ਕਾਂਗਰਸ ਦੇ ਰਾਜ ''ਚ ਵੀ ਰੁਲਿਆ ਕਿਸਾਨ

Friday, May 04, 2018 - 05:04 PM (IST)

ਹੁਸ਼ਿਆਰਪੁਰ (ਘੁੰਮਣ)-ਸਮੇਂ-ਸਮੇਂ ਦੀਆਂ ਸਰਕਾਰਾਂ ਵੱਲੋਂ ਕਿਸਾਨਾਂ ਨਾਲ ਝੂਠੇ ਵਾਅਦੇ ਕਰਕੇ ਉਨ੍ਹਾਂ ਦਾ ਕੋਝਾ ਮਜਾਕ ਉਡਾਇਆ ਜਾਂਦਾ ਹੈ। ਸ਼ਾਇਦ ਸਰਕਾਰਾਂ ਨੂੰ ਇਨ੍ਹਾਂ ਤੋਂ ਇਲਾਵਾ ਹੋਰ ਕੋਈ ਵਰਗ ਨਜ਼ਰ ਨਹੀਂ ਆਉਂਦਾ। ਗਰਮੀ ਦੇ ਮੌਸਮ ਦੇ ਚੱਲਦਿਆਂ ਪਾਵਰਕਾਮ ਮੋਟਰਾਂ ਦੀ ਨਿਰਵਿਘਨ ਸਪਲਾਈ ਦੇਣ 'ਚ ਵੀ ਉਨ੍ਹਾਂ ਦਾ ਮਜ਼ਾਕ ਉਡਾਉਣ 'ਚ ਪਿੱਛੇ ਨਹੀਂ ਰਿਹਾ। ਚੋਣਾਂ ਸਮੇਂ ਕਿਸਾਨਾਂ ਦੀਆਂ ਵੋਟਾਂ ਦੀ ਯਾਦ ਇਨ੍ਹਾਂ ਰਾਜਨੀਤਿਕ ਪਾਰਟੀਆਂ ਨੂੰ ਬਹੁਤ ਸਤਾਉਂਦੀ ਹੈ ਤੇ ਇਨ੍ਹਾਂ ਨਾਲ ਕਈ ਤਰ੍ਹਾਂ ਦੇ ਦਾਅਵੇ-ਵਾਅਦੇ ਕੀਤੇ ਜਾਂਦੇ ਹਨ ਪਰ ਸੱਤਾ ਪ੍ਰਾਪਤੀ ਤੋਂ ਬਾਅਦ ਕਿਸਾਨਾਂ ਦੀ ਬਾਤ ਨਹੀਂ ਪੁੱਛੀ ਜਾਂਦੀ ਤੇ ਮੋਟਰਾਂ ਦੀ ਬਿਜਲੀ ਸਪਲਾਈ ਬੰਦ ਕਰਕੇ ਇਨ੍ਹਾਂ ਨੂੰ ਆਪਣੀਆਂ ਪੁੱਤਾਂ ਵਾਂਗ ਪਾਲੀਆਂ ਫ਼ਸਲਾਂ ਨੂੰ ਪਾਣੀ ਪਿਲਾਉਣ ਤੋਂ ਵੀ ਵਾਂਝਾ ਕਰ ਦਿੱਤਾ ਜਾਂਦਾ ਹੈ। ਬਾਕੀ ਪੰਜਾਬ ਨੂੰ ਛੱਡ ਕੇ ਦੋਆਬਾ ਅੰਦਰ ਕਣਕ-ਝੋਨੇ ਹੇਠ ਰਕਬਾ ਘੱਟ ਅਤੇ ਸਬਜ਼ੀਆਂ ਤੇ ਗੰਨੇ ਦਾ ਰਕਬਾ ਜ਼ਿਆਦਾ ਹੋਣ ਕਰਕੇ ਕਿਸਾਨਾਂ ਨੂੰ ਨਿਰਵਿਘਨ 8 ਘੰਟੇ ਬਿਜਲੀ ਸਪਲਾਈ ਦੀ ਲੋੜ ਹੈ ਪਰ 4 ਘੰਟੇ ਵੀ ਨਿਰਵਿਘਨ ਬਿਜਲੀ ਸਪਲਾਈ ਨਹੀਂ ਮਿਲ ਰਹੀ। ਕਿਸਾਨ ਕਦੇ ਸਰਕਾਰ ਤੇ ਕਦੇ ਮਹਿਕਮੇ ਨੂੰ ਕੋਸਦੇ ਰਹਿੰਦੇ ਹਨ। ਕੋਈ ਵੀ ਇਨ੍ਹਾਂ ਦੀ ਬਾਤ ਨਹੀਂ ਪੁੱਛਦਾ। 
ਪਾਵਰਕਾਮ ਵੱਲੋਂ ਜਿਹੜੀ ਸਪਲਾਈ ਦਿੱਤੀ ਜਾਂਦੀ ਹੈ, ਉਸ ਵਿਚ ਐਨੇ ਕੱਟ ਲਗਾਏ ਜਾਂਦੇ ਹਨ ਕਿ ਜੇਕਰ ਤਿੰਨ ਘੰਟੇ ਬਿਜਲੀ ਸਪਲਾਈ ਦਿੱਤੀ ਜਾਵੇ ਤਾਂ ਉਸ ਵਿਚ ਵੀ 20 ਤੋਂ 25 ਕੱਟ ਲੱਗਾ ਦਿੱਤੇ ਜਾਂਦੇ ਹਨ, ਜਿਸ ਨਾਲ ਪਾਣੀ ਖੇਤਾਂ ਤੱਕ ਵੀ ਨਹੀਂ ਪਹੁੰਚਦਾ। ਸਾਰਾ ਦਿਨ 'ਚ ਇਕ ਕਿਆਰਾ ਪਾਣੀ ਦਾ ਭਰਨਾ ਵੀ ਬਹੁਤ ਮੁਸ਼ਕਿਲ ਹੋ ਜਾਂਦਾ ਹੈ। ਦੁਪਹਿਰ ਦੀ ਗਰਮੀ ਆਪਣੇ ਪਿੰਡੇ 'ਤੇ ਹੰਢ੍ਹਾ ਕੇ ਜਾਂ ਰਾਤ ਦੇ ਹਨੇਰੇ 'ਚ ਟੱਕਰਾਂ ਮਾਰ ਕੇ ਕਿਸਾਨ ਨੂੰ ਘਰਾਂ ਨੂੰ ਪਰਤਣਾ ਪੈਂਦਾ ਹੈ ਤੇ ਉਹ ਆਪਣੀ ਤਕਦੀਰ ਨੂੰ ਕੋਸਦਾ ਹੈ। 
ਦੇਸ਼ ਦਾ ਅੰਨਦਾਤਾ ਬਣਿਆ ਭਿਖਾਰੀ
ਕਿਸੇ ਸਮੇਂ ਦੇਸ਼ ਦਾ ਅੰਨਦਾਤਾ ਕਹਾਉਣ ਵਾਲਾ ਕਿਸਾਨ ਅੱਜ ਭਿਖਾਰੀ ਬਣ ਕੇ ਰਹਿ ਗਿਆ ਹੈ। ਭਾਵੇਂ ਮੰਡੀਆਂ ਅੰਦਰ ਸੁੱਟੀ ਫ਼ਸਲ ਦੇ ਪੈਸੇ ਮੰਗਣੇ ਹੋਣ ਜਾਂ ਮਿੱਲਾਂ 'ਚ ਗੰਨੇ ਦੀ ਅਦਾਇਗੀ ਲੈਣੀ ਹੋਵੇ ਜਾਂ ਫਿਰ ਨਿਰਵਿਘਨ ਬਿਜਲੀ ਸਪਲਾਈ ਦੀ ਮੰਗ ਹੋਵੇ ਤੇ ਆਪਣੀਆਂ ਹੱਕੀ ਮੰਗਾਂ ਲਈ ਕਿਸਾਨ ਸੜਕਾਂ 'ਤੇ ਉਤਰਨ ਲਈ ਮਜ਼ਬੂਰ ਹਨ ਤੇ ਮਿਹਨਤ-ਮੁਸ਼ੱਕਤ ਦੀ ਕਮਾਈ ਲੈਣ ਲਈ ਵੀ ਸੰਘਰਸ਼ ਕਰਨੇ ਪੈ ਰਹੇ ਹਨ। ਅੱਜ ਬਿਜਲੀ ਦੀ ਸਪਲਾਈ ਲੈਣ ਲਈ ਕਿਸਾਨ ਹਰ ਪਾਸੇ ਧਰਨੇ-ਮੁਜ਼ਾਹਰੇ ਦੇ ਰਹੇ ਹਨ ਅਤੇ ਕਦੇ ਸਰਕਾਰਾਂ ਅੱਗੇ ਤੇ ਕਦੇ ਮਹਿਕਮਿਆਂ ਅੱਗੇ ਹੱਥ ਅੱਡਣੇ ਪੈ ਰਹੇ ਹਨ।
ਸਬਜ਼ੀਆਂ, ਗੰਨੇ ਤੇ ਮੱਕੀ ਦੀ ਫ਼ਸਲ ਲੱਗੀ ਮੁਰਝਾਉਣ
ਮੋਟਰਾਂ 'ਤੇ ਨਿਰਵਿਘਨ ਸਪਲਾਈ ਨਾ ਮਿਲਣ ਕਾਰਨ ਸਬਜ਼ੀਆਂ ਜਿਨ੍ਹਾਂ ਨੂੰ ਪਾਣੀ ਦੀ ਬਹੁਤ ਜਿਆਦਾ ਲੋੜ ਹੈ ਤੇ ਗੰਨੇ ਦੀ ਫ਼ਸਲ ਜੋ ਕਿ ਗੜੂੰਏਂ ਵਰਗੀ ਨਾਮੁਰਾਦ ਬਿਮਾਰੀ ਦੀ ਲਪੇਟ 'ਚ ਹੈ, ਨੂੰ ਬਚਾਉਣ ਲਈ ਕਿਸਾਨਾਂ ਨੂੰ ਮਹਿੰਗੇ ਭਾਅ ਦੀ ਕੋਰਾਜ਼ਿਨ ਵਰਗੀ ਮਹਿੰਗੀ ਸਪਰੇਅ ਕਰਨ ਲਈ ਪਾਣੀ ਦੀ ਲੋੜ ਹੁੰਦੀ ਹੈ ਤੇ ਕੁੱਝ ਘੰਟੇ ਬਾਅਦ ਹੀ ਸਪਰੇਅ ਕਰਨੀ ਪੈਂਦੀ ਹੈ, ਨਹੀਂ ਤਾਂ ਇਹ ਮਹਿੰਗੀ ਦਵਾਈ ਨਸ਼ਟ ਹੋ ਜਾਂਦੀ ਹੈ ਤੇ ਕਿਸਾਨਾਂ ਨੂੰ ਆਪਣੀ ਫ਼ਸਲ ਨੂੰ ਬਚਾਉਣ ਲਈ ਬਿਜਲੀ ਤੇ ਪਾਣੀ ਦੀ ਅਹਿਮ ਲੋੜ ਹੈ। ਜਦਕਿ ਮੱਕੀ ਦੀ ਫ਼ਸਲ ਅੱਜ-ਕੱਲ ਗਰਮੀ ਦੇ ਮੌਸਮ 'ਚ ਪਾਣੀ ਦੇ  ਸਹਾਰੇ ਹੀ ਪਲਦੀ ਹੈ ਨਹੀਂ ਤਾਂ ਕੜਦੀ ਧੁੱਪ ਵਿਚ ਪਾਣੀ ਨਾ ਮਿਲਣ ਕਾਰਨ ਉਹ ਸੁੱਕ ਜਾਂਦੀ ਹੈ ਤੇ ਦਾਣਾ ਲੈਣ ਤੋਂ ਅਸਮਰੱਥ ਹੋ ਜਾਂਦੀ ਹੈ।
ਕੱਤੋਵਾਲ ਫੀਡਰ ਰਹਿੰਦਾ ਫਾਲਟਾਂ 'ਚ ਘਿਰਿਆ
ਸੂਸਾਂ ਬਿਜਲੀ ਘਰ ਤੋਂ ਚੱਲਦੇ ਕੱਤੋਵਾਲ ਫੀਡਰ ਅਧੀਨ ਆਉਂਦੇ ਕਿਸਾਨਾਂ ਨੇ ਭਰੇ ਮਨ ਨਾਲ ਦੱਸਿਆ ਕਿ ਇਸ ਫੀਡਰ ਦਾ ਲਗਦਾ ਹੈ ਕਿ ਕੋਈ ਵੇਲੀ-ਵਾਰਿਸ ਨਹੀਂ ਹੈ। ਇਸ ਫੀਡਰ 'ਚ ਇਕ ਵਾਰ ਕੋਈ ਫਾਲਟ ਪੈ ਜਾਣ 'ਤੇ ਆਮ ਤੌਰ 'ਤੇ ਇਹ ਕਈ-ਕਈ ਦਿਨ ਬੰਦ ਰਹਿੰਦਾ ਹੈ ਤੇ 4 ਘੰਟੇ ਬਿਜਲੀ ਸਪਲਾਈ ਜੋ ਮਹਿਕਮੇ ਵੱਲੋਂ ਦੇਣ ਦਾ ਦਾਅਵਾ ਕੀਤਾ ਜਾਂਦਾ ਹੈ, ਉਹ ਵੀ ਪੂਰੀ ਨਹੀਂ ਹੁੰਦੀ। ਇਹ ਫੀਡਰ ਫਾਲਟਾਂ ਨਾਲ ਘਿਰਿਆ ਹੋਣ ਕਾਰਨ ਇਥੇ ਦੋ-ਢਾਈ ਘੰਟੇ ਬਾਅਦ ਹੀ ਸਪਲਾਈ ਠੁੱਸ ਹੋ ਜਾਂਦੀ ਹੈ। ਉਨ੍ਹਾਂ ਦੱਸਿਆ ਕਿ ਜਦੋਂ ਸਪਲਾਈ ਦੇ ਬੰਦ ਹੋਣ ਸਬੰਧੀ ਬਿਜਲੀ ਘਰ ਸੂਸਾਂ ਨਾਲ ਸੰਪਰਕ ਕੀਤਾ ਜਾਂਦਾ ਹੈ ਤਾਂ ਉਨ੍ਹਾਂ ਕੋਲ ਘੜਿਆ-ਘੜਾਇਆ ਜਵਾਬ ਹੁੰਦਾ ਹੈ ਕਿ ਅੱਗੇ ਫਾਲਟ ਪੈ ਗਿਆ ਹੋਣਾ ਹੈ, ਅਸੀਂ ਸਬੰਧਿਤ ਅਧਿਕਾਰੀ ਨੂੰ ਦੱਸ ਦਿੱਤਾ ਹੈ। ਮੁਲਾਜ਼ਮ ਇਹ ਕਹਿ ਕੇ ਆਪਣਾ ਪੱਲਾ ਝਾੜ ਲੈਂਦੇ ਹਨ। 
ਕੀ ਕਹਿੰਦੇ ਹਨ ਜੇ. ਈ.
ਜਦੋਂ 4 ਘੰਟੇ ਨਿਰਵਿਘਨ ਬਿਜਲੀ ਸਪਲਾਈ ਪਿਛਲੇ ਦਿਨ ਨਾ ਮਿਲਣ ਸਬੰਧੀ ਸਬੰਧਿਤ ਜੇ. ਈ. ਨਾਲ ਗੱਲਬਾਤ ਕੀਤੀ ਗਈ ਤਾਂ ਉਹ ਸਟਾਫ ਦੀ ਕਮੀ ਤੇ ਮੁਲਾਜ਼ਮਾਂ ਦੀ ਛੁੱਟੀ ਹੋਣ ਦਾ ਹਵਾਲਾ ਦੇ ਕੇ ਪੱਲਾ ਛੁਡਾਉਂਦੇ ਨਜ਼ਰ ਆਏ।


Related News