ਕਾਂਗਰਸੀ ਟਕਸਾਲੀਆਂ ਨੇ ਧਰਮਸੌਤ ਖਿਲਾਫ ਖੋਲਿਆ ਮੋਰਚਾ (ਵੀਡੀਓ)

Monday, May 06, 2019 - 02:04 PM (IST)

ਨਾਭਾ (ਭੁਪਿੰਦਰ ਭੂਪਾ, ਪੁਰੀ)—ਆਪਣੀ ਹੀ ਪਾਰਟੀ ਦੇ ਕਾਰਜਕਾਲ 'ਚ ਰਿਜ਼ਰਵ ਹਲਕਾ ਨਾਭਾ 'ਚ ਆਪਣੇ ਹੀ ਮਾਣ-ਸਨਮਾਨ ਲਈ ਲਗਾਤਾਰ ਜੂਝ ਰਹੇ ਟਕਸਾਲੀ ਕਾਂਗਰਸੀਆਂ ਨੇ ਅੱਜ ਪਿੰਡ ਦੁਲੱਦੀ ਵਿਖੇ ਹਲਕਾ ਵਿਧਾਇਕ ਤੇ ਕੈਬਨਿਟ ਮੰਤਰੀ ਖਿਲਾਫ ਜ਼ੋਰਦਾਰ ਨਾਅਰੇਬਾਜ਼ੀ ਕੀਤੀ। ਇਸ ਦੌਰਾਨ ਉਨ੍ਹਾਂ ਕੈਬਨਿਟ ਮੰਤਰੀ ਦਾ ਪੂਰਨ ਤੌਰ 'ਤੇ ਬਾਈਕਾਟ ਕਰਨ ਦਾ ਐਲਾਨ ਕੀਤਾ ਹੈ।

ਜ਼ਿਕਰਯੋਗ ਹੈ ਕਿ ਵੱਡੀ ਗਿਣਤੀ ਵਿਚ ਟਕਸਾਲੀ ਕਾਂਗਰਸੀ ਲਗਾਤਾਰ ਮੰਤਰੀ ਦੇ ਰਵੱਈਏ ਤੇ ਪਾਰਟੀ 'ਚ ਮਾਣ-ਸਨਮਾਨ ਨਾ ਮਿਲਣ ਕਾਰਨ ਕਾਫੀ ਸਮੇਂ ਤੋਂ ਨਾਰਾਜ਼ ਹਨ। ਕਾਂਗਰਸ ਵਪਾਰ ਮੰਡਲ ਨਾਭਾ ਤੇ ਫਾਇਨਾਂਸ ਐਸੋਸੀਏਸ਼ਨ ਦੇ ਚੇਅਰਮੈਨ ਮੇਜਰ ਸਿੰਘ ਬਨੇਰਾ ਨੇ ਦੱਸਿਆ ਕਿ ਉਨ੍ਹਾਂ ਤੇ ਵਰਕਰਾਂ ਵੱਲੋਂ ਪਾਰਟੀ ਨੂੰ ਮਜ਼ਬੂਤ ਅਤੇ ਜੇਤੂ ਕਰਵਾਉਣ ਲਈ ਕਾਫੀ ਕੁਰਬਾਨੀਆਂ ਦਿੱਤੀਆਂ ਹਨ। ਲਗਭਗ ਇਕ ਦਹਾਕਾ ਵਿਰੋਧੀ ਗਠਜੋੜ ਸਰਕਾਰ ਦੇ ਕਾਰਜਕਾਲ ਦੌਰਾਨ ਹੋਈਆਂ ਵਧੀਕੀਆਂ ਨੂੰ ਸਹਿਣ ਕੀਤਾ ਹੈ। ਦੂਜੇ ਪਾਸੇ ਪਾਰਟੀ ਅੰਦਰ ਜੁਝਾਰੂ ਤੇ ਕੁਰਬਾਨੀਆਂ ਦੇਣ ਵਾਲੇ ਆਗੂਆਂ ਦੀ ਹਲਕਾ ਵਿਧਾਇਕ ਤੇ ਕੈਬਨਿਟ ਮੰਤਰੀ ਵੱਲੋਂ ਲਗਾਤਾਰ ਅਣਦੇਖੀ ਕੀਤੀ ਜਾ ਰਹੀ ਹੈ।

ਮੰਤਰੀ ਵੱਲੋਂ ਦੂਜੀਆਂ ਵਿਰੋਧੀ ਪਾਰਟੀਆਂ ਦੇ ਕਾਂਗਰਸ 'ਚ ਸ਼ਾਮਲ ਹੋਏ ਆਗੂਆਂ ਨੂੰ ਸਨਮਾਨਤ ਕਰ ਕੇ ਉਨ੍ਹਾਂ ਦੀ ਸ਼ਲਾਘਾ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਹਮੇਸ਼ਾ ਹੀ ਕੈਬਨਿਟ ਮੰਤਰੀ ਦੇ ਕੁੱਝ ਕੁ ਚੋਣਵੇਂ ਚਾਪਲੂਸ ਅਜਿਹੇ ਕਾਂਗਰਸੀਆਂ ਨਾਲ ਘਿਰੇ ਹੋਣ ਕਾਰਨ ਪਾਰਟੀ ਦੇ ਹਲਕੇ 'ਚ ਲਗਾਤਾਰ ਡਿੱਗ ਰਹੇ ਗਰਾਫ ਕਾਰਨ ਟਕਸਾਲੀ ਖੁਦ ਨੂੰ ਠੱਗਿਆ ਜਿਹਾ ਮਹਿਸੂਸ ਕਰ ਰਹੇ ਹਨ। ਧਿਆਨਯੋਗ ਹੈ ਕਿ ਟਕਸਾਲੀ ਕਾਂਗਰਸੀਆਂ ਦੇ ਇਸ ਗਰੁੱਪ ਨੇ ਪਿਛਲੇ ਲੰਮੇ ਸਮੇਂ ਤੋਂ ਪਾਰਟੀ ਦੇ ਕਈ ਸਮਾਰੋਹਾਂ ਤੋਂ ਦੂਰੀ ਬਣਾਈ ਹੋਈ ਹੈ ਜੋ ਕਿ ਲੋਕ ਸਭਾ ਚੋਣ ਲੜ ਰਹੀ ਮਹਾਰਾਣੀ ਪ੍ਰਨੀਤ ਕੌਰ ਲਈ ਚੰਗਾ ਸੰਕੇਤ ਨਹੀਂ ਹੈ।ਉਨ੍ਹਾਂ ਭਰੇ ਮਨ ਨਾਲ ਕਿਹਾ ਕਿ ਮੌਜੂਦਾ ਸਥਿਤੀ ਸਬੰਧੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਲੋਕ ਸਭਾ ਉਮੀਦਵਾਰ ਪ੍ਰਨੀਤ ਕੌਰ ਭਲੀ-ਭਾਂਤ ਜਾਣੂ ਹਨ ਪਰ ਮੁੱਖ ਮੰਤਰੀ ਦੇ ਆਪਣੇ ਹੀ ਜ਼ਿਲੇ 'ਚ ਟਕਸਾਲੀਆਂ ਦੀ ਦੁੱਖ ਭਰੀ

ਪੁਕਾਰ ਸੁਣਨ ਲਈ ਕੋਈ ਵੀ ਆਗੂ ਅੱਗੇ ਨਹੀਂ ਆਇਆ। ਹੋਰ ਤਾਂ ਹੋਰ ਮੌਜੂਦਾ ਚੱਲ ਰਹੀ ਚੋਣ ਪ੍ਰਚਾਰ ਮੁਹਿੰਮ 'ਚ ਵੀ ਟਕਸਾਲੀਆਂ ਨੂੰ ਅੱਖੋ ਪਰੋਖੇ ਕੀਤਾ ਜਾ ਰਿਹਾ ਹੈ। ਇਸ ਕਾਰਨ ਅੱਜ ਹੋਈ ਟਕਸਾਲੀ ਕਾਂਗਰਸੀਆਂ ਦੀ ਇਕੱਤਰਤਾ 'ਚ ਭਵਿੱਖ ਦੀ ਰਣਨੀਤੀ ਸਬੰਧੀ ਆਉਣ ਵਾਲੀ 11 ਤਾਰੀਖ ਨੂੰ ਇਕ ਨਿੱਜੀ ਪੈਲੇਸ ਵਿਖੇ ਫੈਸਲਾ ਲਿਆ ਜਾਵੇਗਾ। ਅਗਲੇਰੀ ਕਾਰਵਾਈ ਨੂੰ ਅਮਲ 'ਚ ਲਿਆਂਦਾ ਜਾਵੇਗਾ।

ਇਸ ਮੌਕੇ ਸਾ. ਸਰਪੰਚ ਗੁਰਚਰਨ ਸਿੰਘ ਦੁਲੱਦੀ ਸਾ. ਚੇਅਰਮੈਨ ਹਰਦੇਵ ਸਿੰਘ ਸਾਧੋਹੇੜੀ, ਸਾ. ਜ਼ਿਲਾ ਪ੍ਰੀਸ਼ਦ ਮੈਂਬਰ ਲਾਭ ਸਿੰਘ ਬਿਰਧਨੋ, ਜਨਰਲ ਸੈਕਟਰੀ ਸ਼ਕਤੀ ਕੁਮਾਰ ਭਾਦਸੋਂ, ਸਾ. ਚੇਅਰਮੈਨ ਡਾ. ਡੱਲਾ, ਸੂਬਾ ਜਨਰਲ ਸੈਕਟਰੀ ਜਮੀਲ ਖਾਂ, ਸਨੀ ਢੀਂਗੀ, ਕਾਂਗਰਸੀ ਅਹੁਦੇਦਾਰ, ਪੰਚ, ਸਰਪੰਚ ਸਮੇਤ ਵੱਡੀ ਗਿਣਤੀ 'ਚ ਟਕਸਾਲੀ ਕਾਂਗਰਸੀ ਹਾਜ਼ਰ ਸਨ।


author

Shyna

Content Editor

Related News