ਖੇਤੀਬਾੜੀ ਵਿਭਾਗ ਦੀ ਰਾਜ ਪੱਧਰੀ ਕਪਾਹ ਕੀਟ ਨਿਗਰਾਨ ਟੀਮ ਵੱਲੋਂ ਫਾਜ਼ਿਲਕਾ ਜ਼ਿਲ੍ਹੇ ਦਾ ਦੌਰਾ
Thursday, Sep 11, 2025 - 05:01 PM (IST)

ਫਾਜਿਲ਼ਕਾ (ਸੁਖਵਿੰਦਰ ਥਿੰਦ) : ਪੰਜਾਬ ਰਾਜ ਪੱਧਰੀ ਨਰਮਾ/ਕਪਾਹ ਕੀਟ ਨਿਗਰਾਨ ਟੀਮ ਵੱਲੋਂ ਜ਼ਿਲ੍ਹਾ ਫਾਜ਼ਿਲਕਾ ਦੇ ਬਲਾਕ ਅਬੋਹਰ ਦੇ ਨਰਮੇ ਦੀ ਬਿਜਾਂਦ ਵਾਲੇ ਵੱਖ-ਵੱਖ ਪਿੰਡਾਂ ਦਾ ਦੌਰਾ ਕੀਤਾ ਗਿਆ ਹੈ। ਸਾਰੇ ਸਥਾਨਾਂ 'ਤੇ ਨਰਮੇ ਦਾ ਰਸ ਚੂਸਣ ਵਾਲੇ ਕੀਟਾਂ (ਚਿੱਟੀ ਮੱਖੀ ਅਤੇ ਤੇਲੇ) ਦੀ ਗਿਣਤੀ ਨੁਕਸਾਨ ਦੀ ਹੱਦ ਦੇ ਪੱਧਰ ਤੋਂ ਘੱਟ ਸੀ। ਇਹ ਜਾਣਕਾਰੀ ਮੁੱਖ ਖੇਤੀਬਾੜੀ ਅਫ਼ਸਰ ਰਾਜਿੰਦਰ ਕੁਮਾਰ ਕੰਬੋਜ ਨੇ ਦਿੱਤੀ। ਇਸ ਟੀਮ 'ਚ ਟੀਮ ਮੈਂਬਰ ਚਰਨਜੀਤ ਸਿੰਘ ਡਿਪਟੀ ਡਾਇਰੈਕਟਰ ਕਾਟਨ ਮੁਕਤਸਰ ਸਾਹਿਬ, ਯਾਦਵਿੰਦਰ ਸਿੰਘ ਸਹਾਇਕ ਮੰਡੀਕਰਨ ਅਫ਼ਸਰ ਫਰੀਦਕੋਟ ਅਤੇ ਅਮਨ ਕੇਸ਼ਵ ਪ੍ਰਾਜੈਕਟ ਡਾਇਰੈਕਟਰ ਆਤਮਾ ਫਰੀਦਕੋਟ ਸ਼ਾਮਲ ਸਨ।
ਇਸ ਮੌਕੇ ਬਲਾਕ ਖੇਤੀਬਾੜੀ ਅਫ਼ਸਰ ਅਬੋਹਰ ਸੀਸ਼ਪਾਲ ਗੋਦਾਰਾ, ਖੇਤੀਬਾੜੀ ਵਿਸਥਾਰ ਅਫ਼ਸਰ ਗਿਆਨ ਚੰਦ, ਖੇਤੀਬਾੜੀ ਵਿਕਾਸ ਅਫ਼ਸਰ ਰਜਿੰਦਰ ਵਰਮਾ ਅਤੇ ਖੇਤੀਬਾੜੀ ਉਪਨੀਰਿਖਣ ਵਿਪਨ ਕੁਮਾਰ ਵੀ ਹਾਜ਼ਰ ਸਨ। ਇਸ ਦੌਰਾਨ ਮੌਕੇ 'ਤੇ ਮੌਜੂਦ ਕਿਸਾਨਾਂ ਅਤੇ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਦੇ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਐਡਵਾਈਜ਼ਰੀ ਜਾਰੀ ਕਰਦੇ ਹੋਏ ਕਿਹਾ ਗਿਆ ਕਿ ਜੇਕਰ ਚਿੱਟੀ ਮੱਖੀ ਜਾਂ ਤੇਲੇ ਦੀ ਗਿਣਤੀ ਨੁਕਸਾਨ ਦੀ ਹੱਦ ਤੋਂ ਵੱਧ ਜਾਂਦੀ ਹੈ ਤਾਂ ਫਲੋਨੀਕਾਮਿਡ 50 ਡਬਲਯੂਜੀ 80 ਗ੍ਰਾਮ/ਏਕੜ ਜਾਂ ਡਾਇਨੋਟੇਫੁਰਾਨ 20 ਐਸਜੀ 60 ਗ੍ਰਾਮ/ਏਕੜ ਦਾ ਛਿੜਕਾਅ ਕੀਤਾ ਜਾਵੇ।
ਚਿੱਟੀ ਮੱਖੀ ਦੇ ਬਾਲਗਾਂ ਅਤੇ ਨਿੰਫ ਦੀ ਆਬਾਦੀ ਦੇ ਜ਼ਿਆਦਾ ਹਮਲੇ ਦੀ ਸਥਿਤੀ 'ਚ 5-7 ਦਿਨਾਂ ਦੇ ਅੰਤਰਾਲ ਨਾਲ ਅਫੀਡੋਪਾਇਰੋਪੇਨ 400ਮਿਲੀ/ਏਕੜ ਜਾਂ ਪਾਇਰੀਫਲੂਕੁਇਟਜ਼ੋਨ 200 ਗ੍ਰਾਮ/ਏਕੜ ਨੂੰ ਤਰਜੀਹ ਦਿਓ ਅਤੇ ਉਸ ਤੋਂ ਬਾਅਦ ਪਾਇਰੀਪ੍ਰੋਕਸੀਫੇਨ 500 ਮਿਲੀ/ਏਕੜ ਨੂੰ ਤਰਜ਼ੀਹ ਦਿਓ। ਜਿੱਥੇ ਵੀ ਗੁਲਾਬੀ ਸੁੰਡੀ ਦੀ ਘਟਨਾ ਦੇਖੀ ਗਈ, ਉੱਥੇ ਕੀਟਨਾਸ਼ਕਾਂ ਜਿਵੇਂ ਕਿ ਪ੍ਰੋਫੇਨੋਫੋਸ 50 ਈਸੀ 500 ਮਿਲੀ ਪ੍ਰਤੀ ਏਕੜ ਜਾਂ ਇਮੈਮਕਟੀਨ ਬੈਨਜੋਏਟ 5 ਐਸਜੀ 100 ਗ੍ਰਾਮ/ਏਕੜ ਦਾ ਛਿੜਕਾਅ ਕਰਨ ਦੀ ਸਲਾਹ ਦਿੱਤੀ ਗਈ।
ਕਿਸਾਨਾਂ ਨੂੰ ਸਲਾਹ ਦਿੱਤੀ ਗਈ ਕਿ ਜਿੱਥੇ ਕਿਤੇ ਟਿੰਡਿਆਂ ਦੇ ਗਲਣ ਜਾਂ ਪੱਤਿਆਂ ਦੇ ਗਲਣ ਦੀ ਬਿਮਾਰੀ ਨਜ਼ਰ ਆਉਂਦੀ ਹੈ ਜਾਂ ਜਿੱਥੇ ਬਾਰਸ਼ ਕਾਰਨ ਫ਼ਸਲ ਡਿੱਗ ਗਈ ਹੋਵੇ, ਉੱਥੇ ਐਮਿਸਟਾਰ ਟੌਪ 2 ਮਿ.ਲੀ./ਲੀਟਰ ਪਾਣੀ ਦਾ ਛਿੜਕਾਅ ਕੀਤਾ ਜਾਵੇ। ਭਾਰੀ ਮੀਂਹ ਤੋਂ ਬਾਅਦ ਕੁੱਝ ਖੇਤਾਂ ਵਿੱਚ ਪੈਰਾ ਵਿਲਟ ਕਾਰਨ ਮੁਰਝਾਅ ਦੇਖਿਆ ਗਿਆ ਅਤੇ ਕਿਸਾਨਾਂ ਨੂੰ ਸਲਾਹ ਦਿੱਤੀ ਗਈ ਕਿ ਉਹ ਮੁਰਝਾਅ ਦੇ ਸ਼ੁਰੂਆਤੀ ਪੜਾਅ 'ਤੇ ਪ੍ਰਭਾਵਿਤ ਪੌਦਿਆਂ 'ਤੇ ਕੋਬਾਲਟ ਕਲੋਰਾਈਡ 10 ਮਿਲੀਗ੍ਰਾਮ/ਲੀਟਰ ਪਾਣੀ ਦਾ ਛਿੜਕਾਅ ਕਰਨ। ਬਾਕੀ ਸਾਰੀਆਂ ਥਾਵਾਂ 'ਤੇ ਸਮੁੱਚੇ ਤੌਰ 'ਤੇ ਫ਼ਸਲ ਦੀ ਸਥਿਤੀ ਚੰਗੀ ਹੈ ਅਤੇ ਕਿਸਾਨਾਂ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਉਹ 13-0-45 ਦਾ ਛਿੜਕਾਅ ਕਰਨ ਅਤੇ ਕੀੜਿਆਂ ਦੇ ਹਮਲੇ ਲਈ ਨਿਯਮਤ ਤੌਰ 'ਤੇ ਆਪਣੇ ਖੇਤਾਂ ਦੀ ਨਿਗਰਾਨੀ ਕਰਦੇ ਰਹਿਣ।