ਕਾਂਗਰਸੀ ਆਗੂ ਵਲੋਂ ਪੱਤਰਕਾਰ ਨੂੰ ਪਿਸ਼ਾਬ ਪਿਲਾਉਣ ਦੇ ਮਾਮਲੇ ''ਤੇ ਸੁਖਬੀਰ ਬਾਦਲ ਦਾ ਵੱਡਾ ਬਿਆਨ

04/17/2017 11:38:56 AM

ਚੰਡੀਗੜ੍ਹ (ਪਰਾਸ਼ਰ) : ਸਾਬਕਾ ਉਪ ਮੁੱਖ ਮੰਤਰੀ ਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਭਾਰਤੀ ਯੂਥ ਕਾਂਗਰਸ ਦੇ ਮੁਖੀ ਤੇ ਗਿੱਦੜਬਾਹਾ ਤੋਂ ਵਿਧਾਇਕ ਅਮਰਿੰਦਰ ਸਿੰਘ ਰਾਜਾ ਵੜਿੰਗ ਦੇ ਨਜ਼ਦੀਕੀ ਕਾਂਗਰਸੀ ਵਰਕਰਾਂ ਵਲੋਂ ਗਿੱਦੜਬਾਹਾ ਦੇ ਇਕ ਪੱਤਰਕਾਰ ''ਤੇ ਕੀਤੇ ਹਮਲੇ ਦੀ ਸਖਤ ਸ਼ਬਦਾਂ ''ਚ ਨਿਖੇਧੀ ਕੀਤੀ ਹੈ । ਉਨ੍ਹਾਂ ਕਿਹਾ ਕਿ ਕਿੰਨੇ ਅਫਸੋਸ ਦੀ ਗੱਲ ਹੈ ਕਿ ਪੰਜਾਬ ਵਿਚ ਕਾਂਗਰਸੀਆਂ ਨੇ ਸ਼ੁਰੂ ਕੀਤੀ ਬਦਲਾਖੋਰੀ ਦੀ ਸਿਆਸਤ ਦੇ ਘੇਰੇ ਵਿਚ ਹੁਣ ਮੀਡੀਆ ਨੂੰ ਵੀ ਘੜੀਸ ਲਿਆ ਹੈ ।
ਐਤਵਾਰ ਨੂੰ ਇਥੇ ਇਕ ਪ੍ਰੈੱਸ ਬਿਆਨ ਜਾਰੀ ਕਰਦਿਆਂ ਬਾਦਲ ਨੇ ਕਿਹਾ ਕਿ ਇਹ ਗੱਲ ਹੋਰ ਵੀ ਨਿੰਦਣਯੋਗ ਹੈ ਕਿ ਪੱਤਰਕਾਰ ਸ਼ਿਵਰਾਜ ਰਾਜੂ ਤੇ ਘਟਨਾ ਸਮੇਂ ਮੌਕੇ ''ਤੇ ਮੌਜੂਦ ਇਕ ਹੋਰ ਪੱਤਰਕਾਰ ਵਲੋਂ ਦੋਸ਼ੀਆਂ ਬਾਰੇ ਦਿੱਤੀ ਮੁਕੰਮਲ ਜਾਣਕਾਰੀ ਦੇ ਬਾਵਜੂਦ ਸੂਬੇ ਦੀ ਪੁਲਸ ਇਸ ਸੰਵੇਦਨਸ਼ੀਲ ਮਾਮਲੇ ਸਬੰਧੀ ਅੱਖਾਂ ਬੰਦ ਕਰੀ ਬੈਠੀ ਹੈ ਤੇ ਕੇਸ ਵਿਚ ਕੋਈ ਵੀ ਗ੍ਰਿਫ਼ਤਾਰੀ ਨਹੀਂ ਕੀਤੀ ਗਈ । ਉਨ੍ਹਾਂ ਪੁੱਛਿਆ ਕਿ ਆਖਿਰ ਗਿੱਦੜਬਾਹਾ ਤੋਂ ਵਿਧਾਇਕ ਦੇ ਕਰੀਬੀ ਦੋਸ਼ੀਆਂ ਨੂੰ ਗ੍ਰਿਫਤਾਰ ਕਰਨ ਤੋਂ ਪੁਲਸ ਨੂੰ ਕੌਣ ਰੋਕ ਰਿਹਾ ਹੈ?
ਬਾਦਲ ਨੇ ਕਿਹਾ ਕਿ ਕਾਂਗਰਸੀ ਹਰ ਉਸ ਵਿਅਕਤੀ ''ਤੇ ਹਮਲੇ ਕਰ ਰਹੇ ਹਨ, ਜਿਸ ਨੇ ਉਨ੍ਹਾਂ ਦਾ ਵਿਰੋਧ ਕੀਤਾ ਸੀ । ਉਹ ਮੀਡੀਆ ਨੂੰ ਵੀ ਨਹੀਂ ਬਖ਼ਸ਼ ਰਹੇ । ਸ਼ਿਵਰਾਜ ''ਤੇ ਕੀਤਾ ਗਿਆ ਹਮਲਾ ਮੀਡੀਆ ਨੂੰ ਸਪੱਸ਼ਟ ਸੁਨੇਹਾ ਹੈ ਕਿ ਮੌਜੂਦਾ ਹਕੂਮਤ ਵਲੋਂ ਕਿਸੇ ਵੀ ਕਿਸਮ ਦੀ ਆਲੋਚਨਾ ਬਰਦਾਸ਼ਤ ਨਹੀਂ ਕੀਤੀ ਜਾਵੇਗੀ । ਹਰ ਕਿਸਮ ਦੇ ਵਿਰੋਧ ਨੂੰ ਬੇਰਹਿਮੀ ਨਾਲ ਕੁਚਲ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਇਸ ਕੇਸ ਦੀ ਜਾਂਚ ਸੂਬਾ ਮਨੁੱਖੀ ਅਧਿਕਾਰ ਕਮਿਸ਼ਨ ਵਲੋਂ ਕੀਤੀ ਜਾਣੀ ਚਾਹੀਦੀ ਹੈ ।
ਅਕਾਲੀ ਦਲ ਦੇ ਪ੍ਰਧਾਨ ਨੇ ਵੜਿੰਗ ਦੇ ਨਿੱਜੀ ਸਹਾਇਕ ਜਸਪ੍ਰੀਤ ਸਿੰਘ ਤੇ ਗਿੱਦੜਬਾਹਾ ਟਰੱਕ ਯੂਨੀਅਨ ਦੇ ਪ੍ਰਧਾਨ ਚਰਨਜੀਤ ਸਿੰਘ ਢਿੱਲੋਂ ਦੀ ਤੁਰੰਤ ਗ੍ਰਿਫਤਾਰੀ ਦੀ ਮੰਗ ਕੀਤੀ। ਉਨ੍ਹਾਂ ਕਿਹਾ ਕਿ ਅਸੀਂ ਕਾਂਗਰਸੀ ਵਰਕਰਾਂ ਦੀ ਬਦਲਾਖੋਰੀ ਦੀ ਸਿਆਸਤ ਦਾ ਸ਼ਿਕਾਰ ਹੋਏ ਰਾਜੂ ਤੇ ਦੂਜੇ ਪੱਤਰਕਾਰਾਂ ਦੀ ਪੂਰੀ ਮਦਦ ਕਰਾਂਗੇ ।


Gurminder Singh

Content Editor

Related News