ਗੁਰਦੁਆਰਾ ਸ਼੍ਰੀ ਬੇਰ ਸਾਹਿਬ ਵਿਖੇ ਨਤਮਸਤਕ ਹੋਏ ਰਾਜ ਕੁੰਦਰਾ, ਹੜ੍ਹ ਪੀੜਤਾਂ ਲਈ ਕੀਤਾ ਇਹ ਐਲਾਨ
Friday, Sep 12, 2025 - 09:08 PM (IST)

ਸੁਲਤਾਨਪੁਰ ਲੋਧੀ (ਸੋਢੀ, ਅਸ਼ਵਨੀ) - ਬਾਲੀਵੁੱਡ ਅਦਾਕਾਰਾ ਸ਼ਿਲਪਾ ਸ਼ੈਟੀ ਦੇ ਪਤੀ ਅਤੇ ਨਿਰਦੇਸ਼ਕ ਰਾਜ ਕੁੰਦਰਾ ਨੇ ਸੁਲਤਾਨਪੁਰ ਲੋਧੀ ਦੇ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕਰਨ ਤੋਂ ਬਾਅਦ ਪੀੜਤਾਂ ਦਾ ਹਾਲ-ਚਾਲ ਪੁੱਛਿਆ ਅਤੇ ਹੜ੍ਹ ’ਚ ਆਪਣੇ ਪਸ਼ੂ ਗੁਆ ਚੁੱਕੇ ਲੋਕਾਂ ਦੀ ਰੋਜ਼ੀ-ਰੋਟੀ ਲਈ 100 ਮੱਝਾਂ ਦੇਣ ਦਾ ਐਲਾਨ ਕੀਤਾ।
ਇਸ ਤੋਂ ਪਹਿਲਾਂ ਚਿੱਟੀ ਪੱਗ ਬੰਨ੍ਹ ਕੇ ਇਤਿਹਾਸਕ ਗੁਰਦੁਆਰਾ ਸ੍ਰੀ ਬੇਰ ਸਾਹਿਬ ਵਿਖੇ ਮੱਥਾ ਟੇਕਣ ਆਏ ਫਿਲਮ ਨਿਰਮਾਤਾ ਕੁੰਦਰਾ ਨੇ ਦਰਬਾਰ ਹਾਲ ’ਚ ਬੈਠ ਕੇ ਗੁਰਬਾਣੀ ਕੀਰਤਨ ਵੀ ਸੁਣਿਆ। ਇਸ ਮੌਕੇ ਗੁਰਦੁਆਰਾ ਸਾਹਿਬ ਦੇ ਮੈਨੇਜਰ ਅਵਤਾਰ ਸਿੰਘ ਅਤੇ ਮੁੱਖ ਗ੍ਰੰਥੀ ਹਰਜਿੰਦਰ ਸਿੰਘ ਨੇ ਕੁੰਦਰਾ ਨੂੰ ਸਿਰੋਪਾਓ ਭੇਟ ਕਰ ਕੇ ਸਨਮਾਨਿਤ ਕੀਤਾ।
ਇਸ ਮੌਕੇ ਜਸਪਾਲ ਸਿੰਘ ਸਰਪੰਚ ਫੋਤੇਵਾਲ, ਮੇਜਰ ਸਿੰਘ ਸਰਪੰਚ ਜੈਨਪੁਰ, ਜੋਗਿੰਦਰ ਸਿੰਘ ਨੰਬਰਦਾਰ ਸਾਹਵਾਲ, ਗੁਰਦੇਵ ਸਿੰਘ ਪੱਪਾ ਮਹਿਜੀਤਪੁਰ ਸਰਪੰਚ, ਲਾਭ ਸਿੰਘ ਸਰਪੰਚ, ਬਾਬਾ ਬੰਦਾ ਸਿੰਘ ਬਹਾਦਰ ਫਾਊਂਡੇਸ਼ਨ ਦੇ ਮੁਖੀ ਕਵਲਨੈਣ ਸਿੰਘ ਕੇਨੀ ਜੱਜ, ਤਹਿਸੀਲਦਾਰ ਪਰਮਿੰਦਰ ਸਿੰਘ, ਨਾਇਬ ਤਹਿਸੀਲਦਾਰ ਗੌਰਵ ਬਾਂਸਲ, ਰਜਿਸਟਰੀ ਕਲਰਕ ਹਰਪ੍ਰੀਤ ਸਿੰਘ ਸੰਧੂ, ਰੀਡਰ ਚਤਰ ਸਿੰਘ, ਡਾਇਰੈਕਟਰ ਰਾਕੇਸ਼ ਮਹਿਤਾ, ਸਰਵਣ ਸਿੰਘ ਆਦਿ ਹਾਜ਼ਰ ਸਨ।