4 ਸਾਲ ਦੇ ਬਾਵਜੂਦ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਦੀਆਂ 70 ਫੀਸਦੀ ਤੋਂ ਵੱਧ ਸੀਟਾਂ ''ਤੇ ''ਆਪ'' ਕਾਬਜ਼: ਅਰਵਿੰਦ ਕੇਜਰੀਵਾਲ
Thursday, Jan 08, 2026 - 03:12 PM (IST)
ਲੁਧਿਆਣਾ (ਵੈੱਬ ਡੈਸਕ): ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਪੰਜਾਬ 'ਚ ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਦੇ ਨਵੇਂ ਚੁਣੇ ਮੈਂਬਰਾਂ ਨੂੰ ਸੰਬੋਧਨ ਕੀਤਾ ਅਤੇ ਚੋਣਾਂ ਵਿੱਚ 70 ਫੀਸਦੀ ਤੋਂ ਵੱਧ ਸੀਟਾਂ 'ਤੇ ਪਾਰਟੀ ਦੀ ਜਿੱਤ ਲਈ ਵਧਾਈ ਦਿੱਤੀ। ਉਨ੍ਹਾਂ ਕਿਹਾ ਕਿ ਪਹਿਲਾਂ ਜਦੋਂ ਵੀ ਪੰਚਾਇਤੀ ਚੋਣਾਂ ਹੁੰਦੀਆਂ ਸਨ ਤਾਂ ਸੱਤਾਧਾਰੀ ਪਾਰਟੀ ਬੂਥ ਕੈਪਚਰਿੰਗ ਅਤੇ ਧੱਕੇਸ਼ਾਹੀ ਕਰਕੇ ਜਿੱਤਦੀ ਸੀ ਪਰ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ 4 ਸਾਲ ਹੋਏ ਹਨ ਤਾਂ ਚਾਰ ਸਾਲ ਬਾਅਦ ਚੋਣਾਂ ਹੋਈਆਂ ਹਨ ਤਾਂ ਬਿਲਕੁਲ ਵੀ ਧੱਕੇਸ਼ਾਹੀ ਨਹੀਂ ਕੀਤੀ ਗਈ।
ਕੇਜਰੀਵਾਲ ਨੇ ਕਿਹਾ 600 ਤੋਂ ਵੱਧ ਸੀਟਾਂ ਅਜਿਹੀਆਂ ਸਨ ਜਿੱਥੇ ਉਮੀਦਵਾਰ 100 ਤੋਂ ਘੱਟ ਵੋਟਾਂ ਦੇ ਫਰਕ ਨਾਲ ਜਿੱਤਿਆ, ਅਤੇ ਇਨ੍ਹਾਂ ਵਿੱਚੋਂ 350 ਤੋਂ ਵੱਧ ਸੀਟਾਂ ਵਿਰੋਧੀ ਧਿਰ ਨੇ ਜਿੱਤੀਆਂ। ਉਨ੍ਹਾਂ ਕਿਹਾ ਕਿ ਕਈ ਸੀਟਾਂ ਤਾਂ ਅਜਿਹੀਆਂ ਵੀ ਸਨ ਜਿੱਥੇ ਕਾਂਗਰਸ ਜਾਂ ਅਕਾਲੀ ਦਲ ਦਾ ਉਮੀਦਵਾਰ ਸਿਰਫ਼ ਇੱਕ ਵੋਟ ਨਾਲ ਜਿੱਤਿਆ, ਜੋ ਕਿ ਸਾਬਤ ਕਰਦਾ ਹੈ ਕਿ ਸਰਕਾਰ ਨੇ ਕੋਈ ਧੱਕੇਸ਼ਾਹੀ ਨਹੀਂ ਕੀਤੀ। ਉਨ੍ਹਾਂ ਦੁਹਰਾਇਆ ਕਿ ਆਮ ਆਦਮੀ ਪਾਰਟੀ ਭ੍ਰਿਸ਼ਟਾਚਾਰ ਜਾਂ ਗੁੰਡਾਗਰਦੀ ਲਈ ਨਹੀਂ, ਸਗੋਂ ਸਿਆਸਤ ਨੂੰ ਸਾਫ਼-ਸੁਥਰਾ ਕਰਨ ਲਈ ਬਣੀ ਹੈ।
ਪੰਜਾਬ 'ਚ ਹੋਏ ਵੱਡੇ ਕੰਮਾਂ ਦਾ ਜ਼ਿਕਰ
ਭਾਸ਼ਣ ਦੌਰਾਨ ਆਪ ਸੁਪਰੀਮੋ ਅਰਵਿੰਦ ਕੇਜਰੀਵਾਲ ਨੇ ਪੰਜਾਬ ਸਰਕਾਰ ਦੇ ਮੁੱਖ ਕਾਰਜਾਂ ਦਾ ਜ਼ਿਕਰ ਕਰਦਿਆਂ ਹੇਠ ਲਿਖੇ ਕੰਮ ਗਿਣਵਾਏ:
1. ਬਿਜਲੀ ਅਤੇ ਵਿੱਤ ਪ੍ਰਬੰਧਨ: ਉਨ੍ਹਾਂ ਦੱਸਿਆ ਕਿ ਜਦੋਂ 'ਆਪ' ਨੇ ਪੰਜਾਬ ਸੰਭਾਲਿਆ ਤਾਂ ਸੂਬਾ ਕਰਜ਼ੇ ਵਿੱਚ ਡੁੱਬਿਆ ਹੋਇਆ ਸੀ ਅਤੇ ਸਾਰਾ ਪੈਸਾ ਲੁੱਟਿਆ ਜਾ ਚੁੱਕਾ ਸੀ। ਹੁਣ ਸਰਕਾਰ ਇਮਾਨਦਾਰੀ ਨਾਲ ਚੱਲ ਰਹੀ ਹੈ, ਤਨਖਾਹਾਂ ਸਮੇਂ ਸਿਰ ਮਿਲ ਰਹੀਆਂ ਹਨ, ਅਤੇ ਲੋਕਾਂ ਦੇ ਬਿਜਲੀ ਦੇ ਬਿੱਲ ਜ਼ੀਰੋ ਆ ਰਹੇ ਹਨ। ਪੁਰਾਣੇ ਬਿੱਲ ਵੀ ਮਾਫ਼ ਕਰ ਦਿੱਤੇ ਗਏ ਹਨ।
2. ਨਸ਼ਿਆਂ ਵਿਰੁੱਧ ਜੰਗ: ਉਨ੍ਹਾਂ ਕਿਹਾ ਕਿ ਨਸ਼ਿਆਂ ਦਾ ਕਾਰੋਬਾਰ ਕਰਨ ਵਾਲੇ ਜ਼ਿਆਦਾਤਰ ਲੋਕ ਵਿਰੋਧੀ ਪਾਰਟੀਆਂ ਦੇ ਰਿਸ਼ਤੇਦਾਰ (ਚਾਚੇ, ਤਾਏ, ਭਾਈ) ਹਨ। 'ਆਪ' ਸਰਕਾਰ ਨੇ ਹਿੰਮਤ ਕਰਕੇ ਵੱਡੇ-ਵੱਡੇ ਨਸ਼ਾ ਤਸਕਰਾਂ ਨੂੰ ਜੇਲ੍ਹ ਭੇਜਿਆ ਹੈ। ਹੁਣ ਤੱਕ 28,000 ਤੋਂ ਵੱਧ ਕੇਸ ਦਰਜ ਹੋਏ ਹਨ ਅਤੇ 400 ਤੋਂ ਵੱਧ ਨਸ਼ਾ ਤਸਕਰ ਜੇਲ੍ਹ ਵਿੱਚ ਹਨ।
3. ਨੌਕਰੀਆਂ ਅਤੇ ਰੁਜ਼ਗਾਰ: ਮੁੱਖ ਮੰਤਰੀ ਭਗਵੰਤ ਮਾਨ ਨੇ 60,000 ਨੌਕਰੀਆਂ ਦਿੱਤੀਆਂ ਹਨ, ਜੋ ਕਿ ਬਿਨਾਂ ਰਿਸ਼ਵਤ ਜਾਂ ਸਿਫਾਰਿਸ਼ ਦੇ ਮੈਰਿਟ 'ਤੇ ਦਿੱਤੀਆਂ ਗਈਆਂ ਹਨ। ਪਹਿਲੀ ਵਾਰ ਗਰੀਬਾਂ ਅਤੇ ਕਿਸਾਨਾਂ ਦੇ ਬੱਚਿਆਂ ਨੂੰ ਇਮਾਨਦਾਰੀ ਨਾਲ ਸਰਕਾਰੀ ਨੌਕਰੀਆਂ ਮਿਲ ਰਹੀਆਂ ਹਨ।
4. ਬੁਨਿਆਦੀ ਢਾਂਚਾ: ਪੰਜਾਬ ਵਿੱਚ ਇਸ ਸਮੇਂ 42,000 ਕਿਲੋਮੀਟਰ ਸੜਕਾਂ ਬਣ ਰਹੀਆਂ ਹਨ, ਜੋ ਕਿ ਛੇ ਮਹੀਨਿਆਂ ਵਿੱਚ ਪੂਰੀਆਂ ਹੋ ਜਾਣਗੀਆਂ। ਇਸ ਤੋਂ ਇਲਾਵਾ, ਪਾਰਟੀ ਨੇ 'ਝੂਠੇ ਪਰਚਿਆਂ' ਅਤੇ ਗੁੰਡਾਗਰਦੀ ਦਾ ਸਭਿਆਚਾਰ ਖਤਮ ਕਰ ਦਿੱਤਾ ਹੈ।
ਕੇਜਰੀਵਾਲ ਨੇ ਨਵੇਂ ਚੁਣੇ ਮੈਂਬਰਾਂ ਨੂੰ ਹੰਕਾਰ ਤੋਂ ਬਚਣ ਦੀ ਸਲਾਹ ਦਿੱਤੀ। ਉਨ੍ਹਾਂ ਕਿਹਾ ਕਿ ਜਨਤਾ ਦੀ ਸੇਵਾ ਇੱਕ ਭਰਾ ਜਾਂ ਬੇਟਾ ਬਣ ਕੇ ਕਰਨੀ ਚਾਹੀਦੀ ਹੈ। ਉਨ੍ਹਾਂ ਦੱਸਿਆ ਕਿ ਮੌਜੂਦਾ ਜਿੱਤ ਵਿੱਚ ਪਾਰਟੀ ਦਾ ਵੋਟ ਸ਼ੇਅਰ 38 ਫੀਸਦੀ ਆਇਆ ਹੈ, ਅਤੇ ਹੁਣ ਅਗਲੇ ਸਾਲ ਦੀਆਂ ਚੋਣਾਂ ਵਿੱਚ ਇਸ ਨੂੰ ਵਧਾ ਕੇ 45 ਫੀਸਦੀ ਤੱਕ ਲਿਜਾਣ ਦੀ ਜ਼ਿੰਮੇਵਾਰੀ ਉਨ੍ਹਾਂ ਦੀ ਹੈ। ਉਨ੍ਹਾਂ ਜ਼ੋਰ ਦਿੱਤਾ ਕਿ 'ਆਪ' ਆਮ ਲੋਕਾਂ ਨੂੰ ਟਿਕਟ ਦਿੰਦੀ ਹੈ ਅਤੇ ਚੰਗਾ ਕੰਮ ਕਰਨ ਵਾਲਾ ਵਰਕਰ ਵਿਧਾਇਕ, ਮੰਤਰੀ ਜਾਂ ਭਵਿੱਖ ਵਿੱਚ ਮੁੱਖ ਮੰਤਰੀ ਵੀ ਬਣ ਸਕਦਾ ਹੈ।
