ਸਰਕਾਰ ਬਨਣ ਤੋਂ ਬਾਅਦ ਵੀ ਵਫਾ ਨਹੀਂ ਹੋਏ ਕੈਪਟਨ ਦੇ ਵਾਅਦੇ, ਆਸ ''ਚ ਲੋਕ!

05/25/2017 6:48:42 PM

ਲੁਧਿਆਣਾ (ਖੁਰਾਣਾ) : ਵਿਧਾਨ ਸਭਾ ਚੋਣ ਤੋਂ ਠੀਕ ਪਹਿਲਾਂ ਕਾਂਗਰਸ ਵੱਲੋਂ ਪੰਜਾਬ ਦੀ ਜਨਤਾ ਨਾਲ ਕੀਤੇ ਗਏ ਅਹਿਮ ਵਾਅਦਿਆਂ ਵਿਚੋਂ ਇਕ ਇਹ ਵਾਅਦਾ ਵੀ ਅਜੇ ਤੱਕ ਵਫ਼ਾ ਨਹੀਂ ਹੋ ਸਕਿਆ, ਜਿਸ ਵਿਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਰਾਜ ਦੀ ਜਨਤਾ ਨੂੰ ਸਰਕਾਰੀ ਰਾਸ਼ਨ ਡਿਪੂਆਂ ''ਤੇ ਸਸਤੀ ਆਟਾ-ਦਾਲ ਯੋਜਨਾ ਦੇ ਨਾਲ-ਨਾਲ ਸੱਤਾ ਵਿਚ ਆਉਣ ''ਤੇ ਗਰੀਬ ਪਰਿਵਾਰਾਂ ਨੂੰ ਡਿਪੂਆਂ ਰਾਹੀਂ ਸਸਤੇ ਰੇਟਾਂ ''ਤੇ ਖੰਡ, ਘਿਓ ਤੇ ਚਾਹ ਪੱਤੀ ਦੇਣ ਦਾ ਸੁਪਨਾ ਦਿਖਾਇਆ ਹੈ। ਹੁਣ ਸਿੱਧੇ ਸ਼ਬਦਾਂ ਵਿਚ ਕਿਹਾ ਜਾਵੇ ਤਾਂ ਗਰੀਬਾਂ ਦੇ ਚੁੱਲ੍ਹਿਆਂ ਤੋਂ ਕੈਪਟਨ ਸਰਕਾਰ ਦੀ ਚੀਨੀ, ਘਿਓ ਤੇ ਚਾਹ ਪੱਤੀ ਦੇ ਉਬਾਲੇ ਦੀ ਖੁਸ਼ਬੂ ਅਜੇ ਤੱਕ ਨਹੀਂ ਉੱਠੀ ਹੈ। ਕਾਂਗਰਸ ਸਰਕਾਰ ਨੂੰ ਪੰਜਾਬ ਵਿਚ ਸੱਤਾ ਦੀ ਕਮਾਨ ਸੰਭਾਲਿਆਂ ਦੋ ਮਹੀਨੇ ਤੋਂ ਉੱਪਰ ਦਾ ਸਮਾਂ ਬੀਤ ਚੁੱਕਾ ਹੈ, ਜਿਸ ਨੂੰ ਲੈ ਕੇ ਯੋਜਨਾ ਨਾਲ ਜੁੜੇ ਲੱਖਾਂ ਪਰਿਵਾਰ ਬੜੀ ਬੇਸਬਰੀ ਨਾਲ ਸਰਕਾਰ ਦੇ ਵਾਅਦੇ ਨੂੰ ਪੂਰਾ ਹੋਣ ਦੀ ਰਾਹ ਤੱਕ ਰਹੇ ਹਨ ਕਿ ਕਦੋਂ ਸਰਕਾਰ ਰਾਸ਼ਨ ਡਿਪੂਆਂ ''ਤੇ ਉਕਤ ਖੁਰਾਕੀ ਵਸਤੂਆਂ ਮੁਹੱਈਆ ਕਰਵਾਏਗੀ।
ਇਥੇ ਦੱਸਣਾ ਉਚਿਤ ਹੋਵੇਗਾ ਕਿ ਉਕਤ ਗੱਲ ਦੀ ਜਾਣਕਾਰੀ ਖੁਰਾਕ ਤੇ ਖਪਤਕਾਰ ਵਿਭਾਗ ਦੇ ਅਧਿਕਾਰੀਆਂ ਨੂੰ ਵੀ ਮੌਜੂਦਾ ਸਮੇਂ ਵਿਚ ਨਹੀਂ ਹੈ ਕਿ ਉਕਤ ਵਸਤੂਆਂ ਕਦੋਂ ਤੋਂ ਡਿਪੂਆਂ ''ਤੇ ਮਿਲਣੀਆਂ ਸ਼ੁਰੂ ਹੋਣਗੀਆਂ। ਖ਼ਬਰ ਇਹ ਵੀ ਹੈ ਕਿ ਕੈਪਟਨ ਸਰਕਾਰ ਪੰਜਾਬ ਭਰ ਵਿਚ ਪਹਿਲਾਂ ਤੋਂ ਬਣੇ ਹੋਏ ਕਰੀਬ 35 ਲੱਖ ਤੋਂ ਵੱਧ ਨੀਲੇ ਕਾਰਡਾਂ ''ਤੇ ਲੱਗੀ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਤੇ ਸਾਬਕਾ ਖੁਰਾਕ ਅਤੇ ਖਪਤਕਾਰ ਮੰਤਰੀ (ਬਾਦਲ ਦੇ ਜਵਾਈ) ਆਦੇਸ਼ ਪ੍ਰਤਾਪ ਸਿੰਘ ਕੈਰੋਂ ਦੀ ਫੋਟੋ ਵੀ ਹਟਾਉਣ ਦੇ ਮੂਡ ਵਿਚ ਹੈ। ਸੂਤਰਾਂ ਦੀ ਮੰਨੀਏ ਤਾਂ ਇਸ ਲਈ ਸਰਕਾਰ ਨੇ ਬਕਾਇਦਾ ਖੁਰਾਕ ਅਤੇ ਖਪਤਕਾਰ ਵਿਭਾਗ ਨਾਲ ਸਬੰਧਿਤ ਅਧਿਕਾਰੀਆਂ ਨੂੰ ਕਥਿਤ ਆਦੇਸ਼ ਵੀ ਜਾਰੀ ਕਰ ਦਿੱਤੇ ਹਨ ਕਿ ਆਟਾ-ਦਾਲ ਯੋਜਨਾ ਦੀ ਵੰਡ ਦੌਰਾਨ ਰਾਸ਼ਨ ਕਾਰਡ ''ਤੇ ਕਿਸੇ ਵੀ ਰਾਜਨੀਤਿਕ ਪਾਰਟੀ ਦੇ ਨੇਤਾ ਦੀ ਫੋਟੋ ਨਹੀਂ ਲੱਗੀ ਹੋਣੀ ਚਾਹੀਦੀ। ਚੇਤੇ ਰਹੇ ਕਿ ਪਹਿਲਾਂ ਕਰੀਬ 10 ਸਾਲਾਂ ਤੋਂ ਰਾਜ ਭਰ ਵਿਚ ਨੀਲੇ ਕਾਰਡਾਂ ''ਤੇ ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਤੇ ਵਿਭਾਗ ਦੇ ਮੰਤਰੀ ਆਦੇਸ਼ ਪ੍ਰਤਾਪ ਸਿੰਘ ਕੈਰੋਂ ਦੀ ਫੋਟੋ ਲੱਗੀ ਹੋਈ ਹੈ।


Gurminder Singh

Content Editor

Related News