ਆਤਿਸ਼ੀ ਵੀਡੀਓ ਮਾਮਲੇ 'ਚ ਸੁਨੀਲ ਜਾਖੜ ਨੇ ਫੋਰੈਂਸਿਕ ਜਾਂਚ 'ਤੇ ਚੁੱਕੇ ਸਵਾਲ (ਵੀਡੀਓ)

Saturday, Jan 10, 2026 - 05:36 PM (IST)

ਆਤਿਸ਼ੀ ਵੀਡੀਓ ਮਾਮਲੇ 'ਚ ਸੁਨੀਲ ਜਾਖੜ ਨੇ ਫੋਰੈਂਸਿਕ ਜਾਂਚ 'ਤੇ ਚੁੱਕੇ ਸਵਾਲ (ਵੀਡੀਓ)

ਜਲੰਧਰ/ਚੰਡੀਗੜ੍ਹ (ਵੈੱਬ ਡੈਸਕ)- ਆਤਿਸ਼ੀ ਵੀਡੀਓ ਮਾਮਲੇ ਵਿਚ ਭਾਜਪਾ ਵੱਲੋਂ ਆਮ ਆਦਮੀ ਪਾਰਟੀ 'ਤੇ ਪਲਟਵਾਰ ਕੀਤਾ ਗਿਆ ਹੈ। ਵੀਡੀਓ ਦੀ ਫੋਰੈਂਸਿਕ ਜਾਂਚ ਨੂੰ ਲੈ ਕੇ ਪੰਜਾਬ ਭਾਜਪਾ ਦੇ ਪ੍ਰਧਾਨ ਸੁਨੀਲ ਜਾਖੜ ਨੇ ਸਵਾਲ ਚੁੱਕੇ ਹਨ। ਉਨ੍ਹਾਂ ਕਿਹਾ ਕਿ ਕੀ ਤਿੰਨ ਦਿਨਾਂ ਦੇ ਵਿਚ ਫੋਰੈਂਸਿਕ ਜਾਂਚ ਦਾ ਨਤੀਜਾ ਵੀ ਆ ਗਿਆ ? ਜਾਖੜ ਨੇ ਦਿੱਲੀ ਵਿਧਾਨ ਸਭਾ 'ਚ ਦਿੱਲੀ ਦੀ ਸਾਬਕਾ ਮੁੱਖ ਮੰਤਰੀ ਆਤਿਸ਼ੀ ਨੂੰ ਉਨ੍ਹਾਂ ਦੀਆਂ ਟਿੱਪਣੀਆਂ ਲਈ ਦਿੱਤੀ ਗਈ ਕਲੀਨ ਚਿੱਟ 'ਤੇ ਸਵਾਲ ਖੜ੍ਹੇ ਕੀਤੇ ਹਨ। ਭਾਜਪਾ ਦੇ ਸੂਬਾ ਪ੍ਰਧਾਨ ਸੁਨੀਲ ਜਾਖੜ ਨੇ ਸਵਾਲ ਕੀਤਾ ਕਿ ਇਕ ਵੀਡੀਓ ਲਈ ਇਕ ਹੀ ਦਿਨ ਵਿੱਚ ਕਲੀਨ ਚਿੱਟ ਕਿਉਂ ਦੇ ਦਿੱਤੀ ਜਾਂਦੀ ਹੈ, ਜਦਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਵੀਡੀਓ ਅਤੇ ਐੱਸ. ਐੱਸ. ਪੀ. ਦੀ ਵੀਡੀਓ ਦੀ ਜਾਂਚ ਕਿਉਂ ਨਹੀਂ ਕੀਤੀ ਜਾ ਰਹੀ ਹੈ ? 

ਉਨ੍ਹਾਂ ਕਿਹਾ ਕਿ ਹਾਈ ਕੋਰਟ ਨੇ ਐੱਸ. ਐੱਸ. ਪੀ. ਵੀਡੀਓ 'ਤੇ ਵੀ ਹੁਕਮ ਜਾਰੀ ਕੀਤੇ ਹਨ। ਇਸ 'ਤੇ ਵੀ ਹਾਈਕੋਰਟ ਨੂੰ ਸੋ- ਮੋਟੋ ਨੋਟਿਸ ਲੈਣਾ ਚਾਹੀਦਾ ਹੈ। ਉਹ 16 ਜਨਵਰੀ ਨੂੰ ਮੁੱਖ ਮੰਤਰੀ ਦੇ ਘਰ ਦਾ ਘਿਰਾਓ ਕਰਨ ਦੀ ਯੋਜਨਾ ਬਣਾ ਰਹੇ ਹਨ। ਇਸ ਤੋਂ ਪਹਿਲਾਂ ਮੁੱਖ ਮੰਤਰੀ ਨੂੰ ਦੋਵਾਂ ਵੀਡੀਓਜ਼ ਦਾ ਜਵਾਬ ਦੇਣਾ ਪਵੇਗਾ। ਸੂਬਾ ਪ੍ਰਧਾਨ ਸੁਨੀਲ ਜਾਖੜ ਨੇ ਕਿਹਾ ਕਿ ਬੇਅਦਬੀ ਦੇ ਅਤਿ ਸੰਵੇਦਨਸ਼ੀਲ ਮੁੱਦੇ 'ਤੇ ਪੰਜਾਬ ਵਿੱਚ ਪਹਿਲਾਂ ਵੀ ਸਰਕਾਰਾਂ ਡਿੱਗ ਚੁੱਕੀਆਂ ਹਨ ਪਰ ਇਸ ਦੇ ਬਾਵਜੂਦ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਸਰਕਾਰ ਗੰਭੀਰ ਨਹੀਂ ਜਾਪਦੀ।

ਭਾਜਪਾ ਆਗੂ ਨੇ ਕਿਹਾ ਕਿ ਗੁਰੂ ਸਾਹਿਬਾਨ ਵਿਰੁੱਧ ਕੋਈ ਵੀ ਟਿੱਪਣੀ ਬਰਦਾਸ਼ਤ ਨਹੀਂ ਕੀਤੀ ਜਾ ਸਕਦੀ। ਸਾਡਾ ਸਮਾਜ ਕਦੇ ਵੀ ਅਜਿਹੀਆਂ ਗੱਲਾਂ ਨੂੰ ਬਰਦਾਸ਼ਤ ਨਹੀਂ ਕਰਦਾ। ਉਨ੍ਹਾਂ ਦੋਸ਼ ਲਾਇਆ ਕਿ ਸਰਕਾਰ ਨੇ ਬੇਅਦਬੀ ਵਿਰੁੱਧ ਸਖ਼ਤ ਕਾਨੂੰਨ ਲਿਆਉਣ ਦਾ ਵਾਅਦਾ ਕਰਦੇ ਹੋਏ ਵਿਧਾਨ ਸਭਾ ਨੂੰ ਚੁਣੌਤੀ ਦਿੱਤੀ ਕਿ ਸਪੈਸ਼ਲ ਸੈਸ਼ਨ ਬੁਲਾਇਆ ਪਰ ਜਿਸ ਕਮੇਟੀ ਦੇ ਗਠਨ ਦਾ ਦਾਅਵਾ ਕੀਤਾ ਗਿਆ ਸੀ, ਉਸ ਦਾ ਅੱਜ ਤੱਕ ਕੁਝ ਪਤਾ ਨਹੀਂ। ਦੂਜੇ ਸੈਸ਼ਨਾਂ ਵਾਂਗ ਇਹ ਵੀ ਬਿਨਾਂ ਕਿਸੇ ਠੋਸ ਨਤੀਜੇ ਦੇ ਖ਼ਤਮ ਹੋ ਗਿਆ। 

ਇਹ ਵੀ ਪੜ੍ਹੋ: ਕਹਿਰ ਓ ਰੱਬਾ! ਪੰਜਾਬ 'ਚ ਭਿਆਨਕ ਸੜਕ ਹਾਦਸੇ ਦੌਰਾਨ ASI ਦੀ ਮੌਤ, ਦੋ ਧੀਆਂ ਦੇ ਸਿਰੋਂ ਉੱਠਿਆ ਪਿਓ ਦਾ ਸਾਇਆ

ਭਾਜਪਾ ਨੇ ਦਿੱਲੀ ਦੀ ਸਾਬਕਾ ਮੁੱਖ ਮੰਤਰੀ ਆਤਿਸ਼ੀ 'ਤੇ ਗੁਰੂ ਸਾਹਿਬਾਨ ਵਿਰੁੱਧ ਬਿਆਨ ਦੇਣ ਦਾ ਦੋਸ਼ ਲਗਾਇਆ ਅਤੇ ਕਿਹਾ ਕਿ ਇਸ ਪੂਰੇ ਮਾਮਲੇ ਵਿੱਚ ਸਰਕਾਰ ਦੀ ਭੂਮਿਕਾ ਸ਼ੱਕੀ ਹੈ। ਭਾਜਪਾ ਨੇ ਇਸ ਮਾਮਲੇ ਵਿੱਚ ਜਲੰਧਰ ਪੁਲਸ ਵੱਲੋਂ ਕੀਤੀ ਗਈ ਫੋਰੈਂਸਿਕ ਜਾਂਚ 'ਤੇ ਵੀ ਸਵਾਲ ਉਠਾਏ। ਉਨ੍ਹਾਂ ਕਿਹਾ ਕਿ ਪੁਲਸ ਦਾਅਵਾ ਕਰ ਰਹੀ ਹੈ ਕਿ ਵੀਡੀਓ ਵਿੱਚ "ਗੁਰੂ" ਸ਼ਬਦ ਜੋੜਿਆ ਗਿਆ ਸੀ, ਜਦਕਿ ਆਤਿਸ਼ੀ ਕੁੱਤਿਆਂ ਦੇ ਸਤਿਕਾਰ ਸਬੰਧੀ ਟਿੱਪਣੀ ਨੂੰ ਸਵੀਕਾਰ ਕਰ ਰਹੀ ਹੈ ਪਰ ਗੁਰੂ ਸਾਹਿਬਾਨ ਸਬੰਧੀ ਬਿਆਨ ਤੋਂ ਇਨਕਾਰ ਕਰ ਰਹੀ ਹੈ। ਜਦਕਿ ਵਿਧਾਨ ਸਭਾ ਵਿਚ ਚਰਚਾ ਗੁਰੂ ਸਾਹਿਬਾਨਾਂ ਦੇ ਸਤਿਕਾਰ ਅਤੇ ਸਨਮਾਨ ਨੂੰ ਲੈ ਕੇ ਹੋ ਰਹੀ ਸੀ। 

ਉਥੇ ਹੀ ਪੰਜਾਬ ਦੇ ਹਾਲਾਤ ਬਾਰੇ ਬੋਲਦੇ ਹੋਏ ਸੁਨੀਲ ਜਾਖੜ ਨੇ ਕਿਹਾ ਕਿ ਪੰਜਾਬ ਵਿਚ ਅੱਜ ਜੋ ਕੁਝ ਵੀ ਹੋ ਰਿਹਾ ਹੈ, ਉਹ ਕਿਸੇ ਤੋਂ ਲੁਕਿਆ ਨਹੀਂ ਹੈ। ਉਨ੍ਹਾਂ ਕਿਹਾ ਕਿ ਆਤਿਸ਼ੀ ਵੱਲੋਂ ਜਿਹੜੇ ਸ਼ਬਦਾਂ ਦੀ ਵਰਤੋਂ ਕੀਤੀ ਗਈ ਹੈ, ਉਹ ਬਹੁਤ ਹੀ ਘਿਨਾਉਣੀ ਹਰਕਤ ਹੈ। ਸੁਨੀਲ ਜਾਖੜ ਨੇ ਕਿਹਾ ਕਿ ਇਸ ਮੁੱਦੇ 'ਤੇ ਆਮ ਆਦਮੀ ਪਾਰਟੀ ਨੂੰ ਜਵਾਬ ਦੇਣਾ ਪਵੇਗਾ। ਇਸ ਮਸਲੇ 'ਤੇ ਜ਼ਿਆਦਾ ਪਰਦਾ ਨਹੀਂ ਪਾਇਆ ਜਾ ਸਕਦਾ। ਇਸ ਮੌਕੇ ਸੁਨੀਲ ਜਾਖੜ ਨੇ ਭਗਵੰਤ ਮਾਨ ਨੂੰ ਇਸ ਮੁੱਦੇ 'ਤੇ ਸਪੈਸ਼ਲ ਸੈਸ਼ਨ ਬੁਲਾਉਣ ਦੀ ਵੀ ਮੰਗ ਕੀਤੀ। 

ਇਹ ਵੀ ਪੜ੍ਹੋ: ਪੰਜਾਬ ਦੇ ਲੋਕਾਂ ਲਈ ਵੱਡੀ ਮੁਸੀਬਤ! ਪ੍ਰਾਪਰਟੀ ਸੌਦਿਆਂ ’ਤੇ ਸਰਕਾਰੀ ਰਾਡਾਰ, ਸਖ਼ਤ ਹੁਕਮ ਜਾਰੀ

ਇਥੇ ਦੱਸ ਦੇਈਏ ਕਿ ਦਿੱਲੀ ਦੀ ਸਾਬਕਾ ਮੁੱਖ ਮੰਤਰੀ ਅਤੇ 'ਆਪ' ਵਿਧਾਇਕ ਆਤਿਸ਼ੀ ਮਾਰਲੇਨਾ ਦੇ ਇਕ ਵਿਵਾਦਤ ਵੀਡੀਓ ਨੂੰ ਲੈ ਕੇ ਸਿਆਸੀ ਹੰਗਾਮਾ ਤੇਜ਼ ਹੋ ਗਿਆ ਹੈ। ਇਸ ਮਾਮਲੇ ਵਿੱਚ ਦਿੱਲੀ ਵਿਧਾਨ ਸਭਾ ਦੇ ਸਪੀਕਰ ਨੇ ਪੰਜਾਬ ਦੇ ਡੀ. ਜੀ. ਪੀ. ਸਾਈਬਰ ਕਰਾਈਮ ਦੇ ਸਪੈਸ਼ਲ ਡੀ. ਜੀ. ਪੀ. ਅਤੇ ਜਲੰਧਰ ਦੀ ਪੁਲਸ ਨੂੰ ਨੋਟਿਸ ਜਾਰੀ ਕਰਦਿਆਂ 48 ਘੰਟਿਆਂ ਵਿੱਚ ਜਵਾਬ ਤਲਬ ਕੀਤਾ ਹੈ।

ਜਾਣਕਾਰੀ ਮੁਤਾਬਕ 6 ਜਨਵਰੀ ਨੂੰ ਦਿੱਲੀ ਵਿਧਾਨ ਸਭਾ ਦੀ ਕਾਰਵਾਈ ਦੌਰਾਨ ਇਕ ਚਰਚਾ ਚੱਲ ਰਹੀ ਸੀ। ਭਾਜਪਾ ਨੇਤਾਵਾਂ ਨੇ ਦੋਸ਼ ਲਾਇਆ ਕਿ ਇਸ ਦੌਰਾਨ ਆਤਿਸ਼ੀ ਨੇ ਸਿੱਖ ਗੁਰੂਆਂ ਦੇ ਖ਼ਿਲਾਫ਼ ਅਪਮਾਨਜਨਕ ਭਾਸ਼ਾ ਵਰਤੀ। 7 ਜਨਵਰੀ ਨੂੰ ਭਾਜਪਾ ਨੇਤਾ ਕਪਿਲ ਮਿਸ਼ਰਾ ਨੇ ਇਕ ਵੀਡੀਓ ਕਲਿੱਪ ਸਾਂਝੀ ਕੀਤੀ, ਜਿਸ ਵਿੱਚ ਦਾਅਵਾ ਕੀਤਾ ਗਿਆ ਕਿ ਜਦੋਂ ਸਦਨ ਗੁਰੂਆਂ ਨੂੰ ਸ਼ਰਧਾਂਜਲੀ ਦੇ ਰਿਹਾ ਸੀ ਤਾਂ ਆਤਿਸ਼ੀ ਨੇ ਇਤਰਾਜ਼ਯੋਗ ਸ਼ਬਦਾਵਲੀ ਦਾ ਇਸਤੇਮਾਲ ਕੀਤਾ। ਹਾਲਾਂਕਿ ਆਤਿਸ਼ੀ ਨੇ ਇਨ੍ਹਾਂ ਦੋਸ਼ਾਂ ਨੂੰ ਨਕਾਰ ਦਿੱਤਾ ਸੀ। ਵੀਡੀਓ ਵਿਵਾਦ ਵੱਧਣ ਪਿੱਛੋਂ ਜਲੰਧਰ ਪੁਲਸ ਨੇ ਇਕ ਸ਼ਿਕਾਇਤ ਦੇ ਆਧਾਰ 'ਤੇ ਭਾਜਪਾ ਨੇਤਾ ਕਪਿਲ ਮਿਸ਼ਰਾ ਖ਼ਿਲਾਫ਼ ਐੱਫ਼. ਆਈ. ਆਰ. ਦਰਜ ਕੀਤੀ ਹੈ। ਪੁਲਸ ਮੁਤਾਬਕ ਮੋਹਾਲੀ ਦੀ ਫੋਰੈਂਸਿਕ ਲੈਬ ਵਿੱਚ ਵੀਡੀਓ ਦੀ ਜਾਂਚ ਕਰਵਾਈ ਗਈ, ਜਿਸ ਵਿੱਚ ਸਪੱਸ਼ਟ ਹੋਇਆ ਹੈ ਕਿ ਆਤਿਸ਼ੀ ਨੇ ਕਿਤੇ ਵੀ 'ਗੁਰੂ' ਸ਼ਬਦ ਦਾ ਇਸਤੇਮਾਲ ਨਹੀਂ ਕੀਤਾ ਅਤੇ ਵੀਡੀਓ ਨਾਲ ਛੇੜਛਾੜ ਕੀਤੀ ਗਈ ਸੀ।

ਇਹ ਵੀ ਪੜ੍ਹੋ: ਹੁਸ਼ਿਆਰਪੁਰ ਵਿਖੇ ਸ਼ੱਕੀ ਹਾਲਾਤ 'ਚ ਵਿਆਹੁਤਾ ਦੀ ਮੌਤ, ਪੇਕੇ ਪਰਿਵਾਰ ਨੇ ਲਾਏ ਸਹੁਰਿਆਂ 'ਤੇ ਗੰਭੀਰ ਦੋਸ਼

ਇਸ ਐੱਫ਼. ਆਈ. ਆਰ. 'ਤੇ ਦਿੱਲੀ ਵਿਧਾਨ ਸਭਾ ਦੇ ਸਪੀਕਰ ਵਿਜੇਂਦਰ ਗੁਪਤਾ ਨੇ ਪੰਜਾਬ ਪੁਲਸ ਦੀ ਇਸ ਕਾਰਵਾਈ 'ਤੇ ਸਖ਼ਤ ਇਤਰਾਜ਼ ਜਤਾਇਆ ਹੈ। ਉਨ੍ਹਾਂ ਕਿਹਾ ਕਿ ਸਦਨ ਦੇ ਅੰਦਰ ਦੀ ਰਿਕਾਰਡਿੰਗ ਵਿਧਾਨ ਸਭਾ ਦੀ ਜਾਇਦਾਦ ਹੈ ਅਤੇ ਇਸ 'ਤੇ ਦੂਜੇ ਸੂਬੇ ਦੀ ਪੁਲਸ ਵੱਲੋਂ ਐੱਫ਼. ਆਈ. ਆਰ. ਦਰਜ ਕਰਨਾ 'ਵਿਸ਼ੇਸ਼ ਅਧਿਕਾਰ ਹੰਨਣ' ਦਾ ਮਾਮਲਾ ਹੈ। ਇਸ ਸਬੰਧੀ ਜਲੰਧਰ ਪੁਲਸ ਕਮਿਸ਼ਨਰ ਨੇ ਸਦਨ ਦੀ ਜਾਇਦਾਦ ਨਾਲ ਗਲਤ ਦਖਲਅੰਦਾਜ਼ੀ ਕੀਤੀ ਹੈ, ਜਿਸ ਕਾਰਨ ਉਨ੍ਹਾਂ ਵਿਰੁੱਧ ਕਾਰਵਾਈ ਕੀਤੀ ਜਾਵੇਗੀ। ਇਸ ਪਿੱਛੋਂ ਮਾਮਲੇ ਉੱਤੇ ਵਿਧਾਇਕ ਕਪਿਲ ਮਿਸ਼ਰਾ ਨੇ ਕਿਹਾ ਕਿ ਕੇਜਰੀਵਾਲ ਦੀ ਪੁਲਸ ਉਨ੍ਹਾਂ ਨੂੰ ਡਰਾ ਨਹੀਂ ਸਕਦੀ ਅਤੇ ਸਾਰੀ ਦੁਨੀਆ ਨੇ ਉਹ ਵੀਡੀਓ ਸੁਣੀ ਹੈ।

ਹੁਣ ਤਕ ਇਸ ਮਾਮਲੇ ਵਿੱਚ ਐੱਸ. ਜੀ. ਪੀ. ਸੀ. ਪ੍ਰਧਾਨ ਹਰਜਿੰਦਰ ਸਿੰਘ ਧਾਮੀ ਅਤੇ ਅਕਾਲ ਤਖ਼ਤ ਦੇ ਜਥੇਦਾਰ ਨੇ ਆਤਿਸ਼ੀ ਦੇ ਕਥਿਤ ਬਿਆਨ ਦੀ ਨਿੰਦਾ ਕੀਤੀ ਅਤੇ ਉਸ ਦੀ ਮੈਂਬਰਸ਼ਿਪ ਰੱਦ ਕਰਨ ਦੀ ਮੰਗ ਕੀਤੀ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਭਾਜਪਾ ਦੇ ਸੂਬਾ ਪ੍ਰਧਾਨ ਸੁਨੀਲ ਜਾਖੜ ਨੇ ਵੀ ਆਤਿਸ਼ੀ 'ਤੇ ਨਿਸ਼ਾਨਾ ਸਾਧਦਿਆਂ ਉਸ ਦੇ ਅਸਤੀਫੇ ਦੀ ਮੰਗ ਕੀਤੀ ਹੈ। ਪੰਜਾਬ ਕਾਂਗਰਸ ਨੇ ਵੀ ਦੋਸ਼ ਲਾਇਆ ਕਿ ਆਤਿਸ਼ੀ ਨੂੰ ਬਚਾਉਣ ਲਈ ਉਨ੍ਹਾਂ ਦੇ ਨੇਤਾਵਾਂ ਸੁਖਪਾਲ ਖਹਿਰਾ ਅਤੇ ਪਰਗਟ ਸਿੰਘ 'ਤੇ ਵੀ ਕੇਸ ਦਰਜ ਕੀਤੇ ਗਏ ਹਨ। ਫਿਲਹਾਲ ਇਹ ਮਾਮਲਾ ਦਿੱਲੀ ਅਤੇ ਪੰਜਾਬ ਦੀ ਸਿਆਸਤ ਵਿੱਚ ਗਰਮਾਈ ਹੋਈ ਹੈ।

ਇਹ ਵੀ ਪੜ੍ਹੋ: ਘਰ ਦੇ ਬਾਹਰ ਪ੍ਰਦਰਸ਼ਨ ਕਰਨ ਆਏ 'ਆਪ' ਆਗੂ ਤੇ MLA ਪਰਗਟ ਸਿੰਘ ਹੋਏ ਆਹਮੋ-ਸਾਹਮਣੇ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

shivani attri

Content Editor

Related News