾਈ ਦੀ ਪੁਲਸ ਵੱਲੋਂ ਵੱਖ-ਵੱਖ ਮਾਮਲਿਆਂ 'ਚ ਹੈਰੋਇਨ ਤੇ ਚੂਰਾ-ਪੋਸਤ ਸਮੇਤ 4 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਇਕ ਹੋਰ ਮਾਮਲੇ ਦੇ ਸਬੰਧ 'ਚ ਛਾਪੇਮਾਰੀ ਕਰ ਕੇ 150 ਲੀਟਰ ਲਾਹਣ ਪ੍ਰਾਪਤ ਕੀਤੀ ਗਈ ਪਰ ਦੋਸ਼ੀ ਫਰਾਰ ਹੋ ਗਿਆ । 
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਥਾਣਾ ਕੋਟਭਾਈ ਦੇ ਐੱਸ. ਐੱਚ. ਓ. ਪਰਮਜੀਤ ਕੁਮਾਰ ਨੇ ਦੱਸਿਆ ਕਿ ਏ. ਐੱਸ. ਆਈ. ਅਮਰੀਕ ਸਿੰਘ ਨੇ ਪੁਲਸ ਪਾਰਟੀ ਸਮੇਤ ਕੋਟਭਾਈ-ਰਖਾਲਾ ਚੌਕ 'ਤੇ ਨਾਕਾ ਲਾਇਆ ਹੋਇਆ ਸੀ। ਇਸ ਦੌਰਾਨ ਇਕ ਮੋਟਰਸਾਈਕਲ 'ਤੇ ਦੋ ਵਿਅਕਤੀ ਆ ਰਹੇ ਸਨ, ਜਿਨ੍ਹਾਂ ਦੀ ਪਛਾਣ ਜਗਸੀਰ ਰਾਮ ਪੁੱਤਰ ਨਾਭਾ ਰਾਮ ਵਾਸੀ ਪਿੰਡ ਕੱਖਾਂਵਾਲੀ ਤੇ ਪ੍ਰਦੀਪ ਕੁਮਾਰ ਪੁੱਤਰ ਰਾਮ ਲਾਲ ਵਾਸੀ ਪਿੰਡ ਲਾਲਬਾਈ ਹੋਈ, ਨੂੰ ਸ਼ੱਕ ਦੇ ਆਧਾਰ 'ਤੇ ਰੋਕ ਕੇ ਤਲਾਸ਼ੀ ਲਈ ਗਈ ਤਾਂ ਉਕਤ ਕਥਿਤ ਦੋਸ਼ੀਆਂ ਕੋਲੋਂ 5 ਗ੍ਰਾਮ ਹੈਰੋਇਨ ਬਰਾਮਦ ਹੋਈ, ਜਿਸ ਦੀ ਅੰਤਰਰਾਸ਼ਟਰੀ ਬਾਜ਼ਾਰ 'ਚ ਕੀਮਤ ਢਾਈ ਲੱਖ ਰੁਪਏ ਹੈ। ਉਕਤ ਕਥਿਤ ਦੋਸ਼ੀਆਂ ਨੂੰ ਪੁਲਸ ਨੇ ਮੋਟਰਸਾਈਕਲ ਸਮੇਤ ਗ੍ਰਿਫਤਾਰ ਕੀਤਾ । 
ਇਸੇ ਤਰ੍ਹਾਂ ਏ. ਐੱਸ. ਆਈ. ਬੱਗਾ ਸਿੰਘ ਨੇ ਸੁੱਖਨਾਂ-ਲੂਹਾਰਾ ਰੋਡ 'ਤੇ ਨਾਕਾ ਲਾਇਆ ਹੋਇਆ ਸੀ। ਇਸ ਦੌਰਾਨ ਦੋ ਵਿਅਕਤੀ ਪੈਦਲ ਆ ਰਹੇ ਸਨ, ਜਿਨ੍ਹਾਂ ਨੇ ਹੱਥਾਂ 'ਚ ਥੈਲੇ ਫੜੇ ਹੋਏ ਸਨ। ਉਕਤ ਦੋਵੇਂ ਵਿਅਕਤੀ ਪੁਲਸ ਪਾਰਟੀ ਨੂੰ ਵੇਖ ਕੇ ਦੂਸਰੇ ਪਾਸੇ ਵੱਲ ਨੂੰ ਮੁੜ ਗਏ, ਜਿਸ 'ਤੇ ਏ. ਐੱਸ. ਆਈ. ਨੇ ਉਨ੍ਹਾਂ ਦਾ ਪਿੱਛਾ ਕਰ ਕੇ ਤਲਾਸ਼ੀ ਲਈ ਤਾਂ ਉਨ੍ਹਾਂ ਕਥਿਤ ਦੋਸ਼ੀਆਂ ਕੋਲੋਂ 19 ਕਿਲੋ ਚੂਰਾ-ਪੋਸਤ ਬਰਾਮਦ ਹੋਇਆ। ਗ੍ਰਿਫਤਾਰ ਕਥਿਤ ਦੋਸ਼ੀਆਂ ਨੇ ਆਪਣੇ ਨਾਂ ਗਗਨਦੀਪ ਸਿੰਘ ਪੁੱਤਰ ਗੁਰਮੇਲ ਸਿੰਘ ਤੇ ਰਵਿੰਦਰ ਸਿੰਘ ਪੁੱਤਰ ਸੁਖਦੇਵ ਸਿੰਘ ਵਾਸੀਆਨ ਪਿੰਡ ਕਾਉਣੀ ਦੱਸੇ। 
ਇਕ ਹੋਰ ਮਾਮਲੇ 'ਚ ਹੌਲਦਾਰ ਅਮਰੀਕ ਸਿੰਘ ਨੇ ਪੁਲਸ ਪਾਰਟੀ ਸਮੇਤ ਗਸ਼ਤ ਦੌਰਾਨ ਪਿੰਡ ਮਧੀਰ ਵਿਖੇ ਨਾਜਾਇਜ਼ ਸ਼ਰਾਬ ਬਣਾ ਕੇ ਵੇਚਣ ਦੀ ਸੂਚਨਾ 'ਤੇ ਛਾਪੇਮਾਰੀ ਕੀਤੀ। ਇਹ ਛਾਪੇਮਾਰੀ ਕੁਲਦੀਪ ਸਿੰਘ ਪੁੱਤਰ ਗੁਰਜੰਟ ਸਿੰਘ ਵਾਸੀ ਪਿੰਡ ਮਧੀਰ ਦੇ ਘਰ 'ਤੇ ਕੀਤੀ ਗਈ । ਪੁਲਸ ਨੂੰ ਵੇਖ ਕੇ ਕੁਲਦੀਪ ਫਰਾਰ ਹੋਣ 'ਚ ਸਫਲ ਰਿਹਾ, ਜਦਕਿ ਪੁਲਸ ਪਾਰਟੀ ਨੇ ਸ਼ਰਾਬ ਬਣਾਉਣ ਦੇ ਲਈ ਇਸਤੇਮਾਲ ਹੋਣ ਵਾਲੇ ਸਾਮਾਨ ਸਮੇਤ 150 ਲੀਟਰ ਲਾਹਣ ਨੂੰ ਆਪਣੇ ਕਬਜ਼ੇ 'ਚ ਲੈ ਕੇ ਥਾਣਾ ਕੋਟਭਾਈ ਵਿਖੇ ਲਿਆਂਦਾ। ਥਾਣਾ ਕੋਟਭਾਈ ਦੇ ਐੱਸ. ਐੱਚ. ਓ. ਪਰਮਜੀਤ ਕੁਮਾਰ ਨੇ ਦੱਸਿਆ ਕਿ ਉਕਤ ਸਾਰੇ ਕਥਿਤ ਦੋਸ਼ੀਆਂ ਦੇ ਵਿਰੁੱਧ ਵੱਖ-ਵੱਖ ਧਾਰਾਵਾਂ ਅਧੀਨ ਮਾਮਲੇ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ।


Related News