ਰੋਜ਼ਾਨਾ ਬਿਜਲੀ ਗੁੱਲ ਜਾਂ ਵੱਧ-ਘੱਟ ਆਉਣ ਕਾਰਨ ਖਪਤਕਾਰ ਪ੍ਰੇਸ਼ਾਨ

Tuesday, Jul 11, 2017 - 05:30 AM (IST)

ਰੋਜ਼ਾਨਾ ਬਿਜਲੀ ਗੁੱਲ ਜਾਂ ਵੱਧ-ਘੱਟ ਆਉਣ ਕਾਰਨ ਖਪਤਕਾਰ ਪ੍ਰੇਸ਼ਾਨ

ਤਰਨਤਾਰਨ,   (ਰਮਨ)-  ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਪ੍ਰਾਈਵੇਟ ਲਿਮਟਿਡ ਵੱਲੋਂ ਜਿਥੇ ਪੰਜਾਬ ਵਿਚ ਨਿਰਵਿਘਨ ਬਿਜਲੀ ਸਪਲਾਈ ਦੇਣ ਦੇ ਵਾਅਦੇ ਕੀਤੇ ਜਾ ਰਹੇ ਹਨ, ਉਥੇ ਹੀ ਇਸ ਵਿਭਾਗ ਵੱਲੋਂ ਖਪਤਕਾਰਾਂ ਨੂੰ ਬਿਜਲੀ ਸਬੰਧੀ ਆਉਣ ਵਾਲੀਆਂ ਸ਼ਿਕਾਇਤਾਂ ਨੂੰ ਪੱਕੇ ਤੌਰ 'ਤੇ ਹੱਲ ਨਾ ਕਰਨ ਕਰ ਕੇ ਸਰਕਾਰ ਅਤੇ ਵਿਭਾਗ ਦੇ ਦਾਅਵੇ ਦੀ ਪੋਲ ਖੁੱਲ੍ਹਦੀ ਨਜ਼ਰ ਆ ਰਹੀ ਹੈ।
ਅੱਤ ਦੀ ਪੈ ਰਹੀ ਗਰਮੀ ਵਿਚ ਸਥਾਨਕ ਸ਼ਹਿਰ ਦੇ ਕਈ ਖਪਤਕਾਰ ਵਿਭਾਗ ਦੀ ਮਾੜੀ ਕਾਰਗੁਜ਼ਾਰੀ ਤੋਂ ਤੰਗ ਹੋ ਕੇ ਸਾਰੀ ਰਾਤ ਜਾਗ ਕੇ ਕੱਟਣ ਲਈ ਮਜਬੂਰ ਹੋ ਰਹੇ ਹਨ।
ਸ਼ਹਿਰ ਵਾਸੀਆਂ ਨੇ ਵਿਭਾਗ ਦੇ ਚੀਫ ਇੰਜੀਨੀਅਰ ਪਾਸੋਂ ਬਿਜਲੀ ਦੇ ਪੁਰਾਣੇ ਹੋ ਚੁੱਕੇ ਟਰਾਂਸਫਾਰਮਰਾਂ ਅਤੇ ਤਾਰਾਂ ਨੂੰ ਬਦਲਣ ਦੀ ਮੰਗ ਕਰਦੇ ਹੋਏ ਚੇਅਰਮੈਨ ਨੂੰ ਪੱਤਰ ਭੇਜ ਕੇ ਮਸਲੇ ਨੂੰ ਹੱਲ ਕਰਨ ਦੀ ਬੇਨਤੀ ਕੀਤੀ ਹੈ।
ਜਾਣਕਾਰੀ ਅਨੁਸਾਰ ਮੁਹੱਲਾ ਲਾਲੀ ਸ਼ਾਹ ਦੇ ਨਿਵਾਸੀਆਂ ਪੀ. ਕੁਮਾਰ, ਚਰਨਜੀਤ ਸਿੰਘ, ਸੁਖਮਾਨਜੀਤ ਸਿੰਘ, ਵੇਦ ਪ੍ਰਕਾਸ਼, ਰਾਹੁਲ, ਸੁਨੀਲ ਕੁਮਾਰ, ਗਰੋਵਰ, ਦਵਿੰਦਰ ਕੁਮਾਰ, ਸਿੱਦਕ, ਤਨਵੀਰ ਆਦਿ ਨੇ ਦੱਸਿਆ ਕਿ ਪਿਛਲੇ ਕਰੀਬ ਇਕ ਮਹੀਨੇ ਤੋਂ ਉਹ ਬਿਜਲੀ ਦੇ ਦੇਰ ਰਾਤ ਚਲੇ ਜਾਣਾ ਜਾਂ ਫਿਰ ਘੱਟ-ਵੱਧ ਆਉਣ ਕਾਰਨ ਕਾਫੀ ਪ੍ਰੇਸ਼ਾਨ ਹਨ। ਇਸ ਸਬੰਧੀ ਕਈ ਵਾਰ ਦਰਖਾਸਤ ਨੋਟ ਕਰਵਾਈ ਗਈ ਹੈ ਪਰ ਵਿਭਾਗ ਦੇ ਕਰਮਚਾਰੀ ਆਪਣੀ ਮਰਜ਼ੀ ਨਾਲ ਆ ਕੇ ਕੰਮ ਚਲਾਉ ਹੱਲ ਕਰ ਕੇ ਚਲੇ ਜਾਂਦੇ ਹਨ, ਜਦਕਿ ਇਸ ਦਾ ਕੋਈ ਪੱਕਾ ਹੱਲ ਨਹੀਂ ਕੀਤਾ ਜਾ ਰਿਹਾ।
ਉਨ੍ਹਾਂ ਦੱਸਿਆ ਕਿ ਬੀਤੀ ਰਾਤ ਕਰੀਬ 3 ਵਜੇ ਆਮ ਦੀ ਤਰ੍ਹਾਂ ਫਿਰ ਬਿਜਲੀ ਸਪਲਾਈ ਘੱਟ- ਵੱਧ ਹੋਣ ਲੱਗ ਪਈ, ਜਿਸ ਸਬੰਧੀ ਉਨ੍ਹਾਂ ਵੱਲੋਂ ਆਨ ਲਾਈਨ ਸ਼ਿਕਾਇਤ ਦਰਜ ਕਰਵਾ ਦਿੱਤੀ ਗਈ ਪਰ ਵਿਭਾਗ ਵੱਲੋਂ ਇਸ ਸ਼ਿਕਾਇਤ ਨੂੰ ਬਿਨਾਂ ਠੀਕ ਕੀਤਿਆਂ ਐੱਸ. ਐੱਮ. ਐੱਸ. ਭੇਜ ਦਿੱਤਾ ਗਿਆ ਕਿ ਸ਼ਿਕਾਇਤ ਹੱਲ ਕਰ ਦਿੱਤੀ ਗਈ ਹੈ।
ਇਸ ਸਬੰਧੀ ਜਦੋਂ ਸਬੰਧਿਤ ਕਰਮਚਾਰੀ ਬਲਵੀਰ ਸਿੰਘ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਮੈਨੂੰ ਇਸ ਬਾਰੇ ਨਹੀਂ ਪਤਾ। ਮੁਹੱਲਾ ਵਾਸੀਆਂ ਨੇ ਦੱਸਿਆ ਕਿ ਮੁਹੱਲੇ ਦੇ ਬਾਹਰ ਲੱਗਾ ਮੇਨ ਟਰਾਂਸਫਾਰਮਰ ਕਾਫੀ ਕੰਡਮ ਹੋ ਚੁੱਕਾ ਹੈ ਅਤੇ ਇਸ ਨਾਲ ਲੱਗੀਆਂ ਤਾਰਾਂ ਦੀ ਵੀ ਹਾਲਤ ਕਾਫੀ ਖਸਤਾ ਹੋ ਚੁੱਕੀ ਹੈ, ਜਿਸ ਨੂੰ ਰੋਜ਼ਾਨਾ ਮੁਰੰਮਤ ਕਰ ਕੇ ਕੰਮ ਚਲਾਇਆ ਜਾ ਰਿਹਾ ਹੈ ਪਰ ਬਦਲਿਆ ਨਹੀਂ ਜਾ ਰਿਹਾ। ਉਨ੍ਹਾਂ ਮੰਗ ਕੀਤੀ ਹੈ ਕਿ ਇਸ ਟਰਾਂਸਫਾਰਮਰ ਨਾਲ ਜੁੜੀਆਂ ਕੰਡਮ ਤਾਰਾਂ ਨੂੰ ਬਦਲਿਆ ਜਾਵੇ ਅਤੇ ਇਕ ਹੋਰ ਨਵਾਂ ਟਰਾਂਸਫਾਰਮਰ ਲਾਇਆ ਜਾਵੇ।
ਕੀ ਕਹਿੰਦੇ ਹਨ ਐੱਸ. ਡੀ. ਓ.
ਸਿਟੀ ਸਰਕਲ ਦੇ ਐੱਸ. ਡੀ. ਓ. ਗੁਰਸ਼ਰਣ ਸਿੰਘ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਇਸ ਸਬੰਧੀ ਜਾਣਕਾਰੀ ਨਹੀਂ ਹੈ ਪਰ ਉਹ ਜਲਦ ਹੀ ਇਸ ਸਮੱਸਿਆ ਦਾ ਹੱਲ ਕਰ ਦੇਣਗੇ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਦਫਤਰ ਆ ਕੇ ਲਿਖਤੀ ਦਰਖਾਸਤ ਵੀ ਦਿੱਤੀ ਜਾ ਸਕਦੀ ਹੈ।


Related News