ਪਟਿਆਲਾ ਪਹੁੰਚੇ ਕੇਂਦਰੀ ਰਾਜ ਮੰਤਰੀ, ਗਵਰਨਰ ਤੇ ਪ੍ਰਨੀਤ ਕੌਰ ਨੇ ਕੀਤੀ ਮੀਟਿੰਗ
Saturday, Sep 13, 2025 - 06:08 PM (IST)

ਪਟਿਆਲਾ (ਸੁਖਦੀਪ ਸਿੰਘ ਮਾਨ) : ਹਲਕਾ ਸ਼ੁਤਰਾਣਾ ਦੇ ਭਾਜਪਾ ਇੰਚਾਰਜ ਨਰਾਇਣ ਸਿੰਘ ਨਰਸੋਤ ਸਮੇਤ ਹੋਰ ਸੀਨੀਅਰ ਆਗੂਆਂ ਨੇ ਪ੍ਰਨੀਤ ਕੌਰ ਸਾਬਕਾ ਰਾਜ ਮੰਤਰੀ ਦੀ ਅਗਵਾਈ ਹੇਠ ਪੰਜਾਬ ਦੇ ਗਵਰਨਰ ਗੁਲਾਬ ਚੰਦ ਕਟਾਰੀਆ ਨਾਲ ਮੀਟਿੰਗ ਕੀਤੀ। ਉਨ੍ਹਾਂ ਨੇ ਹੜ੍ਹਾਂ ਕਾਰਨ ਹੋਏ ਜ਼ਿਲੇ ਵਿਚ ਪੈਂਦੇ ਵਿਧਾਨ ਸਭਾ ਹਲਕਿਆਂ ਅੰਦਰ ਜਾਨੀ ਮਾਲੀ ਨੁਕਸਾਨ ਤੋਂ ਜਾਣੂ ਕਰਾਉਂਦੇ ਹੋਏ ਕਿਹਾ ਕਿ ਘੱਗਰ ਦਰਿਆ ਦੇ ਪਾਣੀ ਦੀ ਮਾਰ ਤੋਂ ਬਚਾਉਣ ਲਈ ਸਥਾਈ ਹੱਲ ਦੀ ਅਪੀਲ ਕੀਤੀ।
ਗਵਰਨਰ ਗੁਲਾਬ ਚੰਦ ਕਟਾਰੀਆ ਨੇ ਖਨੌਰੀ ਵਿਖੇ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰੇ ਦੌਰਾਨ ਕਿਹਾ ਕਿ ਕੇਂਦਰ ਸਰਕਾਰ ਨੇ ਮੌਜੂਦਾ ਹਾਲਾਤ ਦੇਖ ਕੇ 1600 ਕਰੋੜ ਰੁਪਏ ਦਾ ਤੁਰੰਤ ਰਾਹਤ ਪੈਕੇਜ ਜਾਰੀ ਕੀਤਾ ਹੈ ਅਤੇ ਨੁਕਸਾਨ ਦਾ ਵਿਸਥਾਰਤ ਮੁਲਾਂਕਣ ਹੋਣ ਤੋਂ ਬਾਅਦ ਹੋਰ ਮਦਦ ਦਿੱਤੀ ਜਾਵੇਗੀ। ਗਵਰਨਰ ਨੇ ਇਹ ਵੀ ਜ਼ੋਰ ਦਿੱਤਾ ਕਿ ਕੇਂਦਰ ਅਤੇ ਪੰਜਾਬ ਸਰਕਾਰ ਦੋਵੇਂ ਹੀ ਪੂਰੀ ਤਾਕਤ ਨਾਲ ਹੜ੍ਹ ਪ੍ਰਭਾਵਿਤ ਲੋਕਾਂ ਦੀ ਮਦਦ ਕਰ ਰਹੀਆਂ ਹਨ। ਖੇਤੀਬਾੜੀ, ਘਰਾਂ ਅਤੇ ਜਾਨਵਰਾਂ ਦੇ ਨੁਕਸਾਨ ਦਾ ਜਾਚਣ ਕਰਕੇ ਅੱਗੇ ਦੀ ਕਾਰਵਾਈ ਕੀਤੀ ਜਾਵੇਗੀ ਅਤੇ ਰਾਹਤ ਕਾਰਜ ਦੌਰਾਨ ਨਿਗਰਾਨੀ ਜਾਰੀ ਹੈ। ਉਨ੍ਹਾਂ ਨੇ ਪ੍ਰਭਾਵਿਤ ਲੋਕਾਂ ਨੂੰ ਹਰ ਸੰਭਵ ਸਹਾਇਤਾ ਦਾ ਯਕੀਨ ਦਵਾਇਆ ਹੈ।