ਕਾਂਗਰਸ ਪਾਰਟੀ ਵਲੋਂ ਨਗਰ ਕੌਂਸਲ ਦੀਆਂ ਦੋ ਸੀਟਾਂ ਲਈ ਉਮੀਦਵਾਰਾਂ ਦੇ ਕਾਗਜ਼ ਦਾਖ਼ਲ
Tuesday, Feb 13, 2018 - 02:10 PM (IST)

ਜ਼ੀਰਾ (ਅਕਾਲੀਆ ਵਾਲਾ) : - ਜ਼ੀਰਾ ਨਗਰ ਕੌਸਲ ਦੇ ਵਾਰਡ ਨੰ. 15 ਅਤੇ ਵਾਰਡ ਨੰਬਰ 9 ਦੀਆਂ ਖ਼ਾਲੀ ਪਾਈਆਂ ਦੋ ਸੀਟਾਂ ਲਈ ਕਰਵਾਇਆਂ ਜਾ ਰਹੀਆਂ ਚੋਣਾਂ ਤਹਿਤ ਕਾਂਗਰਸ ਪਾਰਟੀ ਵਲੋਂ ਆਪਣੇ ਦੋ ਉਮੀਦਵਾਰਾਂ ਦੇ ਨਾਮਜ਼ਦਗੀ ਪੱਤਰ ਕਾਂਗਰਸ ਪਾਰਟੀ ਦੇ ਮੁੱਖ ਬੁਲਾਰਾ ਸਾਬਕਾ ਮੰਤਰੀ ਇੰਦਰਜੀਤ ਸਿੰਘ ਜ਼ੀਰਾ ਦੀ ਰਹਿਨੁਮਾਈ ਹੇਠ ਜ਼ੀਰਾ ਦੇ ਐੱਸ.ਡੀ.ਐੱਮ ਕਮ ਰੀਟਰਨਿੰਗ ਅਫ਼ਸਰ ਅਮਿਤ ਗੁਪਤਾ ਨੂੰ ਸੌਂਪੇ ਗਏ। ਇਸ ਮੌਕੇ ਸਾਬਕਾ ਮੰਤਰੀ ਇੰਦਰਜੀਤ ਸਿੰਘ ਜ਼ੀਰਾ ਨੇ ਕਿਹਾ ਕਿ ਕਾਂਗਰਸ ਪਾਰਟੀ ਇਨਸਾਫ਼ ਪਸੰਦ ਲੋਕਾਂ ਦੀ ਜਮਾਤ ਹੈ ਅਤੇ ਲੋਕਾਂ ਵਲੋ ਦਿੱਤੇ ਫਤਵੇਂ ਤੇ ਪੰਜਾਬ 'ਚ ਵਿਕਾਸ ਦੇ ਕੰਮ ਕਰਵਾਏ ਜਾ ਰਹ ਹਨ। ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਵਲੋਂ ਵਾਰਡ ਨੰਬਰ 15 ਦੇ ਉਮੀਦਵਾਰ ਹਰੀਸ਼ ਤਾਂਗੜਾ ਅਤੇ ਵਾਰਡ ਨੰਬਰ 9 ਦੇ ਉਮੀਦਵਾਰ ਦਰਸ਼ਨ ਸਿੰਘ ਭਾਰੀ ਵੋਟਾਂ ਦੇ ਫਰਕ ਨਾਲ ਚੋਣਾਂ ਜਿੱਤਣਗੇ ਅਤੇ ਵਿਰੋਧੀ ਧਿਰ ਕਿਧਰੇ ਨਜ਼ਰ ਨਹੀ ਆਉਣਗੇ। ਉਨ੍ਹਾਂ ਕਿਹਾ ਕਿ ਸ਼ਹਿਰ ਦੇ ਸਰਬਪੱਖ਼ੀ ਵਿਕਾਸ ਲਈ ਵੋਟਰ ਕਾਂਗਰਸ ਪਾਰਟੀ ਦੇ ਉਮੀਦਵਾਰਾਂ ਨੂੰ ਹੀ ਆਪਣਾ ਵੋਟ ਦੇਣਗੇ।
ਇਸ ਮੌਕੇ ਉਨ੍ਹਾਂ ਨਾਲ ਕਾਂਗਰਸ ਪਾਰਟੀ ਦੇ ਸੀਨੀਅਰ ਆਗੂ ਪ੍ਰਧਾਨ ਟਰੱਕ ਯੂਨੀਅਨ ਹਰੀਸ਼ ਜੈਨ ਗੋਗਾ, ਪ੍ਰਧਾਨ ਜਸਬੀਰ ਸਿੰਘ ਬੰਬ, ਅਜੀਤ, ਗੋਰਾ ਗਿੱਲ ਆਦਿ ਹਾਜ਼ਰ ਸਨ। ਜ਼ਿਕਰਯੋਗ ਹੈ ਕਿ ਨਗਰ ਕੌਸਲ ਦੇ ਵਾਰਡ ਨੰ. 15 ਦੇ ਕੌਸਲਰ ਗੁਲਸ਼ਨ ਸ਼ਰਮਾ ਦੀ ਸੜਕ ਹਾਦਸੇ 'ਚ ਮੌਤ ਹੋਣ ਕਰਕੇ ਅਤੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਗੁਰਪ੍ਰੀਤ ਸਿੰਘ ਗੋਰਾ ਦੀਆਂ ਗੈਰ ਹਾਜ਼ਰੀਆਂ ਕਰਕੇ ਉਨ੍ਹਾਂ ਦੀ ਸੀਟ ਰੱਦ ਕੀਤੀ ਗਈ ਸੀ, ਜਿਸ 'ਤੇ ਸਰਕਾਰ ਹਦਾਇਤ ਅਨੁਸਾਰ ਚੋਣਾਂ ਕਰਵਾਈਆਂ ਜਾ ਰਹੀਆਂ ਹਨ ਅਤੇ ਚੋਣਾਂ ਨੂੰ ਲੈ ਕੇ ਪ੍ਰਸ਼ਾਸਨ ਵਲੋਂ ਪ੍ਰਬੰਧ ਮੁਕੰਮਲ ਤੌਰ 'ਤੇ ਕਰ ਲਏ ਗਏ ਹਨ।