ਲੁਧਿਆਣਾ ''ਚ ਚੋਣ ਲੜਨ ਦੇ ਇੱਛੁਕ ਕਾਂਗਰਸੀ ਦਿਨ-ਰਾਤ ਆਕਾਵਾਂ ਦੀ ਸ਼ਰਨ ''ਚ

12/22/2017 10:05:02 AM

ਲੁਧਿਆਣਾ (ਰਿੰਕੂ)-ਵਿਧਾਨ ਸਭਾ ਚੋਣਾਂ ਤੋਂ ਬਾਅਦ ਸਥਾਨਕ ਸਰਕਾਰਾਂ ਚੋਣ ਵਿਚ ਜਲੰਧਰ, ਅੰਮ੍ਰਿਤਸਰ, ਪਟਿਆਲਾ ਸਮੇਤ ਕਈ ਨਗਰ ਪੰਚਾਇਤਾਂ ਵਿਚ ਮਿਲੀ ਜਿੱਤ ਤੋਂ ਬਾਗੋਬਾਗ ਕਾਂਗਰਸ ਪਾਰਟੀ ਦਾ ਨਿਸ਼ਾਨਾ ਹੁਣ ਮਹਾਨਗਰ ਲੁਧਿਆਣਾ ਹੈ, ਜਿਸ ਨੂੰ ਵੀ ਕਬਜ਼ੇ ਵਿਚ ਕਰਨ ਲਈ ਸਥਾਨਕ ਲੀਡਰਸ਼ਿਪ ਵੱਲੋਂ ਰਣਨੀਤੀ ਤਿਆਰ ਕੀਤੀ ਜਾ ਰਹੀ ਹੈ। ਲੁਧਿਆਣਾ ਦੇ ਚੋਣ ਲੜਨ ਦੇ ਇੱਛੁਕ ਕਾਂਗਰਸੀ ਆਪਣੇ ਆਕਾਵਾਂ ਦੀ ਸ਼ਰਨ ਵਿਚ ਦਿਨ-ਰਾਤ ਚੱਕਰ ਕੱਟਦੇ ਨਜ਼ਰ ਆ ਰਹੇ ਹਨ। ਬੇਸ਼ੱਕ ਮਹਾਨਗਰ ਦੇ ਜ਼ਿਆਦਾਤਰ ਵਾਰਡ ਅਜਿਹੇ ਹਨ, ਜਿੱਥੇ ਚੋਣ ਲੜਨ ਦੇ ਇੱਛੁਕ ਆਗੂਆਂ ਦੀ ਗਿਣਤੀ ਅੱਧਾ ਦਰਜਨ ਤੋਂ ਵੀ ਜ਼ਿਆਦਾ ਹੈ। ਇਸ ਦਾ ਇਕ ਕਾਰਨ ਪੰਜਾਬ ਵਿਚ ਕਾਂਗਰਸ ਦੀ ਸਰਕਾਰ ਬਣਨਾ ਮੰਨਿਆ ਜਾ ਰਿਹਾ ਹੈ। ਕਾਂਗਰਸੀਆਂ ਦਾ ਮੰਨਣਾ ਹੈ ਕਿ ਜਿਸ ਦੀ ਸਰਕਾਰ ਹੈ, ਉਸੇ ਦਾ ਨਗਰ ਨਿਗਮ 'ਤੇ ਕਬਜ਼ਾ ਹੁੰਦਾ ਹੈ, ਜਿਸ ਨੂੰ ਲੈ ਕੇ ਕਾਂਗਰਸ ਦੇ ਵਰਕਰ ਤੋਂ ਲੈ ਕੇ ਅਹੁਦੇਦਾਰ ਵਿੱਚ ਚੋਣ ਲੜਨ ਦੀ ਲਾਲਸਾ ਸਾਫ ਦਿਖਾਈ ਦੇ ਰਹੀ ਹੈ। ਉਕਤ ਆਗੂਆਂ ਵੱਲੋਂ ਆਪਣੇ ਆਪਣੇ ਵਾਰਡਾਂ ਵਿੱਚ ਹੋਰਡਿੰਗਸ ਲਗਾਉਣ ਦੇ ਨਾਲ ਨਾਲ ਸੋਸ਼ਲ ਮੀਡੀਆ 'ਤੇ ਆਪਣੀ ਕਾਰਜਪ੍ਰਣਾਲੀ ਨੂੰ ਜ਼ੋਰਦਾਰ ਢੰਗ ਨਾਲ ਪੇਸ਼ ਕੀਤਾ ਜਾ ਰਿਹਾ ਹੈ। ਚਾਹੇ ਅਜੇ ਲੁਧਿਆਣਾ ਵਿੱਚ ਹੋਣ ਜਾ ਰਹੀਆਂ ਨਿਗਮ ਚੋਣਾਂ ਦੀ ਤਰੀਕ ਦਾ ਐਲਾਨ ਹੋਣਾ ਅਜੇ ਬਾਕੀ ਹੈ ਪਰ ਵਾਰਡਾਂ ਵਿੱਚ ਚੋਣ ਲੜਨ ਦੇ ਦਾਅਵੇਦਾਰਾਂ ਦੀ ਗਿਣਤੀ ਵਿੱਚ ਆਏ ਦਿਨ ਵਾਧਾ ਹੋ ਰਿਹਾ ਹੈ ਜੋ ਕਿ ਸਥਾਨਕ ਲੀਡਰਸ਼ਿਪ ਨੂੰ ਵੀ ਧਰਮਸੰਕਟ ਵਿੱਚ ਪਾ ਸਕਦਾ ਹੈ ਕਿਉਂਕਿ ਟਿਕਟ ਕਿਸੇ ਇੱਕ ਨੂੰ ਮਿਲਣੀ ਹੈ ਅਤੇ ਦਾਅਵੇਦਾਰ ਅਨੇਕਾਂ ਹਨ। ਉਮੀਦਵਾਰਾਂ ਦੀ ਘੋਸ਼ਣਾ ਤੋਂ ਬਾਅਦ ਪਾਰਟੀ ਵਿੱਚ ਬਗਾਵਤ ਦੀ ਚੰਗਿਆੜੀ ਵੀ ਉੱਠ ਸਕਦੀ ਹੈ। ਬਾਕੀ ਆਉਣ ਵਾਲਾ ਸਮਾਂ ਹੀ ਦੱਸੇਗਾ।


Related News