ਕਾਂਗਰਸ ਕੋਲ ਮੁੱਖ ਮੰਤਰੀ ਦੇ ਚਿਹਰਿਆਂ ਦੀ ਕਮੀ ਨਹੀਂ, ਵਿਰੋਧੀਆਂ ਕੋਲ ਕੈਂਡੀਡੇਟ ਤੱਕ ਨਹੀਂ : ਔਜਲਾ
Saturday, Feb 28, 2026 - 12:46 PM (IST)
ਬਰਨਾਲਾ (ਵਿਵੇਕ ਸਿੰਧਵਾਨੀ, ਰਵੀ) : ਬਰਨਾਲਾ ਵਿਖੇ ਆਯੋਜਿਤ ਕਾਂਗਰਸ ਪਾਰਟੀ ਦੀ ਵਿਸ਼ਾਲ 'ਮਨਰੇਗਾ ਮਜ਼ਦੂਰ ਅਤੇ ਕਿਸਾਨ ਬਚਾਓ ਰੈਲੀ' ਨੂੰ ਸੰਬੋਧਨ ਕਰਦਿਆਂ ਅੰਮ੍ਰਿਤਸਰ ਤੋਂ ਲੋਕ ਸਭਾ ਮੈਂਬਰ ਗੁਰਜੀਤ ਸਿੰਘ ਔਜਲਾ ਨੇ ਵਿਰੋਧੀ ਪਾਰਟੀਆਂ 'ਤੇ ਤਿੱਖੇ ਸਿਆਸੀ ਹਮਲੇ ਕੀਤੇ। ਔਜਲਾ ਨੇ ਦਾਅਵਾ ਕੀਤਾ ਕਿ ਕਾਂਗਰਸ ਪਾਰਟੀ ਇਕ ਅਜਿਹੀ ਨਰਸਰੀ ਹੈ ਜਿਸ ਨੇ ਪੰਜਾਬ ਦੀ ਸਿਆਸਤ ਨੂੰ ਵੱਡੇ-ਵੱਡੇ ਦਿੱਗਜ ਆਗੂ ਦਿੱਤੇ ਹਨ, ਜਦਕਿ ਦੂਜੀਆਂ ਪਾਰਟੀਆਂ ਅੱਜ ਵੀ ਯੋਗ ਲੀਡਰਸ਼ਿਪ ਲਈ ਸੰਘਰਸ਼ ਕਰ ਰਹੀਆਂ ਹਨ।
ਇਹ ਵੀ ਪੜ੍ਹੋ : ਪੰਜਾਬ 'ਚ ਤਨਖਾਹਾਂ ਨੂੰ ਲੈ ਕੇ ਪੈ ਗਿਆ ਰੌਲਾ, ਹੋ ਗਿਆ ਵੱਡਾ ਐਲਾਨ
ਕਾਂਗਰਸ ਨੇ ਪੈਦਾ ਕੀਤੇ ਸੂਬੇ ਦੇ ਵੱਡੇ ਸਿਆਸਤਦਾਨ
ਔਜਲਾ ਨੇ ਇਤਿਹਾਸਕ ਤੱਥਾਂ ਦਾ ਹਵਾਲਾ ਦਿੰਦਿਆਂ ਕਿਹਾ ਕਿ ਕਾਂਗਰਸ ਪਾਰਟੀ ਕੋਲ ਅੱਜ ਮੁੱਖ ਮੰਤਰੀ ਦੇ ਚਿਹਰੇ ਲਈ ਕਈ ਤਕੜੇ ਉਮੀਦਵਾਰ ਮੌਜੂਦ ਹਨ, ਜਦਕਿ ਵਿਰੋਧੀ ਪਾਰਟੀਆਂ ਕੋਲ ਇਕ ਵੀ ਢੁਕਵਾਂ ਕੈਂਡੀਡੇਟ ਨਹੀਂ ਹੈ। ਉਨ੍ਹਾਂ ਕਿਹਾ ਕਿ ਅੱਜ ਜੋ ਆਗੂ ਦੂਜੀਆਂ ਪਾਰਟੀਆਂ ਦੀ ਅਗਵਾਈ ਕਰ ਰਹੇ ਹਨ, ਉਹ ਵੀ ਕਾਂਗਰਸ ਦੀ ਹੀ ਦੇਣ ਹਨ। ਉਨ੍ਹਾਂ ਉਦਾਹਰਨ ਦਿੰਦਿਆਂ ਕਿਹਾ ਕਿ ਭਾਜਪਾ ਦੇ ਮੌਜੂਦਾ ਆਗੂ ਸੁਨੀਲ ਜਾਖੜ ਅਤੇ ਆਮ ਆਦਮੀ ਪਾਰਟੀ ਦੇ ਕੈਬਨਿਟ ਮੰਤਰੀ ਅਮਨ ਅਰੋੜਾ, ਜੋ ਅੱਜ ਆਪਣੀਆਂ ਪਾਰਟੀਆਂ ਦਾ ਧੁਰਾ ਬਣੇ ਹੋਏ ਹਨ, ਨੂੰ ਕਾਂਗਰਸ ਪਾਰਟੀ ਨੇ ਹੀ ਸਿਆਸਤ ਵਿਚ ਪੈਦਾ ਕੀਤਾ ਹੈ। ਹੋਰ ਵੀ ਦਿਲਚਸਪ ਤੱਥ ਸਾਂਝਾ ਕਰਦਿਆਂ ਸਾਂਸਦ ਔਜਲਾ ਨੇ ਕਿਹਾ ਕਿ ਪੰਜਾਬ ਦੇ ਪੰਜ ਵਾਰ ਮੁੱਖ ਮੰਤਰੀ ਰਹੇ ਸਵਰਗੀ ਪ੍ਰਕਾਸ਼ ਸਿੰਘ ਬਾਦਲ ਨੇ ਵੀ ਆਪਣੀ ਸਿਆਸੀ ਪਾਰੀ ਦੀ ਸ਼ੁਰੂਆਤ ਅਤੇ ਪਹਿਲੀ ਚੋਣ ਕਾਂਗਰਸ ਪਾਰਟੀ ਦੀ ਟਿਕਟ 'ਤੇ ਹੀ ਲੜੀ ਸੀ। ਉਨ੍ਹਾਂ ਕਿਹਾ ਕਿ ਕਾਂਗਰਸ ਇਕ ਅਜਿਹੀ ਜਥੇਬੰਦੀ ਹੈ ਜਿਸ ਨੇ ਹਮੇਸ਼ਾ ਤਕੜੇ ਆਗੂ ਪੈਦਾ ਕੀਤੇ ਹਨ।
ਇਹ ਵੀ ਪੜ੍ਹੋ : ਬੋਰਡ ਦੇ ਪੇਪਰਾਂ ਵਿਚਾਲੇ ਪੰਜਾਬ ਸਕੂਲ ਸਿੱਖਿਆ ਬੋਰਡ ਦਾ ਵੱਖਰਾ ਫ਼ਰਮਾਨ
2027 ਵਿਚ ਕਾਂਗਰਸ ਦੀ ਵਾਪਸੀ ਤੈਅ
ਵਰਕਰਾਂ ਵਿੱਚ ਜੋਸ਼ ਭਰਦਿਆਂ ਗੁਰਜੀਤ ਔਜਲਾ ਨੇ ਕਿਹਾ ਕਿ ਪੰਜਾਬ ਦੇ ਲੋਕ ਮੌਜੂਦਾ ਸਰਕਾਰ ਦੀਆਂ ਨੀਤੀਆਂ ਤੋਂ ਅੱਕ ਚੁੱਕੇ ਹਨ ਅਤੇ ਮੁੜ ਕਾਂਗਰਸ ਵੱਲ ਉਮੀਦ ਭਰੀਆਂ ਨਜ਼ਰਾਂ ਨਾਲ ਦੇਖ ਰਹੇ ਹਨ। ਉਨ੍ਹਾਂ ਸਮੂਹ ਵਰਕਰਾਂ ਨੂੰ ਅਪੀਲ ਕੀਤੀ ਕਿ ਉਹ ਹੁਣੇ ਤੋਂ ਹੀ ਤਕੜੇ ਹੋ ਕੇ ਮੈਦਾਨ ਵਿਚ ਨਿੱਤਰਨ। ਉਨ੍ਹਾਂ ਭਵਿੱਖਬਾਣੀ ਕੀਤੀ ਕਿ ਪੰਜਾਬ ਵਿਚ 2027 ਦੀਆਂ ਵਿਧਾਨ ਸਭਾ ਚੋਣਾਂ ਵਿਚ ਕਾਂਗਰਸ ਪਾਰਟੀ ਦੀ ਸਰਕਾਰ ਬਣਨਾ ਬਿਲਕੁਲ ਤੈਅ ਹੈ। ਰੈਲੀ ਦੌਰਾਨ ਔਜਲਾ ਨੇ ਮਨਰੇਗਾ ਮਜ਼ਦੂਰਾਂ ਅਤੇ ਕਿਸਾਨਾਂ ਦੀਆਂ ਮੁਸ਼ਕਿਲਾਂ ਦਾ ਜ਼ਿਕਰ ਕਰਦਿਆਂ ਕਿਹਾ ਕਿ ਪਾਰਟੀ ਹਮੇਸ਼ਾ ਦੱਬੇ-ਕੁਚਲੇ ਵਰਗਾਂ ਦੇ ਹੱਕਾਂ ਲਈ ਕੇਂਦਰ ਅਤੇ ਸੂਬਾ ਸਰਕਾਰ ਨਾਲ ਟੱਕਰ ਲੈਂਦੀ ਰਹੇਗੀ।
ਇਹ ਵੀ ਪੜ੍ਹੋ : ਮੋਗਾ : ਮੰਦਰ ਮੱਥਾ ਟੇਕ ਕੇ ਪਰਤ ਰਹੇ ਬੰਦੇ ਦੀ ਚਮਕੀ ਕਿਸਮਤ, ਰਾਤੋ-ਰਾਤ ਬਣ ਗਿਆ ਕਰੋੜ ਪਤੀ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
