ਮੌੜ ਕਲਾਂ ''ਚ ਸ੍ਰੀ ਗੁਰੂ ਰਵਿਦਾਸ ਜੀ ਦੀ ਮੂਰਤੀ ਨਾਲ ਬੇਅਦਬੀ, ਪੁਲਸ ਨੇ ਦੋਸ਼ੀ ਨੂੰ ਕੀਤਾ ਗ੍ਰਿਫ਼ਤਾਰ
Tuesday, Jan 13, 2026 - 04:20 PM (IST)
ਮੌੜ/ਬਠਿੰਡਾ (ਵਿਜੈ ਵਰਮਾ, ਪਰਵੀਨ) : ਜ਼ਿਲ੍ਹੇ ਦੇ ਪਿੰਡ ਮੌੜ ਕਲਾਂ ਵਿਖੇ ਸ੍ਰੀ ਗੁਰੂ ਰਵਿਦਾਸ ਮੰਦਿਰ ਵਿਖੇ ਸ੍ਰੀ ਗੁਰੂ ਰਵਿਦਾਸ ਜੀ ਦੀ ਮੂਰਤੀ ਨਾਲ ਛੇੜਛਾੜ ਅਤੇ ਬੇਅਦਬੀ ਦੀ ਘਟਨਾ ਸਾਹਮਣੇ ਆਉਣ ’ਤੇ ਪੁਲਸ ਥਾਣਾ ਮੌੜ ਨੇ ਤੁਰੰਤ ਕਾਰਵਾਈ ਕਰਦਿਆਂ ਦੋਸ਼ੀ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ। ਪੁਲਸ ਵੱਲੋਂ ਮਿਲੀ ਜਾਣਕਾਰੀ ਅਨੁਸਾਰ ਇਹ ਮਾਮਲਾ ਗੁਰਦੀਪ ਸਿੰਘ ਵੱਲੋਂ ਦਰਜ ਕਰਵਾਈ ਸ਼ਿਕਾਇਤ ਦੇ ਆਧਾਰ ’ਤੇ ਦਰਜ ਕੀਤਾ ਗਿਆ ਹੈ। ਸ਼ਿਕਾਇਤ 'ਚ ਦੱਸਿਆ ਗਿਆ ਕਿ ਦੋਸ਼ੀ ਗੋਬਿੰਦ ਸਿੰਘ ਨੇ ਸ੍ਰੀ ਗੁਰੂ ਰਵਿਦਾਸ ਜੀ ਦੀ ਮੂਰਤੀ ਵਾਲੇ ਸਥਾਨ ’ਤੇ ਲੱਗੀ ਗੋਲਕ ਦਾ ਤਾਲਾ ਤੋੜ ਕੇ ਪੈਸੇ ਚੋਰੀ ਕਰ ਲਏ ਅਤੇ ਇਸ ਦੌਰਾਨ ਮੂਰਤੀ ਦੀ ਬੇਅਦਬੀ ਵੀ ਕੀਤੀ।
ਇਸ ਨਾਲ ਸ੍ਰੀ ਗੁਰੂ ਰਵਿਦਾਸ ਜੀ ਦੇ ਸ਼ਰਧਾਲੂਆਂ 'ਚ ਰੋਸ ਪਾਇਆ ਗਿਆ ਅਤੇ ਉਨ੍ਹਾਂ ਦੇ ਮਨਾਂ ਨੂੰ ਠੇਸ ਪਹੁੰਚੀ। ਪੁਲਸ ਨੇ ਮਾਮਲੇ ਦੀ ਗੰਭੀਰਤਾ ਨੂੰ ਦੇਖਦਿਆਂ ਦੋਸ਼ੀ ਗੋਬਿੰਦ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਥਾਣਾ ਮੌੜ ਦੇ ਅਧਿਕਾਰੀਆਂ ਮੁਤਾਬਕ ਦੋਸ਼ੀ ਖ਼ਿਲਾਫ਼ ਕਾਨੂੰਨ ਅਨੁਸਾਰ ਬਣਦੀ ਕਾਰਵਾਈ ਕੀਤੀ ਜਾ ਰਹੀ ਹੈ ਅਤੇ ਮਾਮਲੇ ਦੀ ਡੂੰਘਾਈ ਨਾਲ ਜਾਂਚ ਜਾਰੀ ਹੈ। ਇਸ ਘਟਨਾ ਨੂੰ ਲੈ ਕੇ ਇਲਾਕੇ ਵਿੱਚ ਰੋਸ ਦਾ ਮਾਹੌਲ ਪਾਇਆ ਜਾ ਰਿਹਾ ਹੈ, ਜਦੋਂ ਕਿ ਪੁਲਸ ਵੱਲੋਂ ਲੋਕਾਂ ਨੂੰ ਸ਼ਾਂਤੀ ਬਣਾਈ ਰੱਖਣ ਦੀ ਅਪੀਲ ਕੀਤੀ ਗਈ ਹੈ।
