ਕੇਜਰੀਵਾਲ ਦੀ ਗ੍ਰਿਫ਼ਤਾਰੀ ’ਤੇ ਬਿਆਨ ਦੇਣ ਵਾਲੇ ਅਮਰੀਕਾ ਨੇ ਪਾਕਿਸਤਾਨ ਦੇ ਮਾਮਲੇ ’ਤੇ ਕਿਉਂ ਧਾਰੀ ਚੁੱਪ?

04/05/2024 10:42:55 AM

ਵਾਸ਼ਿੰਗਟਨ (ਏ. ਐੱਨ. ਆਈ.)- ਅਮਰੀਕਾ ਦੇ ਵਿਦੇਸ਼ ਵਿਭਾਗ ਦੇ ਬੁਲਾਰੇ ਮੈਥਿਊ ਮਿਲਰ ਬੁੱਧਵਾਰ ਨੂੰ ਇਕ ਪ੍ਰੈੱਸ ਕਾਨਫਰੰਸ ਦੌਰਾਨ ਇੱਧਰ-ਉਧਰ ਝਾਕਣ ਲੱਗ ਪਏ ਜਦੋਂ ਇਕ ਪੱਤਰਕਾਰ ਨੇ ਉਨ੍ਹਾਂ ਨੂੰ ਭਾਰਤ ਵਿਚ ਇਕ ਵਿਰੋਧੀ ਨੇਤਾ ਦੀ ਗ੍ਰਿਫ਼ਤਾਰੀ ’ਤੇ ਅਮਰੀਕੀ ਵਿਦੇਸ਼ ਵਿਭਾਗ ਦੇ ਵਤੀਰੇ ’ਤੇ ਸਵਾਲ ਕੀਤਾ। ਪੱਤਰਕਾਰ ਨੇ ਪੁੱਛਿਆ ਅਮਰੀਕਾ ਭਾਰਤ ਦੇ ਨੇਤਾ ਅਰਵਿੰਦ ਕੇਜਰੀਵਾਲ ਦੀ ਗ੍ਰਿਫ਼ਤਾਰੀ ’ਤੇ ਵੱਧ-ਚੜ੍ਹ ਕੇ ਬਿਆਨ ਦੇ ਰਿਹਾ ਹੈ ਪਰ ਪਾਕਿਸਤਾਨ ’ਚ ਵਿਰੋਧੀ ਨੇਤਾਵਾਂ ਦੀ ਗ੍ਰਿਫ਼ਤਾਰੀ ’ਤੇ ਉਸ ਦੇ ਬਿਆਨਾਂ ’ਚ ਉਹ ਸਖ਼ਤੀ ਨਹੀਂ ਹੈ। ਕੇਜਰੀਵਾਲ ਨੂੰ ਦਿੱਲੀ ਆਬਕਾਰੀ ਨੀਤੀ ਮਾਮਲੇ ’ਚ ਕਥਿਤ ਮਨੀ ਲਾਂਡਰਿੰਗ ਦੇ ਦੋਸ਼ ’ਚ ਐਨਫੋਰਸਮੈਂਟ ਡਾਇਰੈਕਟੋਰੇਟ ਨੇ ਗ੍ਰਿਫ਼ਤਾਰ ਕੀਤਾ ਸੀ।

ਇਹ ਵੀ ਪੜ੍ਹੋ: ਖ਼ੁਸ਼ਖ਼ਬਰੀ; UK ਨੇ ਸਕਿਲਡ ਵਰਕਰ ਵੀਜ਼ਾ ਲਈ ਵੱਧ ਤਨਖ਼ਾਹ ਸੀਮਾ ਕੀਤੀ ਲਾਗੂ, ਹੁਣ ਇੰਨੇ ਪੌਂਡ ਵਧੇਗੀ ਤਨਖ਼ਾਹ

ਅਮਰੀਕੀ ਬੁਲਾਰੇ ਮੈਥਿਊ ਮਿਲਰ ਨੇ ਦੋਵਾਂ ਮਾਮਲਿਆਂ ਨੂੰ ਇਕੋ ਜਿਹਾ ਮੰਨਣ ਤੋਂ ਨਾਂਹ ਕਰ ਦਿੱਤੀ ਅਤੇ ਕਿਹਾ ਕਿ ਅਸੀਂ ਕਈ ਮੌਕਿਆਂ ’ਤੇ ਇਹ ਸਪੱਸ਼ਟ ਕੀਤਾ ਹੈ ਕਿ ਅਸੀਂ ਚਾਹੁੰਦੇ ਹਾਂ ਕਿ ਪਾਕਿਸਤਾਨ ਵਿਚ ਹਰ ਕਿਸੇ ਨਾਲ ਕਾਨੂੰਨ ਦੇ ਸ਼ਾਸਨ ਦੇ ਅਨੁਸਾਰ ਵਿਹਾਰ ਕੀਤਾ ਜਾਵੇ ਅਤੇ ਮਨੁੱਖੀ ਅਧਿਕਾਰਾਂ ਦਾ ਸਨਮਾਨ ਕੀਤਾ ਜਾਵੇ, ਜਿਵੇਂ ਕਿ ਕਿਸੇ ਹੋਰ ਦੇਸ਼ ਦੇ ਸਬੰਧ ਵਿਚ ਸਾਡੀ ਸਥਿਤੀ ਹੈ। ਪਿਛਲੇ ਹਫ਼ਤੇ ਬੁਲਾਰੇ ਮੈਥਿਊ ਮਿਲਰ ਤੋਂ ਦਿੱਲੀ ਦੇ ਸੀ. ਐੱਮ. ਕੇਜਰੀਵਾਲ ਦੀ ਗ੍ਰਿਫ਼ਤਾਰੀ ਅਤੇ ਕਾਂਗਰਸ ਪਾਰਟੀ ਦੇ ਬੈਂਕ ਖਾਤਿਆਂ ਨੂੰ ਫ੍ਰੀਜ਼ ਕਰਨ ਦੀਆਂ ਟਿੱਪਣੀਆਂ ’ਤੇ ਭਾਰਤ ਵੱਲੋਂ ਅਮਰੀਕੀ ਰਾਜਦੂਤ ਨੂੰ ਤਲਬ ਕਰਨ ’ਤੇ ਉਨ੍ਹਾਂ ਦੀ ਪ੍ਰਤੀਕਿਰਿਆ ਬਾਰੇ ਪੁੱਛਿਆ ਗਿਆ ਸੀ, ਜਿਸ ’ਤੇ ਉਨ੍ਹਾਂ ਕਿਹਾ ਕਿ ਸੀ ਉਹ ਇਨ੍ਹਾਂ ਕਾਰਵਾਈਆਂ ’ਤੇ ਨੇੜਿਓਂ ਨਜ਼ਰ ਰੱਖ ਰਹੇ ਹਨ। ਉਨ੍ਹਾਂ ਕਿਹਾ ਸੀ ਕਿ ਅਸੀਂ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਗ੍ਰਿਫਤਾਰੀ ਸਮੇਤ ਇਨ੍ਹਾਂ ਕਾਰਵਾਈਆਂ ’ਤੇ ਨੇੜਿਓਂ ਨਜ਼ਰ ਰੱਖਣੀ ਜਾਰੀ ਰੱਖਾਂਗੇ। ਅਸੀਂ ਕਾਂਗਰਸ ਪਾਰਟੀ ਦੇ ਦੋਸ਼ਾਂ ਤੋਂ ਵੀ ਜਾਣੂ ਹਾਂ ਕਿ ਆਮਦਨ ਟੈਕਸ ਅਧਿਕਾਰੀਆਂ ਨੇ ਉਨ੍ਹਾਂ ਦੇ ਕੁਝ ਬੈਂਕ ਖਾਤਿਆਂ ਨੂੰ ਇਸ ਤਰੀਕੇ ਨਾਲ ਫ੍ਰੀਜ਼ ਕਰ ਦਿੱਤਾ ਹੈ ਜਿਸ ਨਾਲ ਆਉਣ ਵਾਲੀਆਂ ਚੋਣਾਂ ਵਿਚ ਪ੍ਰਭਾਵਸ਼ਾਲੀ ਢੰਗ ਨਾਲ ਪ੍ਰਚਾਰ ਕਰਨਾ ਚੁਣੌਤੀਪੂਰਨ ਹੋ ਜਾਵੇਗਾ।

ਇਹ ਵੀ ਪੜ੍ਹੋ: ਮਿੰਨੀ ਬੱਸ ਅਤੇ ਟਰੈਕਟਰ-ਟ੍ਰੇਲਰ ਵਿਚਾਲੇ ਹੋਈ ਭਿਆਨਕ ਟੱਕਰ, 14 ਲੋਕਾਂ ਦੀ ਦਰਦਨਾਕ ਮੌਤ

ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਗ੍ਰਿਫਤਾਰੀ ਨੂੰ ਲੈ ਕੇ ਅਮਰੀਕਾ, ਜਰਮਨੀ ਅਤੇ ਸੰਯੁਕਤ ਰਾਸ਼ਟਰ ਦੇ ਰਾਜਦੂਤਾਂ ਵੱਲੋਂ ਭਾਰਤ ’ਤੇ ਸਿਆਸੀ ਟਿੱਪਣੀਆਂ ਕਰਨ ਤੋਂ ਬਾਅਦ ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਨੇ ਅਹਿਮਦਾਬਾਦ ’ਚ ਪ੍ਰੈੱਸ ਕਾਨਫਰੰਸ ’ਚ ਕਿਹਾ ਕਿ ਇਹ ਇਨ੍ਹਾਂ ਦੇਸ਼ਾਂ ਦੀਆਂ ਇਹ ਪੁਰਾਣੀਆਂ ਅਤੇ ਬੁਰੀਆਂ ਆਦਤਾਂ ਹਨ। ਉਨ੍ਹਾਂ ਕਿਹਾ ਕਿ ਅਸੀਂ ਸਾਰੇ ਪ੍ਰਭੂਸੱਤਾ ਸੰਪੰਨ ਦੇਸ਼ ਹਾਂ ਅਤੇ ਸਾਨੂੰ ਇਕ ਦੂਜੇ ਦੇ ਹਰੇਕ ਅੰਦਰੂਨੀ ਮਾਮਲਿਆਂ ਵਿਚ ਦਖ਼ਲ ਨਹੀਂ ਦੇਣਾ ਚਾਹੀਦਾ। ਉਨ੍ਹਾਂ ਕਿਹਾ ਕਿ ਸਾਰੇ ਦੇਸ਼ਾਂ ਨੂੰ ‘ਮਰਿਅਾਦਾ’ ਦੀ ਪਾਲਣਾ ਕਰਨੀ ਚਾਹੀਦੀ ਹੈ।

ਇਹ ਵੀ ਪੜ੍ਹੋ: ਕੈਨੇਡਾ 'ਚ ਗੁੰਡਾਗਰਦੀ ਦੇ ਮਾਮਲੇ 'ਚ ਸ਼ਾਮਲ 3 ਭਾਰਤੀ ਚੜ੍ਹੇ ਪੁਲਸ ਅੜਿੱਕੇ, ਚੌਥਾ ਹਾਲੇ ਵੀ ਫਰਾਰ

ਅਮਰੀਕਾ ਨੇ ਫਿਰ ਕਿਹਾ- ਪੰਨੂ ਦੀ ਹੱਤਿਆ ਦੀ ਸਾਜ਼ਿਸ਼ ਦੀ ਜਾਂਚ ਪੂਰੀ ਕਰੇ ਭਾਰਤ

ਅਮਰੀਕਾ ਨੇ ਅੱਤਵਾਦੀ ਗੁਰਪਤਵੰਤ ਸਿੰਘ ਪੰਨੂ ਦੀ ਹੱਤਿਆ ਦੀ ਕਥਿਤ ਸਾਜ਼ਿਸ਼ ਦਾ ਮੁੱਦਾ ਫਿਰ ਚੁੱਕਿਆ ਹੈ। ਬੁੱਧਵਾਰ ਨੂੰ ਅਮਰੀਕੀ ਵਿਦੇਸ਼ ਵਿਭਾਗ ਨੇ ਮਾਮਲੇ ਦੀ ਜਾਂਚ ਪੂਰੀ ਕਰਨ ਦੀ ਆਪਣੀ ਵਚਨਬੱਧਤਾ ਦੋਹਰਾਈ ਅਤੇ ਕਿਹਾ ਕਿ ਉਸ ਨੇ ਭਾਰਤ ਸਰਕਾਰ ਨੂੰ ਜਾਣੂ ਕਰ ਵਾ ਦਿੱਤਾ ਹੈ। ਜਦੋਂ ਉਨ੍ਹਾਂ ਤੋਂ ਇਹ ਪੁੱਛਿਆ ਗਿਆ ਕਿ ਕੀ ਅਮਰੀਕਾ ਨੂੰ ਇਸ ਮਾਮਲੇ ਦੀ ਭਾਰਤ ਦੀ ਅੰਦਰੂਨੀ ਜਾਂਚ ਦੀ ਰਿਪੋਰਟ ਮਿਲੀ ਹੈ ਤਾਂ ਵਿਦੇਸ਼ ਵਿਭਾਗ ਦੇ ਅਧਿਕਾਰਤ ਬੁਲਾਰੇ ਮੈਥਿਊ ਮਿਲਰ ਨੇ ਕੋਈ ਵੀ ਵੇਰਵਾ ਸਾਂਝਾ ਕਰਨ ਤੋਂ ਨਾਂਹ ਕਰਦਿਆਂ ਕਿਹਾ ਕਿ ਉਹ ਭਾਰਤੀ ਪੱਖ ਤੋਂ ਜਾਂਚ ਦੇ ਨਤੀਜੇ ਦੀ ਉਡੀਕ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਮੈਂ ਸਿਰਫ ਇਹੀ ਕਹਾਂਗਾ ਕਿ ਅਸੀਂ ਭਾਰਤ ਸਰਕਾਰ ਨੂੰ ਸਪੱਸ਼ਟ ਕਰ ਦਿੱਤਾ ਹੈ ਕਿ ਅਸੀਂ ਉਨ੍ਹਾਂ ਨੂੰ ਪੂਰੀ ਜਾਂਚ ਕਰਦੇ ਦੇਖਣਾ ਚਾਹੁੰਦੇ ਹਾਂ ਅਤੇ ਅਸੀਂ ਉਸ ਜਾਂਚ ਦੇ ਨਤੀਜਿਆਂ ਦੀ ਉਡੀਕ ਕਰ ਰਹੇ ਹਾਂ।

ਇਹ ਵੀ ਪੜ੍ਹੋ: ਵੱਡੀ ਖ਼ਬਰ; ਜਹਾਜ਼ ਨੂੰ ਲੱਗੀ ਭਿਆਨਕ ਅੱਗ ਤੋਂ ਬਚਣ ਲਈ ਲੋਕਾਂ ਨੇ ਸਮੁੰਦਰ 'ਚ ਮਾਰੀਆਂ ਛਾਲਾਂ

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ।


cherry

Content Editor

Related News