ਹਲਕਾ ਮੌੜ ਕਾਂਗਰਸੀਆਂ ਨੇ ਜੇ. ਈ. ਰਿਸ਼ਵਤ ਮਾਮਲੇ ''ਚ ਕੈਪਟਨ ਸਾਹਮਣੇ ਕੀਤੀ ਫਰਿਆਦ
Saturday, Sep 09, 2017 - 02:13 PM (IST)
ਬਲਿਆਂਵਾਲੀ (ਸ਼ੇਖਰ) — ਮੌੜ ਹਲਕੇ ਦੇ ਕਈ ਕਾਂਗਰਸੀ ਆਗੂਆਂ ਨੇ ਪਾਵਰਕਾਮ ਦੀ ਰਾਮਪੁਰਾ ਸਬ ਡਿਵੀਜ਼ਨ (ਸ਼ਹਿਰੀ) ਦੇ ਇਕ ਜੇ. ਈ. ਵਲੋਂ ਰਿਸ਼ਵਤ ਲੈਣ ਦੇ ਮਾਮਲੇ 'ਚ ਜਾਂਚ ਕਰਨ ਵਾਲੇ ਅਧਿਕਾਰੀਆਂ ਦੇ ਖਿਲਾਫ ਜਾਂਚ ਸਹੀ ਢੰਗ ਨਾਲ ਨਾ ਕਰਨ ਦਾ ਦੋਸ਼ ਲਗਾਏ ਗਏ ਹਨ ਤੇ ਇਸ ਮਾਮਲੇ 'ਚ ਦਖਲ ਦੇਣ ਲਈ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੋਂ ਫਰਿਆਦ ਕੀਤੀ ਹੈ।
ਬਾਲਿਆਂਵਾਲੀ 'ਚ ਕੀਤੀ ਗਈ ਪ੍ਰੈੱਸ-ਕਾਨਫਰੰਸ ਦੌਰਾਨ ਇਹ ਜਾਣਕਾਰੀ ਦਿੰਦੇ ਕਾਂਗਰਸੀ ਆਗੂ ਨਰਿੰਦਰਪਾਲ ਮੰਡੀ ਕਲਾਂ ਨੇ ਕਿਹਾ ਕਿ ਬੀਤੇ ਦਿਨ ਪਾਵਰਕਾਮ ਦੇ ਦਫਤਰ ਸਬ ਡਿਵੀਜ਼ਨ ਰਾਮਪੁਰਾ (ਸ਼ਹਿਰੀ) ਦੇ ਇਕ ਜੂਨੀਅਰ ਇੰਜੀਨੀਅਰ ਵਲੋਂ ਰਿਸ਼ਵਤ ਲੈਣ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਵਾਈਰਲ ਹੋਈ ਸੀ। ਜਿਸ ਤੋਂ ਬਾਅਦ ਇਹ ਮਾਮਲਾ ਬਿਜਲੀ ਮੰਤਰੀ ਰਾਣਾ ਗੁਰਜੀਤ ਸਿੰਘ ਸੋਢੀ ਦੇ ਧਿਆਨ 'ਚ ਲਿਆਂਦਾ ਗਿਆ। ਜਿਨ੍ਹਾਂ ਨੇ ਇਸ ਸੰਬੰਧੀ ਕਾਰਵਾਈ ਕਰਦੇ ਹੋਏ ਉਕਤ ਜੇ. ਈ. ਸੁਰਿੰਦਰ ਸਿੰਘ ਨੂੰ ਮੁਅੱਤਲ ਕਰਨ ਦੇ ਹੁਕਮ ਦਿੱਤੇ ਸਨ। ਇਸ ਤੋਂ ਬਾਅਦ ਇੰਨਫੋਰਸਮੈਂਟ ਡਾਇਰੈਕਟਰ ਵਲੋਂ ਵਿਭਾਗੀ ਜਾਂਚ ਸ਼ੁਰੂ ਕੀਤੀ ਗਈ ਸੀ।
ਉਨ੍ਹਾਂ ਨੇ ਕਿਹਾ ਕਿ ਇਸ ਮਾਮਲੇ 'ਚ ਅਧਿਕਾਰੀਆਂ ਵਲੋਂ ਕੁਝ ਵਿਅਕਤੀਆਂ ਦੇ ਬਿਆਨ ਲਏ ਗਏ ਹਨ ਪਰ ਇੰਨਾ ਸਮਾਂ ਲੰਘਣ ਦੇ ਬਾਅਦ ਵੀ ਅਜੇ ਤਕ ਮੇਰੇ ਬਿਆਨ ਨਹੀਂ ਲਏ ਗਏ ਜਦ ਕਿ ਰਿਸ਼ਵਤ ਮਾਮਲੇ ਦੇ ਚਸ਼ਮਦੀਦ ਗਵਾਹ ਹਨ ਤੇ ਇਕ ਵਾਰ ਜਾਂਚ ਅਧਿਕਾਰੀਆਂ ਦੇ ਕੋਲ ਬਿਆਨ ਦਰਜ ਕਰਵਾਉਣ ਲਈ ਪੇਸ਼ ਵੀ ਹੋਏ ਸਨ ਪਰ ਉਸ ਦੇ ਬਿਆਨ ਨਹੀਂ ਲਏ ਗਏ। ਇਸ ਮੌਕੇ ਮੌਜੂਦ ਕਾਂਗਰਸੀ ਆਗੂਆਂ ਸ਼ਮਿੰਦਰ ਸਿੰਘ ਗੋਰਾ, ਲਖਵਿੰਦਰ ਰਾਜਾ, ਸ਼ਗਨ ਦੀਪ ਬੂਸਰ ਆਦਿ ਨੇ ਮੰਗ ਕੀਤੀ ਹੈ ਕਿ ਮੁੱਖ ਮੰਤਰੀ ਇਸ ਭ੍ਰਿਸ਼ਟਾਚਾਰ ਦੇ ਮਾਮਲੇ 'ਚ ਦਖਲ ਦੇਣ ਤੇ ਨਿਰਪੱਖ ਜਾਂਚ ਕਰਵਾਉਣ। ਇਸ ਮਾਮਲੇ ਸੰਬੰਧੀ ਜਦ ਚੇਅਰਮੈਨ ਏ. ਵੇਨੂੰ ਪ੍ਰਸਾਦ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਨੇ ਕਿਹਾ ਕਿ ਮਾਮਲਾ ਉਨ੍ਹਾਂ ਦੇ ਧਿਆਨ 'ਚ ਹੈ ਤੇ ਉਨ੍ਹਾਂ ਨੂੰ ਵਿਸ਼ਵਾਸ ਦਿਵਾਇਆ ਕਿ ਜਾਂਚ ਪੂਰੇ ਸਹੀ ਢੰਗ ਨਾਲ ਕੀਤੀ ਜਾਵੇਗੀ।
